ਕੀ ਕਰਨੀ ਆ ਇਕ ਹੋਰ ਕੁੜੀ??
ਪਹਿਲਾਂ ਈ ਥੱਬਾ ਕੁੜੀਆਂ ਦਾ ਲਈ ਬੈਠੀ ਏਂ ਤੂੰ। ਇਹ ਗੱਲ ਸੁਣਦਿਆਂ ਹੀ ਉਸਨੂੰ ਜੰਮਣ ਵਾਲੀ ਨੇ ਵੀ ਅੱਕ ਕੇ ਕਿਹਾ, ਮੇਰਾ ਕਿਹੜਾ ਜੀ ਕਰਦਾ ਆ ਇਹ ਤਾਂ ਬਸ ਇਕ ਉਮੀਦ ਆ ਖੌਰੇ ਇਸ ਵਾਰ ਰੱਬ ਬੌੜ ਜਾਵੇ ਅਤੇ ਮੇਰੀ ਝੋਲੀ ਪੁੱਤਰ ਪਾ ਦੇਵੇ। ਰੱਬ ਦਾ ਕੀ ਪਤਾ ਤੂੰ ਟੈਸਟ ਕਰਵਾ ਲਈ ਜੇਕਰ ਕੁੜੀ ਹੋਈ ਤੂੰ ਕੀ ਕਰਨੀ ਆ ਸਫਾਈ ਕਰਵਾ ਦੇਵੀਂ। ਬੀਜੀ ਨੇ ਪੂਰਾ ਖਿਝ ਕੇ ਕਿਹਾ।।
ਇਹ ਸਭ ਮੈਂ ਕੋਲ ਬੈਠੀ ਸੁਣ ਰਹੀ ਸੀ ਅਤੇ ਸੋਚ ਰਹੀ ਸੀ ਕਿ, ਕੀ ਮਾੜਾ ਹੈ ਜੇਕਰ ਇਕ ਹੋਰ ਕੁੜੀ ਆ ਜਾਊਗੀ। ਮੈਂ ਤੇ ਸੁਪਨੇ ਸਜਾਉਣੇ ਸ਼ੁਰੂ ਵੀ ਕਰ ਦਿੱਤੇ ਕਿ ਜਦ ਨਿੱਕੀ ਭੈਣ ਆਊਗੀ ਮੈਂ ਓਸਦੇ ਸੋਹਣੇ ਸੋਹਣੇ ਕੱਪੜੇ ਪਾਉਂਗੀ। ਉਸਨੂੰ ਚੱਕ ਕੇ ਘੁੰਮਿਆ ਕਰਾਂਗੀ। ਉਸ ਨੂੰ ਆਪਣੇ ਨਾਲ਼ ਸਕੂਲ ਲੈ ਕੇ ਜਾਇਆ ਕਰੂੰਗੀ।
ਮੈਨੂੰ ਧੁੰਦਲਾ ਜਾ ਚੇਤੇ ਆ ਕਿ ਡਾਕਟਰ ਨੇ ਕਹਿ ਦਿੱਤਾ ਸੀ ਸਫ਼ਾਈ ਕਰਵਾਉਣ ਨਾਲ ਮਾਂ ਦੀ ਜਾਣ ਨੂੰ ਖ਼ਤਰਾ ਆ। ਇਸ ਲਈ ਸੋਚਦੇ ਵਿਚਾਰਦੇ ਨੌ ਮਹੀਨੇ ਲੰਘ ਗਏ ਤੇ ਮੈਂ ਖੇਡ ਕਿ ਜਦ ਘਰ ਆਈ ਤਾਂ ਮੈਨੂੰ ਕਿਸੇ ਨੇ ਕਮਰੇ ਵਿੱਚ ਨਹੀਂ ਜਾਣ ਦਿੱਤਾ ਤੇ ਬੋਲਿਆ ਕੇ ਜਾ ਕੁੜੀਏ ਤੂੰ ਬਾਹਰ ਖੇਡ। ਮੈਂ ਬਾਹਰ ਨਿਕਲਦਿਆਂ ਸੁਣਿਆ ਕਿ ਕੋਈ ਬਿਮਾਰ ਆ । ਮੈਂ ਨਿਆਣ ਮੱਤ ਫ਼ੇਰ ਖੇਡਣ ਤੁਰ ਗਈ। ਜਦ ਸ਼ਾਮ ਨੂੰ ਘਰ ਆਈ ਤਾਂ ਬੀਜ਼ੀ ਇਕ ਨਿੱਕਾ ਨਿਆਣਾ ਲਈ ਬੈਠੀ ਸੀ। ਮੈਂ ਪੁੱਛਿਆ ਕਿ ਕਾਕਾ ਕਿਸਦਾ ਇਹ। ਸਭ ਦੇ ਉੱਤਰੇ ਜਿਹੇ ਚੇਹਰੇ ਕੋਈ ਜਵਾਬ ਹੀ ਨਾ ਦੇਵੇ ਮੈਨੂੰ। ਬੀਜੀ ਨੇ ਕਿਹਾ ਕੁੜੇ ਤੁਹਾਡੀ ਈ ਆ। ਮੈਂ ਉੱਚੀ ਜਿਹੀ ਟੱਪ ਕੇ ਕਿਹਾ ਹੈਂ ਸੱਚੀ ਆਪਣਾ ਈ ਆ ਕਾਕਾ। ਮੇਰਾ ਤੇ ਖੁਸ਼ੀ ਨਾਲ ਧਰਤੀ ਪੱਬ ਨਾ ਲੱਗੇ। ਮੈਨੂੰ ਮਨ ਹੀ ਮਨ ਮਹਿਸੂਸ ਹੋਇਆ ਜਿਵੇਂ ਮੇਰਾ ਕੋਈ ਆਪਣਾ ਦੁਨੀਆ ਤੇ ਆਇਆ ਹੈ। ਮੈਂ ਤੇ ਭੱਜ ਕੇ ਕਾਜੀ ਕੋਲ਼ ਗਈ ਆਪਣੀ ਪਰੀ ਦਾ ਨਾਮ ਕਢਵਾਉਣ ਲਈ।
ਕੋਈ ਕਹੇ ਇਹ ਨਹੀਂ ਬਚਦੀ ਕਮਜ਼ੋਰ ਬੜੀ ਆ, ਮਰ ਜਾਊਗੀ।
ਮੈਂ ਤੇ ਇਕ ਨਾ ਸੁਣੀ ਕਿਸੇ ਦੀ। ਕਦੀ ਉਸਦੇ ਨਿੱਕੇ ਨਿੱਕੇ ਹੱਥ ਵੇਖਾਂ ਤੇ ਕਦੀ ਪੈਰ। ਕਦੀ ਉਸਨੂੰ ਹਸਾ ਹਸਾ ਕੇ ਵੇਖਾਂ ਅਤੇ ਖੁਸ਼ ਹੋਵਾਂ । ਦਿਨਾਂ ਵਿੱਚ ਹੀ ਉਸ ਨੰਨ੍ਹੀ ਜਾਣ ਦਾ ਸਭ ਨਾਲ਼ ਪਿਆਰ ਪੈ ਗਿਆ। ਪਰ ਉਸਤੋਂ ਉਮਰ ਵਿੱਚ ਦਸ ਬਾਰਾਂ ਸਾਲ ਵੱਡੀ ਹੋਣ ਕਰਕੇ ਉਸਨੂੰ ਸੰਭਾਲਣ ਦੀ ਜ਼ਿੰਮੇਵਾਰੀ ਮੈਂ ਆਪ ਮੁਹਾਰੇ ਹੀ ਚੱਕ ਲਈ।
ਉਸਨੂੰ ਸਾਰਾ ਸਾਰਾ ਦਿਨ ਗੋਦੀ ਚੁੱਕ ਕੇ ਤੁਰੇ ਫਿਰਨਾ। ਉਸਨੂੰ ਕੋਸਾ ਕਰ ਕਰ ਕੇ ਬੋਤਲ ਨਾਲ ਦੁੱਧ ਪਿਲਾਉਣਾ ਲੈ ਗਏ ਸੀ ਸਾਲ਼ ਕ ਲਈ, ਪਰ ਮੈਂ ਜਦ ਨਾਨਕੇ ਗਈ ਤਾਂ ਰੋ ਕੁਰਲਾ ਕੇ ਉਸਨੂੰ ਆਪਣੇ ਨਾਲ਼ ਪਿੰਡ ਲਿਆਈ। ਮੇਰੀ ਉਹ ਛੋਟੀ ਭੈਣ ਮੈਨੂੰ ਸਭ ਤੋਂ ਪਿਆਰੀ ਸੀ। ਹੌਲੀ ਹੌਲੀ ਉਹ ਸਕੂਲ ਵੀ ਜਾਣ ਲੱਗ ਗਈ। ਓਸਦੇ ਵੱਡੀ ਹੋਣ ਨਾਲ ਨਾਲ ਮੈਂ ਹਰ ਦਿਨ ਓਸ ਬਾਰੇ ਸੋਚਣਾ।
ਮੈਂ ਮਨ ਹੀ ਮਨ ਵਿਚਾਰ ਲਿਆ ਕਿ ਜਿਹੜੀ ਰੀਝ ਮੇਰੀ ਪੂਰੀ ਨਹੀਂ ਹੋਈ ਉਹ ਸਭ ਮੈਂ ਇਸਨੂੰ ਜਰੂਰ ਦੇਵਾਂਗੀ। । ਮੈਂ ਸੋਚਿਆ ਮੈਂ ਇਸਦੇ ਹਰੇਕ ਸੁਪਨੇ ਨੂੰ ਖੰਭ ਲਗਾਵਾਂਗੀ। ਮੈਨੂੰ ਸਾਰਾ ਦਿਨ ਹੱਸਣ ਖੇਡਣ ਲਈ ਇਕ ਸਾਥੀ ਮਿਲ ਗਿਆ ਅਤੇ ਜ਼ਿੰਦਗੀ ਦਾ ਇਕ ਨਿਸ਼ਾਨਾ ਵੀ ਮਿਲ ਗਿਆ ਸੀ।
ਏਦਾ ਹੀ ਹੋਇਆ ਮੈਂ ਉਸਨੂੰ ਜੀਵਨ ਜਿਊਣ ਦੀ ਪੂਰੀ ਜਾਂਚ ਦਿੱਤੀ। ਉਸਦੀ ਖੁਸ਼ੀ ਲਈ ਹਰ ਹੱਦ ਤੱਕ ਜਾ ਕਿ ਉਸਨੂੰ ਸਹੂਲਤ ਦਿੱਤੀ। ਇਕ ਦਿਨ ਐਸਾ ਆਇਆ ਕੇ ਮੇਰੀ ਪਰੀ ਦੇ ਮੈਂ ਖੰਭ ਲਾਉਣ ਵਿੱਚ ਕਾਮਯਾਬ ਹੋ ਗਈ। ਮੈ ਉਸਨੂੰ ਪੜ੍ਹਾਈ ਕਰਨ ਲਈ ਦਿਲ ਤੇ ਪੱਥਰ ਰੱਖ ਵਿਦੇਸ਼ ਭੇਜ ਦਿੱਤਾ। ਅੱਜ ਮਹਿਸੂਸ ਹੁੰਦਾ ਅਾ ਕਿ ਮੇਰੀ ਪਰੀ ਨੂੰ ਉੱਡਣ ਦੀ ਜਾਂਚ ਵੀ ਆ ਗਈ ਅਤੇ ਹੁਣ ਉਹ ਕਿਸੇ ਦੀ ਮੁਹਤਾਜ ਨਹੀਂ। ਦੁਆ ਹੈ ਕਿ ਮੇਰੀ ਪਰੀ ਦੁਨੀਆ ਦਾ ਹਰ ਰੰਗ ਮਾਣੇ ਅਤੇ ਹਮੇਸ਼ਾ ਖੁਸ਼ ਰਹੇ। ਹਾਂ ਸੱਚ ਉਸਨੂੰ ਤੇ ਸ਼ਾਇਦ ਪਤਾ ਵੀ ਨਹੀਂ ਕਿ ਉਹ ਮੇਰੇ ਦਿਲ ਦੇ ਏਨੀ ਕਰੀਬ ਆ ਅਤੇ ਮੇਰੀ ਪਰੀ ਆ। ਮੈਂ ਤੇ ਉਸਦਾ ਨਾਮ ਵੀ ਏਨੀ ਰੀਝ ਨਾਲ਼ ਰੱਖਿਆ ਕੇ ਉਸਦੇ ਨਾਮ ਦਾ ਮਤਲਬ ਆ ਰੱਬ ਦਾ ਘਰ।
ਸੋ ਸਭ ਆਪਣੀਆਂ ਧੀਆਂ ਨੂੰ ਪਿਆਰ ਦਿਉ। ਇਹ ਸਿਰਫ਼ ਪਿਆਰ ਹੀ ਮੰਗਦੀਆਂ ਨੇ ਬਾਕੀ ਸਭ ਹਾਸਿਲ ਕਰਨ ਦੀ ਤਾਕਤ ਰੱਬ ਨੇ ਔਰਤ ਨੂੰ ਬਖਸ਼ੀ ਹੈ।