ਮੰਜ਼ਿਲ

ਸ਼ੇਅਰ ਕਰੋ
a punjabi man sitting with a police man in a bus

ਇੱਕ ਲੜਕਾ ਅਜੀਬ ਜਿਹੀਆਂ ਹਰਕਤਾਂ ਕਰਦਾ ਹੁੰਦਾ ਸੀ ਜਿਵੇਂ ਕਿਸੇ 'ਤੇ ਬਹੁਤ ਹੀ ਜਿਆਦਾ ਗੁੱਸੇ ਹੋਵੇ । ਹਰ ਪੁਲਿਸ ਵਾਲੇ ਨੂੰ ਇੱਕੋ ਹੀ ਸਵਾਲ ਕਰਦਾ (ਜੋ ਵੀ ਉਸਨੂੰ ਮਿਲਦਾ), ਸਰ, ਕੀ ਤੁਸੀਂ ਡਰਿੰਕ (ਸ਼ਰਾਬ ਪੀਨੇ ਹੋ ) ਕਰਦੇ ਹੋ? ਜੇ ਸਾਹਮਣੇ ਵਾਲੇ ਦਾ ਜਵਾਬ ਹਾਂ ਵਿੱਚ ਹੁੰਦਾ ਤਾਂ ਲੜਕਾ ਉਸਦੀ ਖੂਬ ਕਲਾਸ ਲਾਉਂਦਾ 'ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ, ਤੁਸੀਂ ਲੋਕਾਂ ਨੂੰ ਕੀ ਸਮਝਾਉਂਗੇ ਜਦ ਤੁਸੀਂ ਖੁਦ ਹੀ ਇੱਕ ਸ਼ਰਾਬੀ ਹੋ।' ਤੁਹਾਡਾ ਫਰਜ ਹੈ ਲੋਕਾਂ ਦੇ ਜੀਵਨ ਦੀ ਰੱਖਿਆ ਕਰਨਾ ਪਰ ਤੁਸੀਂ ਕਿਸੇ ਦੀ ਕੀ ਮੱਦਦ ਕਰੋਗੇ।

ਤੁਹਾਡਾ ਤਾਂ ਖੁਦ ਦਾ ਜੀਵਨ ਹੀ ਅਸੁਰੱਖਿਅਤ ਹੈ। ਤੁਸੀਂ ਇਸ ਵਰਦੀ ਦੇ ਯੋਗ ਨਹੀਂ ਹੋ। ਹਰ ਪੁਲਿਸ ਵਾਲੇ ਨੂੰ ਇਹੀ ਸਮਝਾਉਂਦਾ । ਫੇਰ ਪੁਲਿਸ ਵਾਲਾ ਕੀ ਸਮਝਾਉਂਦਾ! ਇਹ ਆਪਾਂ ਸਾਰੇ ਜਾਣਦੇ ਹਾਂ । ਵਿਚਾਰੇ ਨੂੰ ਬਹੁਤ ਮਾਰ ਪੈਂਦੀ, ਹਰ ਵਾਰ ਮਾਰ ਪੈਂਦੀ। ਮਾਰ ਖਾ ਕੇ ਬੋਲਦਾ ਕੁਝ ਨਾ ਬੱਸ ਗਿਣਤੀ ਨੋਟ ਕਰ ਲੈਂਦਾ, ਉਹਨਾਂ ਲੋਕਾਂ ਦੀ ਜਿਨ੍ਹਾਂ ਤੋਂ ਹੁਣ ਤੱਕ ਉਸ ਨੇ ਮਾਰ ਖਾਧੀ ਸੀ। ਇਸ ਤਰ੍ਹਾਂ ਕਾਫੀ ਸਮਾਂ ਗੁਜ਼ਰ ਗਿਆ। ਉਸ ਦੀ ਗਿਣਤੀ ਹੁਣ ਤੱਕ 99 ਹੋ ਚੁੱਕੀ ਸੀ ।

ਅੱਜ ਦਾ ਦਿਨ ਸ਼ੁਰੂ ਹੋ ਗਿਆ ਸੀ । ਹਰ ਰੋਜ਼ ਦੀ ਤਰ੍ਹਾਂ ਤਿਆਰ ਹੋ ਕੇ ਆਪਣੇ ਕੰਮ ਨੂੰ ਚੱਲ ਪਿਆ, ਸਾਰਾ ਦਿਨ ਵਧੀਆ ਲੰਘ ਗਿਆ। ਕਿਉਂਕਿ ਹੁਣ ਤੱਕ ਉਸ ਨੂੰ ਕੋਈ ਪੁਲਿਸ ਵਾਲਾ ਨਹੀਂ ਮਿਲਿਆ ਤੇ ਮਾਰ ਤੋਂ ਬਚਿਆ ਰਿਹਾ। ਪਰ ਜਦ ਸ਼ਾਮ ਹੋਈ ਉਹ ਆਪਣੇ ਘਰ ਜਾਣ ਲਈ ਬੱਸ ਵਿੱਚ ਬੈਠਿਆ ਤਾਂ ਇੱਕ ਪੁਲਿਸ ਵਾਲਾ ਵੀ ਆ ਕੇ ਬੱਸ ਵਿੱਚ ਬੈਠ ਗਿਆ। ਆਪਣਾ ਹੀਰੋ ਜੋ ਆਦਤ ਤੋਂ ਮਜ਼ਬੂਰ ਸੀ, ਆਖਰ ਪੁੱਛੇ ਬਿਨਾਂ ਕਿਵੇਂ ਰਹਿ ਸਕਦਾ ਸੀ? ਫਿਰ ਉਸ ਨੇ ਉਹੀ ਸਵਾਲ ਪੁੱਛਣਾ ਸ਼ੁਰੂ ਕੀਤਾ, ਜੋ ਉਹ ਹਰ ਪੁਲਿਸ ਵਾਲੇ ਨੂੰ ਪੁੱਛਦਾ ਸੀ, "ਸਰ, ਕੀ ਤੁਸੀਂ ਸ਼ਰਾਬ ਪੀਂਦੇ ਹੋ?" ਉਸਦੇ ਕਰਮਾਂ ਨੂੰ ਜਵਾਬ ਹਾਂ ਵਿੱਚ ਹੀ ਮਿਲਿਆ। ਫਿਰ ਉਸ ਨੇ ਪੁਲਿਸ ਵਾਲੇ ਨੂੰ ਲਾਹਨਤਾਂ ਪਾਉਣੀਆਂ ਸ਼ੁਰੂ ਕੀਤੀਆਂ। ਸਾਰੀਆਂ ਸਵਾਰੀਆਂ ਦੋਵਾਂ ਵੱਲ ਧਿਆਨ ਨਾਲ ਦੇਖ ਰਹੀਆਂ ਸਨ। ਜਿਵੇਂ ਕਿਸੇ ਫੈਸਲੇ ਦਾ ਇੰਤਜਾਰ ਕਰ ਰਹੀਆਂ ਹੋਣ। ਪੁਲਿਸ ਅਫਸਰ ਨੂੰ ਲੱਗਿਆ ਜਿਵੇਂ ਉਸ ਨੂੰ ਕੁਝ ਕਹਿਣ ਦਾ ਮੌਕਾ ਮਿਲ ਗਿਆ ਹੋਵੇ।

ਉਸ ਨੇ ਬੜੀ ਨਿਮਰਤਾ ਨਾਲ ਕਿਹਾ ਕਿ ਮੈਂ ਤੇਰੇ ਤੋਂ ਮੁਆਫੀ ਮੰਗਦਾ ਹਾਂ ਤੇ ਸ਼ਰਮਿੰਦਾ ਵੀ ਹਾਂ ਕਿ ਮੈਂ ਆਪਣੇ ਫਰਜ ਦਾ ਸਹੀ ਇਸਤੇਮਾਲ ਨਹੀਂ ਕਰਦਾ। ਮੈਂ ਅੱਜ ਤੋਂ ਤੇਰੇ ਨਾਲ ਅਤੇ ਖੁਦ ਦੇ ਨਾਲ ਇਹ ਵਾਅਦਾ ਕਰਦਾ ਹਾਂ ਕਿ ਮੈਂ ਕਦੇ ਵੀ ਨਸ਼ੇ ਦਾ ਸੇਵਨ ਨਹੀਂ ਕਰਾਂਗਾ ਅਤੇ ਜਿੱਥੋਂ ਤੱਕ ਹੋ ਸਕਿਆ ਆਪਣੇ ਡਿਪਾਰਟਮੈਂਟ ਦੇ ਮੈਂਬਰਾਂ ਨੂੰ ਵੀ ਰੋਕਾਂਗਾ। ਇੱਕ ਪੁਲਿਸ ਵਾਲੇ ਦੇ ਮੂੰਹੋਂ ਇੰਨਾ ਸੁਣਨ ਤੋਂ ਬਾਅਦ ਉਹ ਲੜਕਾ ਇੱਕ ਬਹੁਤ ਹੀ ਖੂਬਸੂਰਤ ਹਾਸਾ ਹੱਸਿਆ ਜਿਵੇਂ ਕੋਈ ਮੰਜਿਲ ਹਾਸਲ ਕਰ ਲਈ ਹੋਵੇ। ਜਿਸ ਦਾ ਇੰਤਜਾਰ ਉਹ ਕਾਫੀ ਸਮੇਂ ਤੋਂ ਕਰ ਰਿਹਾ ਹੋਵੇ। ਇਸੇ ਹੀ ਹਾਸੇ ਨਾਲ ਉਸ ਦਾ ਉਸੇ ਬੱਸ ਵਿੱਚ ਆਪਣਾ ਇੱਕ ਤਰ੍ਹਾਂ ਦਾ ਆਖਰੀ ਸਫਰ ਖਤਮ ਹੋ ਗਿਆ ਸੀ।

ਉਸਦਾ ਚਿਹਰਾ ਇਸ ਤਰ੍ਹਾਂ ਚਮਕ ਰਿਹਾ ਸੀ ਜਿਵੇਂ ਕੋਈ ਯੋਧਾ ਜੰਗ ਜਿੱਤ ਕੇ ਆਇਆ ਹੋਵੇ। ਇੱਕ ਅਜੀਬ ਚਮਕ ਸੀ ਉਸ ਹੀਰੋ ਦੇ ਮੁੱਖ 'ਤੇ। ਸ਼ਾਇਦ ਉਸਨੇ ਆਪਣੀ ਮਿਹਨਤ ਨਾਲ ਆਪਣੀ ਮੰਜਿਲ ਅੱਜ ਪ੍ਰਾਪਤ ਕੀਤੀ ਸੀ।

📝 ਸੋਧ ਲਈ ਭੇਜੋ