ਪੁਰਾਣੇ ਸਮੇ ਵਿਚ ਇੰਦਰਜੀਤ ਨਾਮ ਦਾ ਇੱਕ ਰਾਜਾ ਰਾਜ ਕਰਦਾ ਸੀ ।ਉਸਦੀਆਂ ਦੋ ਰਾਣੀਆਂ ਸਨ। ਵੱਡੀ ਰਾਣੀ ਨੇਕਦਿਲ ਸੀ ਪਰ ਛੋਟੀ ਰਾਣੀ ਚਲਾਕ ਅਤੇ ਸਵਾਰਥੀ ਸੀ। ਜਦੋਂ ਵੱਡੀ ਰਾਣੀ ਗਰਭਵਤੀ ਹੋਈ ਤਾਂ ਛੋਟੀ ਰਾਣੀ ਨੂੰ ਚਿੰਤਾ ਲੱਗੀ ਕਿਉਂਕਿ ਉਹ ਨਹੀ ਸੀ ਚਾਹੁੰਦੀ ਕਿ ਵੱਡੀ ਰਾਣੀ ਦੀ ਸੰਤਾਨ ਰਾਜ ਗੱਦੀ 'ਤੇ ਬੈਠੇ। ਇਸ ਲਈ ਉਸ ਨੇ ਆਪਣੀ ਦਾਸੀ ਨਾਲ ਮਿਲ ਕੇ ਯੋਜਨਾ ਬਣਾਈ । ਸਮਾ ਆਉਣ ਤੇ ਵੱਡੀ ਰਾਣੀ ਨੇ ਇਕ ਲੜਕੇ ਤੇ ਇਕ ਲੜਕੀ ਨੂੰ ਜਨਮ ਦਿੱਤਾ । ਛੋਟੀ ਰਾਣੀ ਨੇ ਦਾਸੀ ਦੀ ਸਹਾਇਤਾ ਨਾਲ ਬੱਚਿਆਂ ਨੂੰ ਇਕ ਟੋਕਰੀ ਵਿਚ ਪਾ ਕੇ ਨਦੀ ਵਿੱਚ ਰੋੜ ਦਿੱਤਾ ਅਤੇ ਰਾਜੇ ਨੂੰ ਖ਼ਬਰ ਦਿੱਤੀ ਕਿ ਰਾਣੀ ਨੇ ਦੋ ਪੱਥਰਾਂ ਨੂੰ ਜਨਮ ਦਿੱਤਾ ਹੈ। ਗੁੱਸੇ ਵਿਚ ਆਏ ਰਾਜੇ ਨੇ ਵੱਡੀ ਰਾਣੀ ਨੂੰ ਮਹਿਲ ਵਿੱਚੋਂ ਬਾਹਰ ਕੱਢ ਦਿੱਤਾ ਤੇ ਉਹ ਇੱਕ ਝੌਂਪੜੀ ਵਿੱਚ ਰਹਿਣ ਲੱਗ ਪਈ ।
ਉਧਰ ਨਦੀ ਵਿੱਚ ਇੱਕ ਸਾਧੂ ਇਸ਼ਨਾਨ ਕਰ ਰਿਹਾ ਸੀ । ਉਸਨੇ ਜਦ ਬੱਚੇ ਦੇਖੇ ਤਾਂ ਉਹ ਉਹਨਾਂ ਨੂੰ ਆਪਣੀ ਕੁਟੀਆ ਵਿੱਚ ਲੈ ਗਿਆ ਤੇ ਉਹਨਾਂ ਦਾ ਪਾਲਣ ਪੋਸ਼ਣ ਕਰਨ ਲੱਗਾ। ਉਸਨੇ ਲੜਕੇ ਦਾ ਨਾਮ ਕਨਿਸ਼ਕ ਅਤੇ ਲੜਕੀ ਦਾ ਨਾਮ ਮਾਇਆ ਰੱਖਿਆ। ਹੌਲੀ ਹੌਲੀ ਬੱਚੇ ਵੱਡੇ ਹੋ ਗਏ। ਇਕ ਦਿਨ ਸਾਧੂ ਚੁੱਪ ਚਾਪ ਉਹਨਾਂ ਨੂੰ ਸੁਤੇ ਪਿਆਂ ਨੂੰ ਛੱਡ ਕੇ ਚਲਾ ਗਿਆ । ਜਦੋਂ ਬੱਚਿਆਂ ਦੀ ਜਾਗ ਖੁੱਲੀ ਤਾਂ ਉਹ ਉਸ ਨੂੰ ਉਥੇ ਨਾ ਦੇਖ ਕੇ ਹੈਰਾਨ ਹੋ ਗਏ ।ਉਹਨਾਂ ਨੇ ਸਾਧੂ ਨੂੰ ਲੱਭਣਾ ਸ਼ੁਰੂ ਕਰ ਦਿੱਤਾ ।ਕਾਫੀ ਸਮੇ ਦੀ ਮੁਸ਼ੱਕਤ ਤੋ ਬਾਅਦ ਉਹਨਾਂ ਨੇ ਸਾਧੂ ਨੂੰ ਲੱਭ ਲਿਆ ।ਉਹਨਾਂ ਦੇ ਸ਼ਿਕਾਇਤ ਕਰਨ ਤੇ ਸਾਧੂ ਨੇ ਕਿਹਾ ਕਿ ਉਹ ਉਸ ਨੂੰ ਇਕ ਟੋਕਰੀ ਵਿਚੋਂ ਮਿਲੇ ਸਨ ।ਉਸਨੇ ਉਹਨਾਂ ਦੀ ਪਰਵਰਿਸ਼ ਕੀਤੀ । ਹੁਣ ਉਹ ਵੱਡੇ ਹੋ ਗਏ ਹਨ ਤੇ ਆਪਣੀ ਦੇਖਭਾਲ ਆਪ ਕਰ ਸਕਦੇ ਹਨ। ਤੇ ਉਹ ਹੁਣ ਉਸਨੂੰ ਜਾਣ ਦੇਣ ।ਇਸ ਤੇ ਉਹਨਾਂ ਨੇ ਕਿਹਾ ਕਿ ਉਹ ਕਿੱਥੇ ਜਾਣਗੇ ਤਾ ਸਾਧੂ ਨੇ ਉਹਨਾਂ ਨੂੰ ਇੱਕ ਤੰਦੀ ਤੇ ਇੱਕ ਘੋਟਾ ਦਿੱਤਾ ਤੇ ਖੜਾਵਾਂ ਦਿੱਤੀਆਂ। ਉਸਨੇ ਕਿਹਾ ਕਿ ਉਹ ਜਦ ਵੀ ਕੋਈ ਮੁਸ਼ਕਿਲ ਵਿੱਚ ਹੋਣ ਤਾਂ ਕਹਿਣਾ "ਨੂੜੇ ਤੰਦੀ ਚੱਲੇ ਘੋਟਾ" ਇਹ ਉਹਨਾਂ ਦੀ ਮਦਦ ਕਰਨਗੇ । ਤੇ ਖੜਾਵਾਂ ਨਚੰ ਧੂਫ਼ ਦੇਕੇ ਉਹ ਜਿਥੇ ਮਰਜ਼ੀ ਜਾ ਸਕਦੇ ਹਨ ।ਇੰਨਾ ਕਹਿ ਕੇ ਸਾਧੂ ਚਲਾ ਗਿਆ ।
ਦੋਵੇਂ ਭੈਣ ਭਰਾ ਘੁੰਮਦੇ ਘੁੰਮਦੇ ਆਪਣੇ ਪਿਤਾ ਦੇ ਰਾਜ ਵਿੱਚ ਹੀ ਪਹੁੰਚ ਗਏ । ਸਮਝਦਾਰ ਹੋਣ ਕਰਕੇ ਕਨਿਸ਼ਕ ਨੂੰ ਰਾਜੇ ਦੇ ਦਰਬਾਰ ਵਿਚ ਨੌਕਰੀ ਮਿਲ ਗਈ । ਹੌਲੀ ਹੌਲੀ ਉਹ ਰਾਜੇ ਦੇ ਕਰੀਬ ਆ ਗਿਆ। ਉਸਦੀ ਸ਼ਕਲ ਰਾਜੇ ਨਾਲ ਮਿਲਦੀ ਹੋਣ ਕਰਕੇ ਰਾਣੀ ਨੂੰ ਸ਼ੱਕ ਹੋ ਗਿਆ ।ਉਸਨੇ ਦਾਸੀ ਨੂੰ ਸਭ ਪਤਾ ਕਰਨ ਲਈ ਭੇਜਿਆ ।ਦਾਸੀ ਮਾਇਆ ਦੀ ਸਹੇਲੀ ਬਣ ਗਈ ਤੇ ਗੱਲਬਾਤ ਦੌਰਾਨ ਉਸ ਤੋਂ ਪਤਾ ਕਰ ਲਿਆ ਕਿ ਇਹ ਉਹੀ ਬੱਚੇ ਹਨ । ਹੁਣ ਰਾਣੀ ਨੂੰ ਡਰ ਸਤਾ ਰਿਹਾ ਸੀ ਕਿ ਰਾਜੇ ਨੂੰ ਸੱਚਾਈ ਪਤਾ ਲੱਗ ਗਈ ਤਾਂ ਉਸ ਦਾ ਕੀ ਬਣੇਗਾ। ਉਸਨੇ ਫਿਰ ਉਹਨਾਂ ਨੂੰ ਮਾਰਨ ਦੀ ਯੋਜਨਾ ਬਣਾਈ ।ਦਾਸੀ ਮਾਇਆ ਕੋਲ ਗਈ ਅਤੇ ਝੂਠੀ ਮੂਠੀ ਹਮਦਰਦੀ ਦਿਖਾਉਂਦੇ ਹੋਏ ਬੋਲੀ ਕਿ ਉਹ ਸਾਰਾ ਦਿਨ ਘਰ ਵਿਚ ਇਕੱਲੀ ਰਹਿੰਦੀ ਹੈ ਜੇਕਰ ਕੋਈ ਚੋਰ ਉਚੱਕਾ ਆ ਗਿਆ ਤਾ ਕੀ ਹੋਵੇਗਾ ।ਉਸਨੂੰ ਪਹਿਰੇਦਾਰ ਰੱਖਣਾ ਚਾਹੀਦਾ ਹੈ । ਮਾਇਆ ਕਹਿਣ ਲੱਗੀ ਕਿ ਇਸ ਦੇ ਵਿਚ ਕੀ ਗੱਲ ਹੈ ਉਹ ਅੱਜ ਹੀ ਆਪਣੇ ਭਰਾ ਨੂੰ ਕਹਿ ਕੇ ਪਹਿਰੇਦਾਰ ਰਖਵਾ ਲਵੇਗੀ ।ਦਾਸੀ ਬੋਲੀ ਕਿ ਜੇਕਰ ਉਸ ਦਾ ਵੀਰ ਉਸਨੂੰ ਪਿਆਰ ਕਰਦਾ ਹੈ ਤਾ ਉਹ ਦਾਨੇ ਦਿਓ ਨੂੰ ਲੈ ਕੇ ਆਵੇ।
ਮਾਇਆ ਨੇ ਆਪਣੇ ਭਰਾ ਨੂੰ ਆਉਂਦਿਆਂ ਹੀ ਸਾਰੀ ਗੱਲ ਦੱਸੀ ।ਕਨਿਸ਼ਕ ਨੇ ਕਿਹਾ ਕਿ ਉਹ ਹੁਣੇ ਜਾ ਕੇ ਦਾਨੇ ਦਿਓ ਨੂੰ ਲੈ ਆਵੇਗਾ। ਉਸਨੇ ਧੂਫ਼ ਦੇਕੇ ਖੜਾਵਾਂ ਪੈਰਾਂ ਵਿੱਚ ਪਾ ਲਈਆਂ ਅਤੇ ਦਿਓਆਂ ਦੇ ਦੇਸ਼ ਪਹੁੰਚ ਗਿਆ। ਅੱਗੋਂ ਦਾਨਾ ਦਿਓ ਘਰ ਇਕੱਲਾ ਹੀ ਸੀ। ਬਾਕੀ ਸਾਰੇ ਸ਼ਿਕਾਰ ਕਰਨ ਲਈ ਗਏ ਹੋਏ ਸਨ ।ਦਾਨਾ ਦਿਓ ਕਨਿਸ਼ਕ ਨੂੰ ਦੇਖ ਕੇ ਖੁਸ਼ ਹੋ ਗਿਆ ਕਿ ਖਾਣਾ ਘਰ ਚੱਲ ਕੇ ਆਇਆ ਹੈ ।ਜਿਓ ਹੀ ਉਸਨੇ ਕਨਿਸ਼ਕ ਨੂੰ ਫੜਨ ਲਈ ਹੱਥ ਅੱਗੇ ਵਧਾਏ ਤਾ ਕਨਿਸ਼ਕ ਬੋਲਿਆ,"ਨੂੜੇ ਤੰਦੀ ਚੱਲੇ ਘੋਟਾ"। ਬੱਸ ਫਿਰ ਕੀ ਸੀ, ਤੰਦੀ ਨੇ ਦਿਓ ਨੂੰ ਬੰਨ ਲਿਆ ਤੇ ਘੋਟਾ ਲੱਗਾ ਉਸਦੀ ਪਿਟਾਈ ਕਰਨ। ਦਿਓ ਮਿੰਨਤਾਂ ਕਰੇ, ਸੌਂਹਾਂ ਖਾਵੇ ਤਾ ਜਾਕੇ ਉਸਦੀ ਰਿਹਾਈ ਹੋਈ ।ਦਿਓ ਨੇ ਕਿਹਾ ਕਿ ਉਹ ਉਸਦੇ ਨਾਲ ਜਾਣ ਲਈ ਤਿਆਰ ਹੈ ਪਰ ਉਸ ਨੇ ਕਿਹਾ ਕਿ ਪਹਿਲਾ ਉਸਦੇ ਪਰਿਵਾਰ ਵਾਲਿਆਂ ਨੂੰ ਮਿਲਣਾ ਹੈ ।ਥੋੜੀ ਦੇਰ ਬਾਅਦ ਉਸਦਾ ਪਰਿਵਾਰ ਧੂੜਾਂ ਪੁੱਟਦਾ ਹੋਇਆ ਆਇਆ ਤੇ ਕਨਿਸ਼ਕ ਨੂੰ ਦੇਖ ਕੇ ਖੁਸ਼ ਹੋ ਗਿਆ ਕਿ ਸ਼ਿਕਾਰ ਤੋਂ ਤਾ ਕੁਝ ਵੀ ਨਹੀ ਮਿਲਿਆ ਤੇ ਖਾਣਾ ਘਰ ਬੈਠਾ ਹੈ ।
ਕਨਿਸ਼ਕ ਨੇ ਫਿਰ ਕਿਹਾ "ਨੂੜੇ ਤੰਦੀ ਚੱਲੇ ਘੋਟਾ"। ਤੰਦੀ ਨੇ ਸਾਰਾ ਪਰਿਵਾਰ ਨੂੜ ਲਿਆ ਤੇ ਘੋਟੇ ਨੇ ਸਾਰੇ ਪਰਿਵਾਰ ਦੀ ਸੇਵਾ ਕੀਤੀ। ਉਹਨਾਂ ਨੇ ਮਿੰਨਤਾਂ ਤਰਲੇ ਕਰਕੇ ਜਾਨ ਛੁਡਾਈ ਤੇ ਦਾਨੇ ਦਿਓ ਨੂੰ ਕਹਿਣ ਲੱਗੇ ਕਿ ਉਹ ਇਸ ਨੂੰ ਪਹਿਲਾਂ ਹੀ ਲੈ ਜਾਂਦਾ। ਕਨਿਸ਼ਕ ਦਿਓ ਨੂੰ ਲੈ ਕੇ ਘਰ ਆ ਗਿਆ ।ਜਦ ਇਸ ਬਾਰੇ ਛੋਟੀ ਰਾਣੀ ਅਤੇ ਦਾਸੀ ਨੂੰ ਲੱਗਾ ਤਾਂ ਉਹ ਹੈਰਾਨ ਹੋ ਗਈਆਂ ਤੇ ਪਹਿਲਾਂ ਤੋਂ ਵੀ ਵੱਧ ਡਰ ਗਈਆਂ। ਉਨ੍ਹਾਂ ਨੇ ਫਿਰ ਸਕੀਮ ਬਣਾਈ । ਦਾਸੀ ਮਾਇਆ ਕੋਲ ਗਈ ਅਤੇ ਕਹਿਣ ਲੱਗੀ ਕਿ ਉਹ ਸਾਰਾ ਦਿਨ ਇਕੱਲੀ ਬੈਠੀ ਰਹਿੰਦੀਹੈ । ਉਹ ਆਪਣੇ ਭਰਾ ਨੂੰ ਕਹੇ ਕਿ ਉਹ ਵਿਆਹ ਕਰਵਾ ਲਵੇ। ਮਾਇਆ ਨੇ ਕਿਹਾ ਕਿ ਉਹ ਆਪਣੇ ਭਰਾ ਨੂੰ ਜਰੂਰ ਕਹੇਗੀ। ਦਾਸੀ ਕਹਿਣ ਲੱਗੀ ਕਿ ਉਹ ਆਪਣੇ ਭਰਾ ਨੂੰ ਕਹੇ ਕਿ ਉਹ ਹੂਰਾਂ ਪਰੀ ਵਿਆਹ ਕੇ ਲਿਆਵੇ ।ਤਾ ਹੀ ਲੋਕ ਉਸਨੂੰ ਬਹਾਦਰ ਕਹਿਣਗੇ। ਮਾਇਆ ਨੇ ਕਨਿਸ਼ਕ ਨੂੰ ਸਾਰੀ ਗੱਲ ਦੱਸੀ ਤੇ ਕਨਿਸ਼ਕ ਹੂਰਾਂ ਪਰੀ ਨੂੰ ਵਿਆਹੁਣ ਤੁਰ ਪਿਆ । ਪਰ ਖੜਾਵਾਂ ਨੇ ਉਸ ਨੂੰ ਜੰਗਲ ਬੀਆਬਾਨ ਵਿੱਚ ਉਤਾਰ ਦਿੱਤਾ ।ਉਹ ਹੈਰਾਨ ਪਰੇਸ਼ਾਨ ਪੈਦਲ ਹੀ ਤੁਰਨ ਲੱਗਾ। ਤੁਰਦੇ ਤੁਰਦੇ ਉਸਨੂੰ ਉਹੀ ਸਾਧੂ ਮਿਲਿਆ ।ਸਾਧੂ ਉਸਨੂੰ ਦੇਖ ਕੇ ਹੈਰਾਨ ਹੋ ਗਿਆ ਕਿ ਉਹ ਇਥੇ ਕੀ ਕਰ ਰਿਹਾ ਹੈ ।ਕਨਿਸ਼ਕ ਨੇ ਸਾਰੀ ਗੱਲ ਸਾਧੂ ਨੂੰ ਦੱਸੀ ਤਾ ਸਾਧੂ ਨੇ ਦੱਸਿਆ ਕਿ ਉਹ ਮਾਇਆਵੀ ਨਗਰੀ ਹੈ ।ਬਹੁਤ ਸਾਰੇ ਯੋਧੇ ਹੂਰਾਂ ਪਰੀ ਨੂੰ ਵਿਆਹੁਣ ਲਈ ਆਏ ਪਰ ਆਪਣੀ ਜਾਨ ਤੋਂ ਹੱਥ ਧੋ ਬੈਠੇ। ਉਹਨਾਂ ਦੇ ਨਗਰ ਦੁਆਲੇ ਜਾਦੂਈ ਚੱਕਰ ਹੈ ।ਜੋ ਵੀ ਉਸਦੇ ਅੰਦਰ ਗਿਆ, ਵਾਪਸ ਨਹੀ ਆਇਆ। ਸਾਧੂ ਨੇ ਉਸਨੂੰ ਇੱਕ ਮੰਤਰ ਦੱਸਿਆ ਅਤੇ ਕਿਹਾ ਕਿ ਜਦੋਂ ਉਹ ਮਾਇਆਵੀ ਚੱਕਰ ਦੇ ਕੋਲ ਜਾਵੇਗਾ ਤਾ ਓਥੇ ਇੱਕ ਘੋੜਾ ਆਵੇਗਾ । ਉਹ ਉਸਦੇ ਕੰਨ ਵਿੱਚ ਮੰਤਰ ਪੜ ਕੇ ਉਸ ਉਪਰ ਬੈਠ ਜਾਵੇ। ਉਥੋਂ ਦੇ ਲੋਕ ਉਸਨੂੰ ਘੋੜੇ ਤੋਂ ਉਤਾਰਨ ਲਈ ਬਹੁਤ ਯਤਨ ਕਰਨਗੇ ਪਰ ਉਹ ਹੇਠਾਂ ਨਾ ਉਤਰੇ, ਘੋੜੇ ਤੇ ਬੈਠ ਕੇ ਹੀ ਫੇਰੇ ਲਵੇ ਤੇ ਘੋੜੇ 'ਤੇ ਬੈਠ ਕੇ ਹੀ ਹੂਰਾਂ ਪਰੀ ਨੂੰ ਨਗਰੀ ਤੋਂ ਬਾਹਰ ਲੈ ਆਵੇ। ਕਨਿਸ਼ਕ ਨੇ ਇੰਞ ਹੀ ਕੀਤਾ । ਸਭ ਨੇ ਉਸ ਨੂੰ ਬਹੁਤ ਲਾਲਚ ਦਿੱਤਾ,ਡਰਾਇਆ ਧਮਕਾਇਆ ਪਰ ਉਹ ਘੋੜੇ 'ਤੇ ਹੀ ਬੈਠਾ ਰਿਹਾ ਤੇ ਅਖੀਰ ਉਹਨਾਂ ਨੇ ਹੂਰਾਂ ਪਰੀ ਨੂੰ ਉਸ ਨਾਲ ਤੋਰ ਦਿੱਤਾ ।
ਜਦੋਂ ਇਸ ਗੱਲ ਦਾ ਪਤਾ ਰਾਣੀ ਨੂੰ ਲੱਗਾ ਤਾਂ ਉਸਨੇ ਆਖਰੀ ਚਾਲ ਚੱਲੀ। ਉਸਨੇ ਤਿੰਨਾਂ ਨੂੰ ਵਿਆਹ ਦੀ ਖੁਸ਼ੀ ਵਿਚ ਮਹੱਲ ਵਿੱਚ ਭੋਜਨ ਤੇ ਸੱਦਾ ਦਿੱਤਾ । ਰਾਜਾ ਵੀ ਇਸ ਤੋ ਬਹੁਤ ਖੁਸ਼ ਹੋਇਆ। ਦਾਸੀ ਨੇ ਖਾਣੇ ਵਿੱਚ ਜਹਿਰ ਮਿਲਾ ਦਿੱਤਾ । ਹੂਰਾਂ ਪਰੀ ਨੂੰ ਪਹਿਲੇ ਦਿਨ ਹੀ ਉਹਨਾਂ ਤੇ ਸ਼ੱਕ ਹੋ ਗਿਆ ਸੀ ।ਉਸਨੇ ਕਿਹਾ ਕਿ ਸਭ ਤੋਂ ਪਹਿਲਾਂ ਉਹਨਾਂ ਦਾ ਪਹਿਰੇਦਾਰ ਖਾਣਾ ਖਾਵੇਗਾ। ਦਿਓ ਸਾਰਾ ਕੁਝ ਚਟਮ ਕਰ ਗਿਆ ਪਰ ਉਸ ਨੂੰ ਕੁਝ ਨਾ ਹੋਇਆ। ਦੁਬਾਰਾ ਖਾਣਾ ਬਣਾਇਆ ਗਿਆ ।ਸਭ ਖਾਣ ਲੱਗੇ ਤਾਂ ਪਰੀ ਨੇ ਸਭ ਨੂੰ ਰੋਕ ਦਿੱਤਾ ਅਤੇ ਸਭ ਦੇ ਖਾਣੇ ਦੀ ਇਕ ਇਕ ਬੁਰਕੀ ਕੁੱਤਿਆਂ ਨੂੰ ਪਾਉਣ ਲਈ ਕਿਹਾ । ਕੁੱਤੇ ਖਾਣਾ ਖਾਣ ਦੇ ਤੁਰੰਤ ਬਾਅਦ ਹੀ ਮਰ ਗਏ। ਰਾਜੇ ਨੇ ਉਸ ਦਾਸੀ ਨੂੰ ਬੰਦੀ ਬਣਾ ਲਿਆ ਤਾਂ ਦਾਸੀ ਨੇ ਛੋਟੀ ਰਾਣੀ ਦੀਆਂ ਸ਼ੁਰੂ ਤੋ ਲੈ ਕੇ ਹੁਣ ਤੱਕ ਦੀਆ ਸਭ ਕਰਤੂਤਾਂ ਬਾਰੇ ਦੱਸ ਦਿੱਤਾ। ਉਸਨੇ ਇਹ ਵੀ ਦੱਸਿਆ ਕਿ ਕਨਿਸ਼ਕ ਅਤੇ ਮਾਇਆ ਰਾਜੇ ਦੀਆਂ ਹੀ ਸੰਤਾਨਾਂ ਹਨ। ਰਾਜਾ ਗੁੱਸੇ ਨਾਲ ਲਾਲ ਹੋ ਗਿਆ। ਉਸਨੇ ਰਾਣੀ ਤੇ ਦਾਸੀ ਨੂੰ ਭੁੱਖੇ ਸ਼ੇਰ ਅੱਗੇ ਸੁੱਟ ਦਿੱਤਾ ਤੇ ਵੱਡੀ ਰਾਣੀ ਨੂੰ ਵਾਪਸ ਮਹਿਲ ਵਿਚ ਲੈ ਆਇਆ। ਇਸ ਤਰ੍ਹਾਂ ਸਾਰੇ ਖੁਸ਼ੀ ਖੁਸ਼ੀ ਰਹਿਣ ਲੱਗ ਪਏ ।