ਪੰਜਾਬੋ ਦੀ ਧੀ ਚੰਨੀ

ਸ਼ੇਅਰ ਕਰੋ
ਪੰਜਾਬੋ ਦੀ ਧੀ ਚੰਨੀ

ਪੰਜਾਬੋ ਬਹੁਤ ਦੁਖੀ ਰਹਿੰਦੀ ਸੀ ਆਪਣੀ ਔਲਾਦ ਹੱਥੋਂ। ਉਸਦੀ ਔਲਾਦ ਨੂੰ ਭੋਰਾ ਲੱਥੀ ਚੜੀ ਨਹੀਂ ਸੀ ਕਿ ਉਹਨਾਂ ਦੀ ਮਾਂ ਨੂੰ ਕੀ ਦੁੱਖ ਹਨ, ਕੀ ਪਰੇਸ਼ਾਨੀ ਹੈ ਕਿਉਂਕਿ ਉਹ ਤਾਂ ਜਿਵੇਂ ਭੁੱਲ ਹੀ ਚੁੱਕੇ ਸੀ ਆਪਣੀ ਮਾਂ ਨੂੰ। 

ਪੰਜਾਬੋ ਦੇ ਨਾਲ ਨਾਲ ਉਸਦਾ ਪਰਿਵਾਰ ਉਸਦੇ ਰਿਸ਼ਤੇਦਾਰ ਸਭ ਬਹੁਤ ਪਰੇਸ਼ਾਨ ਸਨ ।ਸਾਰੇ ਅਰਦਾਸਾਂ ਕਰਦੇ ਕੇ ਪੰਜਾਬੋ ਦੀ ਆਉਣ ਵਾਲੀ ਔਲਾਦ ਬਹੁਤ ਚੰਗੀ ਹੋਵੇ, ਉਸਦੀ ਹਰ ਪਰੇਸ਼ਾਨੀ ਨੂੰ ਸਮਝਦੀ ਹੋਵੇ ਤੇ ਉਸਦੀ ਖੁਸ਼ੀ ਵਿੱਚ ਹੀ ਆਪਣੀ ਖੁਸ਼ੀ ਲੱਭੇ। ਉਹ ਦਿਨ ਵੀ ਆ ਗਿਆ ।ਅਚਾਨਕ ਸਾਰੇ ਰਿਸ਼ਤੇਦਾਰਾਂ ਵਿੱਚ ਖ਼ਬਰ ਫੈਲ ਗਈ ਕੇ ਪੰਜਾਬੋ ਦੇ ਘਰ ਚੰਨ ਵਰਗੀ ਧੀ ਨੇ ਜਨਮ ਲਿਆ ਸਭ ਨੇ ਉਸਦਾ ਨਾਂ 'ਚੰਨੀ' ਰੱਖ ਦਿੱਤਾ ।

ਸਭ ਨੂੰ ਇੱਕ ਆਸ ਬੱਝ ਗਈ ਕਿ ਹੁਣ ਪੰਜਾਬੋ ਦੇ ਦੁੱਖਾਂ ਦੇ ਦਿਨ ਗਏ ਇਹ ਚੰਨੀ ਧੀ ਆਪਣੀ ਮਾਂ ਨੂੰ ਬਹੁਤ ਖੁਸ਼ੀਆਂ ਦੇਵੇਗੀ ਅਤੇ ਇਸਦੇ ਨਾਲ ਨਾਲ ਸਾਰੇ ਭੈਣ ਭਰਾ ਵੀ ਖੁਸ਼ ਰਹਿਣਗੇ । ਉਹੀ ਗੱਲ ਹੋਈ ਚੰਨੀ ਛੋਟੀ ਉਮਰੇ ਈ ਬਹੁਤ ਸਿਆਣੀਆਂ ਗੱਲਾਂ ਕਰਨ ਲੱਗੀ। ਆਪਣੀ ਮਾਂ ਦੇ ਸਾਰੇ ਦੁੱਖਾਂ ਨੂੰ ਦੂਰ ਕਰਨ ਦੇ ਦਾਅਵੇ ਕਰਨ ਲੱਗੀ ।ਸਭ ਬਹੁਤ ਖੁਸ਼ ਸਨ । ਪਰ ਅਫਸੋਸ ਜਿਉਂ ਜਿਉਂ ਚੰਨੀ ਵੱਡੀ ਹੋ ਰਹੀ ਸੀ ਉਹ ਵੀ ਪੰਜਾਬੋ ਦੀਆਂ ਬਾਕੀ ਔਲਾਦਾਂ ਵਾਂਗ ਹੁੰਦੀ ਜਾ ਰਹੀ ਸੀ 'ਝੂਠੀ ਅਤੇ ਡਰਾਮੇਬਾਜ਼'। 

ਪੰਜਾਬੋ ਪਹਿਲਾਂ ਨਾਲੋਂ ਵੀ ਜਿਆਦਾ ਦੁਖੀ ਤੇ ਪਰੇਸ਼ਾਨ ਸੀ ਪਰ ਵਿਚਾਰੀ ਕੀ ਕਰਦੀ। ਰੋ ਰਹੀ ਸੀ ਆਪਣੀ ਕਿਸਮਤ ਨੂੰ ਤੇ ਨਾਲ ਨਾਲ ਕਹਿ ਰਹੀ ਸੀ -

"ਹਾਏ! ਨੀ ਚੰਨੀ, 
ਬੜੀ ਆਸ ਨਾ ਜੰਮੀ, 
ਪਰ ਉਹ ਵੀ ਨਿਕੰਮੀ। 

ਹੁਣ ਇੱਕ ਵਾਰ ਫਿਰ ਸਭ ਭੈਣ ਭਰਾ ਰਿਸ਼ਤੇਦਾਰ ਅਰਦਾਸਾਂ ਕਰ ਰਹੇ ਸਨ ਕਿ ਪਰਮਾਤਮਾ ਪੰਜਾਬੋ ਦੇ ਦੁੱਖ ਨੂੰ ਸਮਝੇ ਤੇ ਉਸਦੀ ਔਲਾਦ ਨੂੰ ਸੋਝੀ ਦੇਵੇ ਕਿ ਉਹ ਆਪਣੀ ਮਾਂ ਬਾਰੇ ਸੋਚ ਸਕਣ। ਉਸਦੇ ਦੁੱਖਾਂ ਨੂੰ ਸਮਝ ਉਸਦੇ ਅੱਥਰੂ ਪੂੰਝ ਸਕਣ ।