ਮਨ ਦਾ ਡਰ

ਸ਼ੇਅਰ ਕਰੋ
ਮਨ ਦਾ ਡਰ

ਜੱਸੀ ਇਸ ਗੱਲ ਤੋਂ ਜਾਣੂ ਸੀ ਕਿ ਕਿਸੇ ਨੇ ਵੀ ਉਸ ਦੀ ਇਸ ਗੱਲ ਲਈ ਨਹੀਂ ਸੀ ਮੰਨਣਾ। ਉਹਨੇ ਬੀਬੀ ਨੂੰ ਕਿਹਾ, “ਬੀਬੀ, ਜਾਣ ਦੇ ਨਾ ਮੈਨੂੰ ।" ਸਾਰੇ ਦਿਨ ਦੀ ਸਤੀ ਬੈਠੀ ਬੀਬੀ ਨੇ ਅੰਤ ਤੋੜਾ ਝਾੜ ਹੀ ਦਿੱਤਾ, “ਪੁੱਛ ਲੈ ਫੇਰ ਆਪਣੇ ਬਾਪੂ ਨੂੰ । ਉਹਦੇ ਸਾਹਵੇਂ ਤਾਂ ਮੂੰਹ ਨਹੀਂ ਖੋਲ੍ਹਦਾ ।" ਗੱਲ ਸੱਚ ਵੀ ਸੀ। ਜੱਸੀ ਦਾ ਆਪਣੇ ਪਿਤਾ ਨੂੰ ਦੇਖਦਿਆਂ ਹੀ ਸੰਘ ਸੁੱਕ ਜਾਂਦਾ ਸੀ । ਜਦੋਂ ਉਸ ਦਾ ਪਿਤਾ ਗੁੱਸੇ ਵਿੱਚ ਉੱਚੀ-ਉੱਚੀ ਬੋਲਦਾ ਤਾਂ ਉਹ ਕੰਬ ਜਾਂਦਾ । ਉਹ ਆਪਣੇ ਪਿਤਾ ਨੂੰ ਇਹ ਗੱਲ ਕਿਵੇਂ ਕਹਿ ਸਕਦਾ ਸੀ ।

ਅਸਲ ਵਿੱਚ ਜੱਸੀ ਆਪਣੇ ਪੰਜ ਭੈਣ ਭਰਾਵਾਂ ਵਿੱਚ ਤੀਜੇ ਨੰਬਰ ਉੱਤੇ ਸੀ। ਵੱਡੀ ਭੈਣ ਸਿਮਰਨ ਚਤਾਮਲੀ ਵਿਆਹੀ ਹੋਈ ਸੀ ਅਤੇ ਉਹ ਕਦੇ ਕਦਾਈਂ ਗੇੜਾ ਮਾਰਦੀ । ਜੱਸੀ ਵੀ ਆਪਣੀ ਮਾਂ ਨਾਲ ਕਦੇ ਕਦਾਈਂ ਭੈਣ ਨੂੰ ਮਿਲਣ ਚਲੇ ਜਾਂਦਾ । ਉਸ ਦਾ ਹੁਣ ਉੱਥੇ ਬੜਾ ਜੀਅ ਲੱਗਦਾ । ਇੱਥੋਂ ਤੱਕ ਕਿ ਆਪਣੇ ਨਾਨਕੇ ਪਿੰਡ ਮਕੜੌਨੇ ਵੀ ਉਹ ਜ਼ਿਆਦਾ ਨਾ ਜਾਂਦਾ, ਕਿਉਂਕਿ ਉਹਦੇ ਮਾਮੇ ਦੇ ਦੋਵੇਂ ਮੁੰਡੇ ਹੁਣ ਵੱਡੇ ਹੋ ਚੁੱਕੇ ਸਨ ਅਤੇ ਜੱਸੀ ਨੂੰ ਉਨ੍ਹਾਂ ਦੀਆਂ ਗੱਲਾਂ ਦੀ ਸਮਝ ਹੀ ਨਹੀਂ ਸੀ ਲੱਗਦੀ, ਪਰ ਭੈਣ ਦੇ ਮੁੰਡੇ ਨਾਲ ਉਹ ਪਰਚਿਆ ਰਹਿੰਦਾ । ਉਹ ਨਿੱਕਾ ਜਿਹਾ ਪ੍ਰੀਤ ਵੀ ਉਸ ਨੂੰ ਬਹੁਤ ਪਿਆਰ ਕਰਦਾ ਅਤੇ ਉਹ ਦੋਵੇਂ ਆਪਣੇ ਵਿੱਚ ਮਸਤ ਰਹਿੰਦੇ। ਸਿਮਰਨ ਭੈਣ ਪੜ੍ਹੀ ਲਿਖੀ ਹੋਣ ਕਾਰਨ ਆਪਣੇ ਪਿਤਾ ਨਾਲ ਬੇਝਿਜਕ ਹਰ ਗੱਲ ਕਰ ਲੈਂਦੀ ਸੀ । ਜੱਸੀ ਦਾ ਭਰਾ ਪ੍ਰੀਤ, ਜਿਸ ਨੂੰ ਸਾਰੇ ਗੱਬਰ ਕਹਿੰਦੇ ਸਨ, ਫੈਕਟਰੀ ਵਿੱਚ ਕੰਮ ਕਰਦਾ ਸੀ । 

ਉਹ ਸਾਝਰੇ ਹੀ ਚਲਾ ਜਾਂਦਾ ਅਤੇ ਨ੍ਹੇਰੇ ਹੋਏ ਘਰ ਵੜਦਾ । ਉਹ ਆਪਣੇ ਪਿਤਾ ਨਾਲ ਵੀ ਘੱਟ ਹੀ ਗੱਲ ਕਰਦਾ। ਜੱਸੀ ਹੱਡਾਂ ਪੈਰਾਂ ਦਾ ਖੁੱਲ੍ਹਾ ਸੀ । ਉਂਝ ਤਾਂ ਅਜੇ ਭਾਵੇਂ ਉਹ ਅੱਠਵੀਂ ਹੀ ਪਾਸ ਕਰਕੇ ਮੋਰਿੰਡੇ ਵੱਡੇ ਸਕੂਲ ਵਿੱਚ ਪੜ੍ਹਨ ਲੱਗ ਗਿਆ ਸੀ ਪਰ ਉਹ ਛੋਟਾ ਲੱਗਦਾ ਨਹੀਂ ਸੀ । ਜੱਸੀ ਦੇ ਦੋਵੇਂ ਭਰਾ ਛੋਟੇ ਸਨ ਅਤੇ ਉਹ ਪੜ੍ਹ ਹੀ ਰਹੇ ਸਨ । ਉਨ੍ਹਾਂ ਤੋਂ ਜੱਸੀ ਨੂੰ ਉਂਝ ਵੀ ਕੋਈ ਆਸ ਨਹੀਂ ਸੀ । ਹੁਣ ਜੱਸੀ ਦੀ ਸਾਰੀ ਆਸ ਆਪਣੀ ਵੱਡੀ ਭੈਣ ਸਿਮਰਨ ਉੱਤੇ ਹੀ ਸੀ । ਉਸ ਨੇ ਸੋਚਿਆ ਕਿ ਸਿਮਰਨ ਭੈਣ ਹੀ ਮੇਰੇ ਮਨ ਦੀ ਗੱਲ ਪਿਤਾ ਜੀ ਨਾਲ ਸਾਂਝੀ ਕਰ ਸਕਦੀ ਹੈ। 

ਜੱਸੀ ਦਾ ਪਿਤਾ ਸਖ਼ਤ ਮਿਜਾਜ਼ ਸੀ । ਜਦੋਂ ਉਹ ਗੜ੍ਹਕੇ ਨਾਲ ਬੋਲਦਾ ਤਾਂ ਸਾਹਮਣੇ ਵਾਲੇ ਦੀ ਜ਼ੁਬਾਨ ਥਥਲਾਉਣ ਲੱਗਦੀ । ਫ਼ੌਜ ਵਿੱਚ ਰਿਹਾ ਹੋਣ ਕਾਰਨ ਸਾਰੇ ਉਸ ਦਾ ਸਤਿਕਾਰ ਵੀ ਕਰਦੇ ਸਨ । ਹੁਣ ਤਾਂ ਫ਼ੌਜ ਵਿੱਚੋਂ ਪੈਨਸ਼ਨ ਆਏ ਨੂੰ ਵੀ ਉਸ ਨੂੰ ਕਈ ਸਾਲ ਹੋ ਗਏ ਸਨ ਪਰ ਉਸ ਦੇ ਬੋਲਾਂ ਵਿੱਚ ਫ਼ੌਜ ਵਾਲੀ ਗੜ੍ਹਕ ਅਤੇ ਮੜ੍ਹਕ ਕਾਇਮ ਸੀ । ਉਹ ਮਾਵਾ ਲੱਗੀ ਪੱਗ ਬੰਨ੍ਹ ਕੇ ਸਾਰਾ ਦਿਨ ਅਖ਼ਬਾਰ ਪੜ੍ਹਦਾ ਰਹਿੰਦਾ ਅਤੇ ਲੋਕਾਂ ਉੱਤੇ ਖ਼ਬਰਾਂ ਪੜ੍ਹ-ਪੜ੍ਹ ਕੇ ਤਵੇ ਲਾਉਂਦਾ ਰਹਿੰਦਾ। ਹਰ ਕੋਈ ਉਸ ਨਾਲ ਪੰਗਾ ਲੈਣੋਂ ਝਿਜਕਦਾ ਕਿਉਂ ਜੋ ਕੋਈ ਪਤਾ ਨਹੀਂ ਸੀ ਕਿ ਉਸ ਨੇ ਕਿਸ ਮੌਕੇ ਕਿਹੋ ਜਿਹੀ ਗੱਲ ਕਹਿ ਦੇਣੀ ਹੈ। 

ਇਹੋ ਸੰਸਾ ਜੱਸੀ ਨੂੰ ਵੀ ਸੀ ਅਤੇ ਉੱਧਰੋਂ ਦਿਨ ਵੀ ਨੇੜੇ ਆ ਰਿਹਾ ਸੀ । ਉਸ ਨੇ ਕਈ ਵਾਰ ਮਾਂ ਨੂੰ ਚਤਾਮਲੀ ਜਾਣ ਲਈ ਕਿਹਾ ਪਰ ਘਰ ਦੇ ਝਮੇਲਿਆਂ ਵਿੱਚੋਂ ਮਾਂ ਨੂੰ ਫੁਰਸਤ ਕਿੱਥੇ? ਜੱਸੀ ਜਾਵੇ ਤਾਂ ਕਿੱਥੇ ਜਾਵੇ? ਉਹਦਾ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗਦਾ, ਕਿਤੇ ਇੰਝ ਹੀ ਸੋਚਾਂ ਵਿੱਚ ਟਾਈਮ ਨਾ ਲੰਘ ਜਾਵੇ।

ਉਸ ਦੇ ਮਾਸਟਰ ਬਲਵਿੰਦਰ ਸਿੰਘ ਨੇ ਇਕੇਰਾਂ ਤਾੜ ਕੇ ਕਿਹਾ ਵੀ ਸੀ, “ਓਏ ਜੱਸੀ, ਤੂੰ ਨਾਂ ਲਿਖਾਤਾ? ਦੇਖੀਂ ਕਿਤੇ ਮੇਰੀ ਬੇਇੱਜ਼ਤੀ ਨਾ ਕਰਾ ਦੀਂ ।” “ਹਾਂ ਜੀ, ਹਾਂ ਜੀ ।” ਉਹਨੇ ਘਬਰਾ ਕੇ ਝੂਠ ਹੀ ਕਹਿ ਦਿੱਤਾ। ਮਗਰੋਂ ਉਸ ਨੂੰ ਇਸ ਗੱਲ ਦਾ ਪਛਤਾਵਾ ਵੀ ਹੋਇਆ ਕਿ ਉਸ ਨੇ ਆਪਣੇ ਮਨਪਸੰਦ ਅਧਿਆਪਕ ਅੱਗੇ ਝੂਠ ਬੋਲਿਆ ਹੈ । 

ਅਜੇ ਉਹ ਇਸ ਉਧੇੜਬੁਣ ਵਿੱਚ ਹੀ ਸੀ ਕਿ ਰੱਖੜੀਆਂ ਦਾ ਤਿਉਹਾਰ ਆ ਗਿਆ। ਇਸ ਬਾਬਤ ਤਾਂ ਜੱਸੀ ਦੇ ਮਨ ਵਿੱਚ ਚੇਤਾ ਵੀ ਨਹੀਂ ਸੀ ਕਿਉਂਕਿ ਉਹ ਆਪਣੀ ਹੀ ਸਮੱਸਿਆ ਵਿੱਚ ਉਲਝਿਆ ਹੋਇਆ ਸੀ । ਜੱਸੀ ਦੇ ਭਾਣੇ ਤਾਂ ਜਿਵੇਂ ਚੰਦ ਚੜ੍ਹ ਪਿਆ ਹੋਵੇ। ਉਹਦਾ ਖ਼ੁਸ਼ੀ ਵਿੱਚ ਸਾਹ ਨਹੀਂ ਸੀ ਰਲ ਰਿਹਾ ਅਤੇ ਉਹਨੇ ਸਹੀ ਟਾਈਮ ਜਿਹਾ ਦੇਖ ਕੇ ਸਿਮਰਨ ਭੈਣ ਨੂੰ ਸਾਰੀ ਗੱਲ ਦੱਸ ਦਿੱਤੀ । ਸਿਮਰਨ ਵੀ ਸਾਰੀ ਗੱਲ ਆਪਣੇ ਪਿਤਾ ਜੀ ਨੂੰ ਦੱਸ ਕੇ ਆਪ ਚਤਾਮਲੀ ਚਲੇ ਗਈ । 

ਜੱਸੀ ਜਦੋਂ ਆਪਣੀ ਭੈਣ ਨੂੰ ਟੈਂਪੂ ਚੜ੍ਹਾ ਕੇ ਘਰ ਆਇਆ ਤਾਂ ਮਾਂ ਨੇ ਕਿਹਾ ਕਿ ਉਹਦਾ ਪਿਤਾ ਉਹਨੂੰ ਚੁਬਾਰੇ ਵਿੱਚ ਬੁਲਾ ਰਿਹਾ ਹੈ। ਉਹ ਘਬਰਾ ਗਿਆ । ਪੌੜੀਆਂ ਉਸ ਤੋਂ ਹੌਲੀ-ਹੌਲੀ ਚੜ੍ਹ ਹੋ ਰਹੀਆਂ ਸਨ । ਉਸ ਦਾ ਪਿਤਾ ਉਸ ਨੂੰ ਦੇਖਦਿਆਂ ਹੀ ਬੋਲਿਆ: "ਜੱਸੀ, ਸਿਮਰਨ ਕਹਿ ਰਹੀ ਸੀ ਕਿ ਤੂੰ ਛਿੰਝ ਵਿੱਚ ਘੁਲਣ ਜਾਣੈ । ਓਏ ਝੱਲਿਆ, ਮੈਂ ਵੀ ਕਦੇ ਘੁਲਦਾ ਰਿਹਾਂ ਪਰ ਨੌਕਰੀ ਦੇ ਚੱਕਰ ਨੇ ਸਭ ਛੁਡਾ-ਛਡੂ ਦਿੱਤਾ । ਕਦੇ-ਕਦੇ ਤਾਂ ਇੰਨਾ ਉਬਾਲ ਜਿਹਾ ਉੱਠਦਾ ਬਈ ਮੇਰੇ ਤੋਂ ਇਹ ਸਭ ਕਿਉਂ ਨਹੀਂ ਹੋਇਆ। ਤੂੰ ਜਾ ਤੇ ਜਾ ਕੇ ਮੇਰਾ ਸੁਪਨਾ ਪੂਰਾ ਕਰ ।" 

“ਸੱਚ ਪਾਪਾ।” ਜੱਸੀ ਦਾ ਮੂੰਹ ਸੁਣ ਕੇ ਖੁੱਲ੍ਹੇ ਦਾ ਖੁੱਲ੍ਹਾ ਹੀ ਰਹਿ ਗਿਆ ਅਤੇ ਉਹ ਇਹ ਖ਼ਬਰ ਦੱਸਣ ਲਈ ਸਕੂਲ ਵੱਲ ਭੱਜ ਲਿਆ ।