ਇੱਕ ਮਹਾਤਮਾ ਜੁਮੈਰਾ ਪਿੰਡ ਤੋਂ ਥੋੜ੍ਹੀ ਦੂਰ ਇੱਕ ਸ਼ਾਂਤ ਇਲਾਕੇ 'ਚ ਆਪਣੇ ਇੱਕ ਨੌਜਵਾਨ ਨੌਕਰ ਨਾਲ ਰਹਿੰਦੇ ਸਨ। ਉਹ ਸ਼ਹਿਰ ਤੇ ਪਿੰਡ 'ਚ ਕਾਫੀ ਮਸ਼ਹੂਰ ਸਨ। ਦੂਰ ਸ਼ਹਿਰ ਅਤੇ ਪਿੰਡ 'ਚੋਂ ਲੋਕ ਉਨ੍ਹਾਂ ਕੋਲ ਆਪਣੀਆਂ ਸਮੱਸਿਆਵਾਂ ਲੈ ਕੇ ਆਉਂਦੇ ਅਤੇ ਉਹ ਖੁਸ਼ੀ-ਖੁਸ਼ੀ ਸਮੱਸਿਆਵਾਂ ਦਾ ਹੱਲ ਕਰਦੇ। ਇੱਕ ਦਿਨ ਕੁਝ ਅਜਿਹਾ ਹੋਇਆ, ਦੂਰ ਸ਼ਹਿਰ ਤੋਂ ਦੋ ਹੱਟੇ-ਕੱਟੇ ਨੌਜਵਾਨ ਉਨ੍ਹਾਂ ਕੋਲ ਆਪਣੀ ਸਮੱਸਿਆ ਲੈ ਕੇ ਆਏ। ਮਹਾਤਮਾ ਨੇ ਵੇਖਿਆ ਉਹ ਕਾਫੀ ਮਾਯੂਸ ਨਜ਼ਰ ਆ ਰਹੇ ਸਨ । ਮਹਾਤਮਾ ਨੇ ਸਤਿਕਾਰ ਨਾਲ ਅੰਦਰ ਆਉਣ ਲਈ ਕਿਹਾ, ਅਤੇ ਮੰਜੇ 'ਤੇ ਬੈਠ ਕੇ ਉਨ੍ਹਾਂ ਦੀ ਸਮੱਸਿਆ ਸੁਣੀ।
ਪਹਿਲਾ ਨੌਜਵਾਨ ਬੋਲਿਆ, "ਮਹਾਤਮਾ ਜੀ! ਅਸੀਂ ਸੁਣਿਆ ਹੈ ਤੁਸੀਂ ਹਰ ਸਮੱਸਿਆ ਦਾ ਹੱਲ ਜਾਣਦੇ ਹੋ। ਜੋ ਕੋਈ ਵੀ ਤੁਹਾਡੇ ਕੋਲ ਆਪਣੀ ਸਮੱਸਿਆ ਲੈ ਕੇ ਆਉਂਦਾ ਹੈ ਉਹ ਖਾਲੀ ਹੱਥ ਨਹੀਂ ਜਾਂਦਾ। ਅਸੀਂ ਵੀ ਤੁਹਾਡੇ ਕੋਲ ਕੁਝ ਅਜਿਹੀ ਹੀ ਉਮੀਦ ਲੈ ਕੇ ਆਏ ਹਾਂ।" "ਤੁਸੀਂ ਬੇਫਿਕਰ ਹੋ ਕੇ ਆਪਣੀ ਸਮੱਸਿਆ ਦੱਸੋ।" ਮਹਾਤਮਾ ਨੇ ਨਿਮਰਤਾ ਨਾਲ ਕਿਹਾ।
ਦੂਜਾ ਨੌਜਵਾਨ ਬੋਲਿਆ, "ਮਹਾਤਮਾ ਜੀ! ਅਜਿਹਾ ਹੈ ਅਸੀਂ ਇਸ ਸ਼ਹਿਰ 'ਚ ਨਵੇਂ ਆਏ ਹਾਂ। ਜਿੱਥੇ ਸਾਡਾ ਘਰ ਹੈ, ਉੱਥੋਂ ਦੇ ਇਲਾਕੇ 'ਚ ਬਹੁਤ ਦਹਿਸ਼ਤ ਦਾ ਮਾਹੌਲ ਹੈ। ਉੱਥੇ ਅਵਾਰਾ ਵਿਅਕਤੀਆਂ ਦਾ ਬਸੇਰਾ ਹੈ। ਸੜਕਾਂ 'ਤੇ ਲੰਘਦੇ ਲੋਕਾਂ ਨਾਲ ਬਦਤਮੀਜ਼ੀ ਕੀਤੀ ਜਾਂਦੀ ਹੈ, ਆਉਂਦੇ-ਜਾਂਦੇ ਲੋਕਾਂ ਨੂੰ ਗਾਲਾਂ ਦਿੱਤੀਆਂ ਜਾਂਦੀਆਂ ਹਨ, ਕੁਝ ਦਬੰਗ ਵਿਅਕਤੀ ਸ਼ਰਾਬ ਪੀ ਕੇ ਸੜਕ ਕਿਨਾਰੇ ਖੜ੍ਹੇ ਹੋ ਜਾਂਦੇ ਹਨ ਅਤੇ ਲੰਘਣ ਵਾਲੇ ਲੋਕਾਂ ਨਾਲ ਹੱਥੋਪਾਈ ਤੱਕ ਹੋ ਜਾਂਦੇ ਹਨ।"
ਪਹਿਲਾ ਨੌਜਵਾਨ ਬੋਲਿਆ, "ਅਸੀਂ ਪ੍ਰੇਸ਼ਾਨ ਹੋ ਗਏ, ਭਲਾ ਅਜਿਹੇ ਸਮਾਜ 'ਚ ਕੌਣ ਰਹਿਣਾ ਚਾਹੇਗਾ, ਤੁਸੀਂ ਹੀ ਦੱਸੋ?" ਦੋਵਾਂ ਨੌਜਵਾਨਾਂ ਦੀ ਗੱਲ ਸੁਣ ਕੇ ਮਹਾਤਮਾ ਜੀ ਮੰਜੇ ਤੋਂ ਉੱਠੇ ਤੇ ਇਹ ਕਹਿੰਦੇ ਹੋਏ ਕਿ ਸਮੱਸਿਆ ਬਹੁਤ ਗੰਭੀਰ ਹੈ। ਕੁਟੀਆ ਤੋਂ ਬਾਹਰ ਤੁਰ ਗਏ। ਨੌਜਵਾਨ ਨੇ ਬਾਹਰ ਜਾ ਕੇ ਵੇਖਿਆ ਉਹ ਸ਼ਾਂਤ ਖਹ ਆਪਣੀ ਕੁਟੀਆ ਦੇ ਸਾਹਮਣੇ ਵਾਲੀ ਸੜਕ ਨੂੰ ਵੇਖ ਰਹੇ ਸਨ।
ਅਗਲੇ ਹੀ ਪਲ ਉਨ੍ਹਾਂ ਨੇ ਦੋਵਾਂ ਨੌਜਵਾਨਾਂ ਨੂੰ ਕਿਹਾ, "ਬੇਟਾ ਇੱਕ ਕੰਮ ਕਰੋਗੇ ਮਹਾਤਮਾ ਦੂਰ ਇਸ਼ਾਰਾ ਕਰਦੇ ਹੋਏ ਬੋਲੇ।।। ਇਹ ਸੜਕ ਵੇਖੋ ਜਿੱਥੋਂ ਇਹ ਸੜਕ ਮੁੜਦੀ ਹੈ ਉੱਥੋਂ ਸਾਹਮਣੇ ਇੱਕ ਨਿੰਮ ਦੇ ਪੱਤੇ ਤੋੜ ਕੇ ਲੈ ਆਓ।" "ਜ਼ਰੂਰ ਮਹਾਤਮਾ ਜੀ, ਜਿਵੇਂ ਤੁਸੀਂ ਕਹੋ।" ਕਹਿ ਕੇ ਦੋਵੇਂ ਨੌਜਵਾਨ ਤੁਰ ਪਏ।
ਪਰ ਮਹਾਤਮਾ ਨੇ ਉਨ੍ਹਾਂ ਨੂੰ ਰੋਕਦਿਆਂ ਕਿਹਾ, "ਰੁਕੋ ਬੇਟਾ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ, ਰਸਤੇ 'ਚ ਕਈ ਅਵਾਰਾ ਕੁੱਤੇ ਹਨ ਜੋ ਤੁਹਾਨੂੰ ਆਪਣਾ ਸ਼ਿਕਾਰ ਬਣਾ ਸਕਦੇ ਹਨ, ਉਹ ਬਹੁਤ ਖੂੰਖਾਰ ਹਨ। ਤੁਹਾਡੀ ਜਾਨ ਵੀ ਜਾ ਸਕਦੀ ਹੈ, ਕੀ ਤੁਸੀਂ ਉਹ ਪੱਤੇ ਲਿਆ ਸਕੋਗੇ?" ਨੌਜਵਾਨਾਂ ਨੇ ਇੱਕ-ਦੂਜੇ ਵੱਲ ਵੇਖਿਆ ਤੇ ਉਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਵੇਖ ਕੇ ਮਹਾਤਮਾ ਸਮਝ ਗਏ ਕਿ ਉਹ ਡਰੇ ਹੋਏ ਤਾਂ ਸਨ, ਪਰੰਤੂ ਉੱਥੇ ਜਾਣ ਲਈ ਤਿਆਰ ਸਨ।
ਦੋਵੇਂ ਨੌਜਵਾਨ ਉਸ ਸੜਕ 'ਤੇ ਚੱਲ ਪਏ, ਉਹ ਸੜਕ ਤੋਂ ਲੰਘੇ। ਰਸਤੇ 'ਚ ਉਨ੍ਹਾਂ ਨੂੰ ਕਾਫੀ ਅਵਾਰਾ ਕੁੱਤੇ ਸੜਕ ਕੰਢੇ ਬੈਠੇ ਮਿਲੇ। ਉਨ੍ਹਾਂ ਨੇ ਕੋਸ਼ਿਸ਼ ਕੀਤੀ ਕਿ ਉਹ ਉਨ੍ਹਾਂ ਨੂੰ ਪਾਰ ਕਰ ਜਾਣ, ਪਰ ਇਹ ਅਸਾਨ ਨਹੀਂ ਸੀ। ਜਿਵੇਂ ਹੀ ਉਹ ਇੱਕ ਕੁੱਤੇ ਨੇੜਿਓਂ ਲੰਘੇ, ਕੁੱਤੇ ਨੇ ਉਨ੍ਹਾਂ ਨੂੰ ਵੱਢਣ ਵਾਲੀਆਂ ਨਜ਼ਰਾਂ ਨਾਲ ਘੂਰਿਆ। ਉਹ ਕੋਸ਼ਿਸ਼ ਕਰਦੇ ਉਨ੍ਹਾਂ ਨੂੰ ਪਾਰ ਕਰਨ ਦੀ, ਪਰ ਇਹ ਕਰਨਾ ਜਾਨ ਖਤਰੇ 'ਚ ਪਾਉਣ ਦੇ ਬਰਾਬਰ ਸੀ।
ਕਾਫੀ ਦੇਰ ਉਡੀਕ ਕਰਨ ਤੋਂ ਬਾਅਦ ਜਦੋਂ ਉਹ ਪਰਤੇ ਉਦੋਂ ਮਹਾਤਮਾ ਨੇ ਵੇਖਿਆ ਉਨ੍ਹਾਂ ਦੇ ਹੱਥ ਖਾਲੀ ਸਨ ਤੇ ਉਹ ਕਾਫੀ ਡਰੇ ਹੋਏ ਸਨ। ਉਹ ਮਹਾਤਮਾ ਨੇੜੇ ਆਏ ਤੇ ਕਿਹਾ, "ਸਾਨੂੰ ਮਾਫ ਕਰ ਦਿਓ!" ਪਹਿਲਾ ਨੌਜਵਾਨ ਬੋਲਿਆ, "ਇਹ ਰਸਤਾ ਬਹੁਤ ਖਤਰਨਾਕ ਹੈ, ਰਸਤੇ 'ਚ ਬਹੁਤ ਖੂੰਖਾਰ ਕੁੱਤੇ ਸਨ, ਅਸੀਂ ਇਹ ਕੰਮ ਨਹੀਂ ਕਰ ਸਕੇ।"
ਦੂਜਾ ਨੌਜਵਾਨ ਬੋਲਿਆ, "ਅਸੀਂ ਦੋ-ਚਾਰ ਕੁੱਤਿਆਂ ਨੂੰ ਤਾਂ ਝੱਲ ਲਿਆ ਪਰ ਅਸੀਂ ਕਿਵੇਂ ਨਾ ਕਿਵੇਂ ਆਪਣੀ ਜਾਨ ਬਚਾ ਕੇ ਵਾਪਸ ਆਏ ਹਾਂ।" ਮਹਾਤਮਾ ਬਿਨਾ ਕੁਝ ਬੋਲੇ ਕੁਟੀਆ ਦੇ ਅੰਦਰ ਚਲੇ ਗਏ ਤੇ ਆਪਣੇ ਨੌਕਰ ਨੂੰ ਨਾਲ ਲੈ ਕੇ ਬਾਹਰ ਆਏ। ਉਨ੍ਹਾਂ ਨੇ ਨੌਕਰ ਨੂੰ ਉਹ ਪੱਤੇ ਤੋੜਨ ਲਈ ਕਿਹਾ। ਨੌਕਰ ਉਸੇ ਸੜਕ ਤੋਂ ਗਿਆ। ਉਹ ਕੁੱਤਿਆਂ ਵਿਚਾਲੋਂ ਲੰਘਿਆ। ਪਰ ਜਦੋਂ ਕਾਫੀ ਦੇਰ ਬਾਅਦ ਦੋਵਾਂ ਨੌਜਵਾਨਾਂ ਨੇ ਨੌਕਰ ਨੂੰ ਸੜਕ ਤੋਂ ਵਾਪਸ ਆਪਣੇ ਵੱਲ ਆਉਂਦੇ ਵੇਖਿਆ ਤਾਂ ਵੇਖਿਆ ਉਸਦੇ ਦੋਵੇਂ ਹੱਥਾਂ ਵਿੱਚ ਨਿੰਮ ਦੇ ਪੱਤੇ ਸਨ। ਇਹ ਵੇਖ ਕੇ ਦੋਵੇਂ ਨੌਜਵਾਨ ਹੈਰਾਨ ਰਹਿ ਗਏ।
ਮਹਾਤਮਾ ਬੋਲੇ, "ਬੇਟਾ ਇਹ ਮੇਰਾ ਨੌਕਰ ਹੈ, ਇਹ ਅੰਨ੍ਹਾ ਹੈ, ਹਾਲਾਂਕਿ ਇਹ ਵੇਖ ਨਹੀਂ ਸਕਦਾ, ਪਰ ਕਿਹੜੀ ਚੀਜ਼ ਕਿੱਥੇ ਹੈ ਇਸ ਨੂੰ ਪੂਰਾ ਗਿਆਨ ਹੈ। ਇਹ ਰੋਜ਼ਾਨਾ ਮੈਨੂੰ ਨਿੰਮ ਦੇ ਪੱਤੇ ਲਿਆ ਕੇ ਦਿੰਦਾ ਹੈ ਅਤੇ ਜਾਣਦੇ ਹੋ ਕਿਉਂ ਇਸਨੂੰ ਅਵਾਰਾ ਕੁੱਤੇ ਨਹੀਂ ਵੱਢਦੇ, ਕਿਉਂਕਿ ਇਹ ਉਨ੍ਹਾਂ ਵੱਲ ਜ਼ਰਾ ਵੀ ਧਿਆਨ ਨਹੀਂ ਦਿੰਦਾ। ਇਹ ਸਿਰਫ ਆਪਣੇ ਕੰਮ ਨਾਲ ਕੰਮ ਰੱਖਦਾ ਹੈ।" ਮਹਾਤਮਾ ਅੱਗੇ ਬੋਲੇ, "ਜੀਵਨ 'ਚ ਇੱਕ ਗੱਲ ਹਮੇਸ਼ਾ ਯਾਦ ਰੱਖਣਾ, ਜਿਸ ਫਜੂਲ ਦੀ ਚੀਜ 'ਤੇ ਤੁਸੀਂ ਸਭ ਤੋਂ ਜ਼ਿਆਦਾ ਧਿਆਨ ਦੇਵੋਗੇ ਉਹ ਚੀਜ ਤੁਹਾਨੂੰ ਓਨਾ ਹੀ ਰੜਕੇਗੀ। ਇਸ ਲਈ ਚੰਗਾ ਹੋਵੇਗਾ ਤੁਸੀਂ ਆਪਣਾ ਧਿਆਨ ਆਪਣੇ ਟੀਚੇ 'ਤੇ ਰੱਖੋ।"
ਇਹ ਸੁਣ ਕੇ ਦੋਵੇਂ ਨੌਜਵਾਨ ਮਹਾਤਮਾ ਅੱਗੇ ਨਤਮਸਤਕ ਹੋ ਗਏ। ਹੁਣ ਉਨ੍ਹਾਂ ਨੂੰ ਇੱਕ ਸਿੱਖਿਆ ਮਿਲੀ, ਜਿਸ ਨੂੰ ਉਹ ਜੀਵਨ ਭਰ ਯਾਦ ਰੱਖਣ ਵਾਲੇ ਸਨ । ਦੋਸਤੋ, ਇਨ੍ਹਾਂ ਦੋ ਨੌਜਵਾਨਾਂ ਵਾਂਗ ਅਸੀਂ ਵੀ ਆਪਣੇ ਜੀਵਨ 'ਚ ਕੁਝ ਅਜਿਹਾ ਹੀ ਅਨੁਭਵ ਕਰਦੇ ਹਾਂ। ਸਾਡਾ ਜੀਵਨ ਵੀ ਖਤਰਨਾਕ ਮੋੜਾਂ ਨਾਲ ਭਰਿਆ ਹੁੰਦਾ ਹੈ। ਪਤਾ ਨਹੀਂ ਕਿਹੜੇ ਮੌੜ 'ਤੇ ਮੌਤ ਸਾਨੂੰ ਗਲੇ ਲਾ ਲਵੇ। ਪਰ ਇਹ ਸਿਰਫ ਸਾਡੇ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਉਨ੍ਹਾਂ ਨੌਜਵਾਨਾਂ ਵਾਂਗ ਡਰ ਕੇ ਵਾਪਸ ਪਰਤ ਆਉਂਦੇ ਹਾਂ ਜਾਂ ਫਿਰ ਨੌਕਰ ਵਾਂਗ ਹੌਂਸਲੇ ਤੇ ਹਿੰਮਤ ਨਾਲ ਅੱਗੇ ਕਦਮ ਵਧਾਉਂਦੇ ਹਾਂ ਤੇ ਆਪਣਾ ਟੀਚਾ ਹਾਸਲ ਕਰਦੇ ਹਾਂ।