ਲਿਖਣ ਦੀ ਨੀਂਹ ਬਚਪਨ ਵਿੱਚ ਹੀ ਰੱਖੀ ਗਈ ਸੀ। ਹੋਸਟਲ ਵਿੱਚ ਰਹਿੰਦੀ ਸੀ ਤਾਂ ਬਹੁਤ ਵੱਡੀਆਂ ਵੱਡੀਆਂ ਚਿੱਠੀਆਂ ਘਰ ਨੂੰ ਲਿਖ ਲਿਖ ਭੇਜਦੀ ਸੀ ਕਿਉਂਕਿ ਸਾਡੇ ਵੇਲਿਆਂ ਵਿੱਚ ਫ਼ੋਨ ਨਹੀਂ ਸੀ ਹੁੰਦੇ ਅਤੇ ਫਿਰ ਡਾਇਰੀ ਲਿਖਣ ਦੀ ਆਦਤ ਪੈ ਗਈ। ਬਹੁਤ ਸਾਰੀਆਂ ਯਾਦਾਂ ਮੇਰੀ ਡਾਇਰੀ ਵਿੱਚ ਕੈਦ ਨੇ ਜਿਹਨਾਂ ਨੂੰ ਪੜ੍ਹ ਕੇ ਰੂਹ ਸ਼ਰਸਾਰ ਹੋ ਜਾਂਦੀ ਹੈ।
ਇੱਕ ਘਟਨਾ ਮੇਰੀ ਡਾਇਰੀ ਵਿਚੋਂ-
ਇਕ ਦਿਨ ਮੈਂ ਆਪਣੇ ਚਾਰ ਸਾਲ ਦੇ ਪੁੱਤਰ ਗੁਰਨਾਜ਼ ਨੂੰ ਉਸਦੇ ਵਧੇ ਹੋਏ ਨਹੁੰ ਕਟਵਾਉਣ ਲਈ ਵਾਰ ਵਾਰ ਕਹਿ ਰਹੀ ਸੀ ਪਰ ਓਹ ਖੇਡਣ ਵਿੱਚ ਮਸਤ ਸੀ। ਕੁਝ ਸਮੇਂ ਬਾਅਦ ਉਹ ਨਹੁੰ ਕਟਵਾਉਣ ਲਈ ਰਾਜ਼ੀ ਹੋ ਗਿਆ। ਮੈਂ ਉਸਨੂੰ ਨਹੁੰ ਕੱਟਣ ਦੇ ਫਾਇਦੇ ਦੱਸਦੇ ਹੋਏ ਕਹਿਣਾ ਸ਼ੁਰੂ ਕੀਤਾ ਕਿ ਵਧੇ ਹੋਏ ਨਹੁੰਆਂ ਵਿਚ ਗੰਦਗੀ ਫਸ ਜਾਂਦੀ ਹੈ ਅਤੇ ਰੋਟੀ ਖਾਂਦੇ ਹੋਏ ਸਾਡੇ ਹੱਥਾਂ ਰਾਹੀ ਪੇਟ ਵਿਚ ਚਲੀ ਜਾਂਦੀ ਹੈ ਅਤੇ ਅਸੀਂ ਬਿਮਾਰ ਹੋ ਜਾਂਦੇ ਹਾਂ।
ਉਹ ਬਹੁਤ ਧਿਆਨ ਨਾਲ ਮੇਰੀ ਗੱਲ ਸੁਣ ਰਿਹਾ ਸੀ। ਉਸਨੇ ਵਿਚੋਂ ਹੀ ਮੈਨੂੰ ਟੋਕ ਕੇ ਕਿਹਾ ਮੈਨੂੰ ਇਕ ਗੱਲ ਸਮਝ ਨਹੀਂ ਆਈ ਕਿ ਜੇ ਵਧੇ ਹੋਏ ਨਹੁੰਆਂ ਕਰਕੇ ਅਸੀਂ ਬਿਮਾਰ ਹੋ ਸਕਦੇ ਹਾਂ ਤਾਂ ਸਾਡੇ ਮੈਡਮ ਕਿਉਂ ਏਨੇ ਵੱਡੇ ਵੱਡੇ ਨਹੁੰ ਵਧਾ ਕੇ ਰੱਖਦੇ ਹਨ। ਕੀ ਉਹਨਾਂ ਨੂੰ ਇਹ ਗੱਲ ਪਤਾ ਨਹੀਂ।
ਸਾਡੇ ਸਭ ਦੇ ਉਹ ਰੋਜ਼ ਨਹੁੰ ਚੈੱਕ ਕਰਦੇ ਹਨ ਪਰ ਆਪ ਆਪਣੇ ਨਹੁੰ ਕਦੇ ਕੱਟਦੇ ਨਹੀਂ। ਮੈਂ ਹੈਰਾਨ ਹੋ ਕੇ ਉਸਦਾ ਮੂੰਹ ਤੱਕਣ ਲੱਗੀ ਤੇ ਉਹ ਨਹੁੰ ਕਟਵਾ ਕੇ ਫਿਰ ਖੇਡਣ ਵਿੱਚ ਮਸਤ ਹੋ ਗਿਆ।
ਖੁਦ ਇੱਕ ਅਧਿਆਪਕ ਹੋਣ ਕਰਕੇ ਮੈਂ ਇਹ ਸੋਚਣ ਲਈ ਮਜ਼ਬੂਰ ਹੋ ਗਈ ਕਿ ਇੱਕ ਅਧਿਆਪਕ ਦੀ ਸਖਸ਼ੀਅਤ ਦਾ ਵਿਦਿਆਰਥੀ ਤੇ ਕਿੰਨਾ ਡੂੰਘਾ ਅਸਰ ਪੈਂਦਾ ਹੈ। ਉਹ ਵਿਦਿਆਰਥੀਆਂ ਦਾ ਪ੍ਰੇਰਨਾ ਸਰੋਤ ਹੁੰਦਾ ਹੈ। ਅਧਿਆਪਕ ਦੀ ਨਿੱਜੀ ਜ਼ਿੰਦਗੀ ਵੀ ਉਸਦੇ ਅਧਿਆਪਨ ਨਾਲ ਆ ਜੁੜਦੀ ਹੈ। ਆਪਣੇ ਮਨਾਂ ਅੰਦਰ ਝਾਤੀ ਮਾਰੀਏ ਕਿ ਜੇਕਰ ਅਸੀਂ ਬੱਚਿਆਂ ਨੂੰ ਕੋਈ ਉਪਦੇਸ਼ ਦਿੰਦੇ ਹਾਂ, ਕੀ ਅਸੀਂ ਖੁਦ ਉਸ ਵਿਚ ਪੂਰਾ ਉਤਰ ਰਹੇ ਹਾਂ।