ਕੁਰਸੀ ਤੇ ਬੈਠੀ ਬੱਚਿਆਂ ਦੀਆਂ ਕਾਪੀਆਂ ਚੈਕ ਕਰ ਰਹੀ ਸੀ। ਅਚਾਨਕ ਨਿੱਕੀ ਕਾਜਲ ਮੇਰੇ ਕੋਲ ਆਈ ਅਤੇ ਮੇਰੇ ਵੱਲ ਹੱਥ ਵਧਾ ਕੇ ਆਖਣ ਲੱਗੀ, "ਮੈਡਮ ਤੁਹਾਡੀ ਬਿੰਦੀ।" ਮੈਂ ਆਪਣੇ ਮੱਥੇ ਤੇ ਹੱਥ ਲਾਇਆ ਤਾਂ ਪਤਾ ਲੱਗਿਆ ਕਿ ਮੇਰੀ ਬਿੰਦੀ ਨਹੀਂ ਹੈ, ਸ਼ਾਇਦ ਗਰਮੀ ਕਰਕੇ ਕਿਤੇ ਗਿਰ ਗਈ ਹੋਵੇ।
ਮੈਂ ਉਸਦੇ ਹੱਥ ਤੋਂ ਉਹ ਬਿੰਦੀ ਲੈਕੇ ਥੈਂਕਯੂ ਕਿਹਾ ਅਤੇ ਬਿੰਦੀ ਮੱਥੇ ਤੇ ਦੁਬਾਰਾ ਲਗਾ ਲਈ ਅਤੇ ਉਹ ਮੁਸਕਰਾ ਕੇ ਆਪਣੀ ਸੀਟ ਤੇ ਚਲੀ ਗਈ। ਮੈਨੂੰ ਉਸਦੀ ਇਸ ਮਾਸੂਮਿਅਤ ਤੇ ਬਹੁਤ ਪਿਆਰ ਆਇਆ। ਕਾਜਲ ਨੂੰ ਮੇਰੀ ਬਿੰਦੀ ਨਾਲ ਬਹੁਤ ਮੋਹ ਸੀ। ਜੇ ਕਿਤੇ ਮੈਂ ਬਿੰਦੀ ਨਾ ਲਗਾਉਂਦੀ ਤਾਂ ਉਸੇ ਦਿਨ ਆਖ ਦਿੰਦੀ ਕਿ ਮੈਡਮ ਅੱਜ ਤੁਸੀਂ ਬਿੰਦੀ ਨੀ ਲਗਾਈ।
ਇੱਕ ਦਿਨ ਉਸਦੀ ਮੰਮੀ ਸਕੂਲ ਆਈ ਤੇ ਮੈਨੂੰ ਕਹਿਣ ਲਗੀ ਕਿ ਇਹ ਘਰ ਵਿੱਚ ਹਰ ਰੋਜ਼ ਸਕੂਲ-ਸਕੂਲ ਖੇਡਦੀ ਹੈ। ਮੱਥੇ ਤੇ ਬਿੰਦੀ ਲਾ ਕੇ, ਕੁਰਸੀ ਤੇ ਬਹਿ ਕੇ ਤੁਹਾਡੀ ਹੀ ਨਕਲ ਕਰਦੀ ਹੈ। ਇਹ ਸੁਣ ਮੈਨੂੰ ਬਹੁਤ ਹਾਸੀ ਆਈ ਤੇ ਲੱਗਿਆ ਕਿ ਇਕ ਅਧਿਆਪਕ ਬੱਚੇ ਦਾ ਆਦਰਸ਼ ਹੁੰਦਾ ਹੈ।
ਬਚਪਨ ਵਿੱਚ ਮੈਂ ਵੀ ਸਕੂਲ-ਸਕੂਲ ਤੇ ਘਰ-ਘਰ ਖੇਡਦੀ ਸੀ।ਚੁੰਨੀ ਦੀ ਸਾੜੀ ਲਾ ਕੇ ਕੁਰਸੀ ਤੇ ਬਹਿ ਕੇ ਆਪਣੇ ਅਧਿਆਪਕਾਂ ਦੀ ਨਕਲ ਕਰਦੀ। ਸੋਫ਼ਾ,ਬੈਡ,ਮੇਜ਼,ਰਸੋਈ ਦਾ ਸਾਮਾਨ, ਘਰ ਦਾ ਹੋਰ ਨਿੱਕ-ਸੁੱਕ ਇਸ ਤਰ੍ਹਾਂ ਦੇ ਕਿਨ੍ਹੇ ਸਾਰੇ ਖਿਡੋਣਿਆਂ ਨਾਲ ਮਿਲ ਕੇ ਘਰ-ਘਰ ਖੇਡਦੇ। ਇਹ ਸਭ ਕਦੋਂ ਜ਼ਿੰਦਗੀ ਦੀ ਹਕੀਕਤ ਬਣ ਗਏ ਪਤਾ ਹੀ ਨਾ ਲੱਗਿਆ।