ਸ਼ੇਰ ਸਿੰਘ ਇੱਕ ਕੰਪਨੀ 'ਚ ਕੰਮ ਕਰਦਾ ਸੀ। ਅੱਜ ਉਹ ਉਸ ਕੰਪਨੀ ਤੋਂ ਰਿਟਾਇਰ ਹੋਣ ਜਾ ਰਿਹਾ ਸੀ। ਉਸ ਕੰਪਨੀ ਤੋਂ ਰਿਟਾਇਰ ਹੋਣ ਸਬੰਧੀ ਕੰਪਨੀ ਦੇ ਦਫ਼ਤਰ 'ਚ ਤਿਆਰੀਆਂ ਚੱਲ ਰਹੀਆਂ ਸਨ। ਦਫ਼ਤਰ ਨੂੰ ਖੂਬ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ। ਦਫ਼ਤਰ ਦੇ ਕਰਮਚਾਰੀ ਸ਼ੇਰ ਸਿੰਘ ਨੂੰ ਤੋਹਫਾ ਦੇਣ ਲਈ ਇੱਕ ਤੋਂ ਵਧ ਕੇ ਇੱਕ ਚੀਜ਼ਾਂ ਲਿਆ ਰਹੇ ਸਨ।
ਕੰਪਨੀ ਦਾ ਮੈਨੇਜ਼ਰ ਮਸਤਰਾਮ ਹਾਥੀ, ਸ਼ੇਰ ਸਿੰਘ ਦੇ ਪ੍ਰੋਵੀਡੈਂਟ ਫੰਡ ਦਾ ਚੈੱਕ ਤਿਆਰ ਕਰ ਰਿਹਾ ਸੀ। ਇੱਕ ਸਮਾਰੋਹ 'ਚ ਸ਼ੇਰ ਸਿੰਘ ਨੂੰ ਭਰੇ ਦਿਲ ਨਾਲ ਵਿਦਾਈ ਦਿੰਦਿਆਂ ਮੈਨੇਜ਼ਰ ਮਸਤਰਾਮ ਹਾਥੀ ਨੇ ਚੈੱਕ ਦੇ ਕੇ ਕਿਹਾ, "ਇਸ ਪੈਸੇ ਨੂੰ ਕਿਤੇ ਇਨਵੈਸਟ ਕਰ ਦਿਓ ਇਹ ਤੁਹਾਡੇ ਜੀਵਨ ਭਰ ਦੀ ਕਮਾਈ ਹੈ।" ਸ਼ੇਰ ਸਿੰਘ ਚੈੱਕ ਪਾ ਕੇ ਬਹੁਤ ਖੁਸ਼ ਹੋਇਆ। ਘਰ ਆ ਕੇ ਸ਼ੇਰ ਸਿੰਘ ਨੇ ਆਪਣੀ ਪਤਨੀ ਨੂੰ ਚੈੱਕ ਵਿਖਾਉਂਦੇ ਹੋਏ ਕਿਹਾ, "ਅੱਜ-ਕੱਲ੍ਹ ਸਾਰੇ ਲੋਕ ਆਪਣੀ ਬੱਚਤ ਨੂੰ ਸ਼ੇਅਰ ਬਜ਼ਾਰ 'ਚ ਲਾ ਕੇ ਰਾਤੋ-ਰਾਤ ਮਾਲਾਮਾਲ ਹੋ ਰਹੇ ਹਨ। ਮੈਂ ਵੀ ਆਪਣੀ ਬੱਚਤ ਦੇ ਪੈਸਿਆਂ ਨੂੰ ਸ਼ੇਅਰ ਬਜ਼ਾਰ 'ਚ ਲਾਵਾਂਗਾ।"
"ਸ਼ੇਅਰ 'ਚ ਪੈਸੇ ਲਾਉਣ ਤੋਂ ਪਹਿਲਾਂ ਕਿਸੇ ਜਾਣਕਾਰ ਤੋਂ ਸਲਾਹ ਜ਼ਰੂਰ ਲੈ ਲੈਣਾ, ਅਜਿਹਾ ਨਾ ਹੋਵੇ ਕਿ ਆਪਣਾ ਪੈਸਾ ਡੁੱਬ ਜਾਵੇ" ਪਤਨੀ ਨੇ ਸਮਝਾਉਂਦਿਆਂ ਕਿਹਾ।
"ਮੇਰਾ ਇੱਕ ਦੋਸਤ ਲੰਬੂ ਜਿਰਾਫ ਮੇਰੇ ਤੋਂ ਕੁਝ ਦਿਨ ਪਹਿਲਾਂ ਰਿਟਾਇਰ ਹੋਇਆ ਸੀ। ਉਸ ਨੇ ਆਪਣੇ ਸਾਰੇ ਪੈਸੇ ਸ਼ੇਅਰ ਬਜ਼ਾਰ 'ਚ ਲਾ ਦਿੱਤੇ ਸਨ। ਉਸ ਨੂੰ ਬਹੁਤ ਮੁਨਾਫਾ ਹੋਇਆ, ਮੈਂ ਜਾਣਦਾ ਹਾਂ। ਮੈਂ ਕੱਲ੍ਹ ਹੀ ਉਸ ਕੋਲ ਜਾਵਾਂਗਾ ਅਤੇ ਸ਼ੇਅਰ ਬਜ਼ਾਰ ਬਾਰੇ ਪੁੱਛਗਿੱਛ ਕਰਾਂਗਾ" ਸ਼ੇਰ ਸਿੰਘ ਨੇ ਕਿਹਾ। ਅਗਲੇ ਦਿਨ ਸ਼ੇਰ ਸਿੰਘ ਲੰਬੂ ਜਿਰਾਫ ਦੇ ਘਰ ਗਿਆ।
"ਆਓ ਦੋਸਤ! ਮੇਰੇ ਵਾਂਗ ਹੁਣ ਤੁਸੀਂ ਵੀ ਰਿਟਾਇਰ ਹੋ ਗਏ।" ਲੰਬੂ ਜਿਰਾਫ ਸ਼ੇਰ ਸਿੰਘ ਨੂੰ ਵੇਖ ਕੇ ਖੁਸ਼ ਹੁੰਦਾ ਹੋਇਆ ਬੋਲਿਆ।
ਸ਼ੇਰ ਸਿੰਘ ਨੇ ਸੋਫੇ 'ਤੇ ਬੈਠਦੇ ਹੋਏ ਕਿਹਾ, "ਹਾਂ, ਯਾਰ, ਰਿਟਾਇਰ ਤਾਂ ਹੋ ਗਿਆ ਹਾਂ ਪਰ ਹੁਣ ਮੈਂ ਵੀ ਤੁਹਾਡੇ ਵਾਂਗ ਪੈਸਾ ਸ਼ੇਅਰ ਬਜ਼ਾਰ 'ਚ ਲਾਉਣਾ ਚਾਹੁੰਦਾ ਹਾਂ। ਮੈਂ ਇਸ ਬਾਰੇ ਤੇਰੇ ਤੋਂ ਸਲਾਹ ਲੈਣ ਆਇਆ ਹਾਂ।" ਲੰਬੂ ਜਿਰਾਫ ਕੁਝ ਸੋਚਦਾ ਹੋਇਆ ਬੋਲਿਆ, "ਸਲਾਹ ਲੈਣ ਆਏ ਹੋ ਤਾਂ ਮੇਰੀ ਸਲਾਹ ਇਹੀ ਹੈ ਕਿ ਤੁਸੀਂ ਸ਼ੇਅਰ-ਵੇਅਰ ਦੇ ਚੱਕਰ 'ਚ ਨਾ ਪਓ। ਮੈਂ ਇਸ ਚੱਕਰ 'ਚ ਆਪਣੀ ਸਾਰੀ ਕਮਾਈ ਸ਼ੇਅਰ 'ਚ ਲਾ ਦਿੱਤੀ, ਮੇਰੀ ਮੱਤ ਮਾਰੀ ਗਈ ਸੀ। ਮੇਰੀ ਸਾਰੀ ਕਮਾਈ ਡੁੱਬ ਗਈ। ਤੁਸੀਂ ਆਪਣਾ ਪੈਸਾ ਬੈਂਕ 'ਚ ਫਿਕਸਡ ਡਿਪੋਜ਼ਿਟ ਕਰ ਦਿਓ, ਚੰਗਾ ਵਿਆਜ਼ ਮਿਲੇਗਾ" ਉਸ ਨੇ ਸਲਾਹ ਦਿੱਤੀ।