ਸ਼ੁਕਰ

ਸ਼ੇਅਰ ਕਰੋ
ਸ਼ੁਕਰ

ਅੱਜ ਸਵੇਰ ਦੀ ਹੀ ਗੱਲ ਆ।

ਬੇਬੇ ਨੂੰ ਚਾਹ ਨਾਲ ਪਰੌਂਠੇ ਬਣਾਉਣ ਨੂੰ ਕਿਹਾ ਸੀ । ਇੰਨਾ ਕਹਿ ਕੇ ਮੈਂ ਨਹਾਉਣ ਚਲਾ ਗਿਆ । ਜਦ ਨਹਾ ਕੇ ਆਇਆ ਅਤੇ ਤਿਆਰ ਹੋ ਕੇ ਚਾਹ ਮੰਗੀ  ਤਾਂ ਬੇਬੇ ਨੇ ਚਾਹ ਦੇ ਦਿੱਤੀ ਪਰ ਪਰੌਂਠੇ ਨਹੀਂ ਦਿੱਤੇ। ਮੈਂ ਕਿਹਾ ਬੇਬੇ ਪਰੌਂਠੇ ? ਬੇਬੇ ਕਹਿੰਦੀ ਬੇਟਾ ਬਣਾਏ ਨਹੀਂ ਪਰੌਂਠੇ ! ਪਹਿਲਾਂ ਤਾਂ ਥੋੜਾ ਗੁੱਸਾ ਆਇਆ ਪਰ ਫੇਰ ਮੈਂ ਚਾਹ ਹੀ ਛੱਡ ਕੇ ਬਾਹਰ ਨੂੰ ਤੁਰ ਪਿਆ । 

ਅਜੇ ਗੇਟ ਖੋਲਿਆ ਹੀ ਸੀ ਕਿ ਗੇਟ ਤੇ ਛੇ ਕੁ ਸਾਲ ਦੀ ਕੁੜੀ ਖੜੀ ਸੀ। ਸ਼ਾਇਦ ਬਾਲਟੀਆਂ ਨੂੰ ਥੱਲੇ ਲਾਉਣ ਵਾਲਿਆਂ ਦੀ ਕੁੜੀ ਸੀ। ਮੈਂ ਉਸਨੂੰ ਅਣ ਦੇਖਿਆ ਕਰਕੇ ਅੱਗੇ ਵਧਣ ਹੀ ਲੱਗਾ ਸੀ ਕਿ ਉਸਨੇ ਮੇਰੀ ਬਾਂਹ ਫੜ ਲਈ ਤੇ ਆਖਿਆ।

ਭਾਜੀ ਭੁੱਖ ਲੱਗੀ ਆ । ਰੋਟੀ ਖਾਣੀ । ਇੰਨਾ ਸੁਣਦੇ ਹੀ ਮੇਰੀਆਂ ਅੱਖਾਂ ਭਰ ਆਈਆਂ। ਮੈਂ ਉਸਨੂੰ ਆਪਣੇ ਨਾਲ ਅੰਦਰ ਲੈ ਆਇਆ। ਬੇਬੇ ਨੂੰ ਕਿਹਾ ਕਿ ਕੁੜੀ ਨੂੰ ਰੋਟੀ ਖਵਾ ਦਿਓ। ਉਹ ਮੰਜੇ ਤੇ ਬੈਠ ਗਈ ਤੇ ਕੁਝ ਗੁਣਗੁਣਾਉਣ ਲੱਗੀ । ਜਦ ਨੂੰ ਬੇਬੇ ਨੇ ਰੋਟੀ ਲਿਆ ਦਿੱਤੀ। ਉਸਨੇ ਬੜੇ ਸਲੀਕੇ ਨਾਲ ਰੋਟੀ ਖਾਣੀ ਸ਼ੁਰੂ ਕਰ ਦਿੱਤੀ ਜਿਵੇਂ ਬਹੁਤ ਸੂਝਬੂਝ ਵਾਲੀ ਮੱਤ ਹੋਵੇ। ਰੋਟੀ ਖਾਣ ਤੋਂ ਬਾਅਦ ਉਸਨੇ ਤੇ ਮੈਂ ਇਕੱਠਿਆਂ ਚਾਹ ਪੀਤੀ। 

ਚਾਹ ਪੀਂਦੇ ਪੀਂਦੇ ਮੈਂ ਸੋਚ ਰਿਹਾ ਸੀ ਕਿ ਵੈਸੇ ਤਾਂ ਆਪਾਂ ਨਵਾਂ ਸਮਾਜ ਸਿਰਜਣ ਦੀਆਂ ਗੱਲਾਂ ਕਰਦੇ ਆਂ ਪਰ ਧੀਆਂ ਅੱਜ ਵੀ ਘਰ ਘਰ ਮੰਗ ਕੇ ਖਾਂਦੀਆ ਨੇ। ਬੱਚਿਆਂ ਲਈ ਅਨੇਕਾਂ ਕਨੂੰਨ ਬਣੇ ਆ ਪਰ ਲਾਗੂ ਕਰਨ ਵਾਲਿਆਂ ਕਰਕੇ ਬੱਚਿਆਂ ਤੱਕ ਨਹੀਂ ਪਹੁੰਚ ਪਾਉਂਦੇ। ਜਿਸ ਉਮਰ ਚ ਇਸ ਕੁੜੀ ਨੂੰ ਪੜ੍ਹਨਾ ਚਾਹੀਦਾ ਹੈ ਉਸ ਉਮਰ ਚ ਉਹ ਲੋਕਾਂ ਦੇ ਕੰਮ ਆਉਂਦੀ ਹੈ ਤੇ ਆਪਣੇ ਮਾਂ ਬਾਪ ਨਾਲ ਹੱਥ ਵਟਾਉਂਦੀ ਹੈ। ਕੀ ਗਰੀਬ ਦੇ ਬੱਚਿਆਂ ਦੀ ਜਿੰਦਗੀ ਚ ਇਹ ਸਭ ਕੁਛ ਹੀ ਹੈ ?
 
ਐਨੇ ਨੂੰ ਕੁੜੀ ਬੋਲੀ ਭਾਜੀ ਦੋ ਰੋਟੀਆਂ ਹੋਰ ਦੇ ਦਿਓ। ਮੰਮੀ ਨੇ ਵੀ ਖਾਧੀ ਨਹੀਂ ਰੋਟੀ ਅਜੇ। ਮੈਂ ਬੇਬੇ ਨੂੰ ਕਹਿ ਕੇ ਦੋ ਚਾਰ ਰੋਟੀਆਂ ਨਾਲ ਸਬਜ਼ੀ ਬੰਨ ਕੇ ਉਸਨੂੰ ਦੇ ਦਿੱਤੀਆਂ। ਨਾਲ ਠੰਡੇ ਪਾਣੀ ਦੀ ਬੋਤਲ ਵੀ ਦੇ ਦਿੱਤੀ ਤੇ ਕਿਹਾ ਕਿ ਫੇਰ ਬਾਅਦ ਚ ਰੋਟੀ ਖਾਣੀ ਹੋਈ ਤਾਂ ਆ ਜਾਵੀਂ ਜਦੋ ਮਰਜ਼ੀ। ਉਹ ਧੀ ਰਾਣੀ ਖੁਸ਼ ਹੋ ਕੇ ਠੀਕ ਆ ਕਹਿ ਕੇ ਚੱਲ ਪਈ। ਮੈਂ ਥੋੜੇ ਪੈਸੇ ਦਿੰਦਾ ਸੀ ਉਸਨੂੰ ਕੇ ਦੁਕਾਨ ਤੋਂ ਕੋਈ ਚੀਜ਼ ਲੈ ਕੇ ਖਾ ਲੈਣਾ ਪਰ ਉਸ ਧੀ ਦਾ ਜਵਾਬ ਸੁਣ ਦਿਲ ਰੋ ਪਿਆ, ਉਹ ਕਹਿੰਦੀ ਨਹੀਂ ਭਾਜੀ ਪੈਸੇ ਨਹੀਂ ਲੈਣੇ। ਕੱਲ ਦੁਪਹਿਰ ਨੂੰ ਰੋਟੀ ਖਾਧੀ ਸੀ। ਮੁੜਕੇ ਕਿਤੇ ਕੰਮ ਨੀ ਮਿਲਿਆ। ਇਸ ਕਰਕੇ ਰਾਤ ਰੋਟੀ ਪੱਕੀ ਨਹੀਂ। ਇਸ ਕਰਕੇ ਰਾਤ ਦੀ ਭੁੱਖ ਸੀ। ਉਹ ਹੁਣ ਰੋਟੀ ਖਾਣ ਨਾਲ ਹਟ ਗਈ। ਹੁਣ ਕੰਮ ਲੱਭਦੇ ਆਂ ਪਿੰਡ ਚ ਘੁੰਮ ਕੇ। ਬਿਨਾ ਕੰਮ ਤੋਂ ਕਿਸੇ ਕੋਲੋਂ ਪੈਸੇ ਨਹੀਂ ਲੈਣੇ, ਮੰਮੀ ਕਹਿੰਦੀ ਆ। ਇੰਨਾ ਕਹਿ ਕੇ ਉਹ ਚਲੀ ਗਈ। 

ਉਸਦੇ ਨਿੱਕੀ ਉਮਰੇ ਵੱਡੇ ਬੋਲ ਦਿਲ ਨੂੰ ਚੀਰ ਗਏ। ਮੇਰੀ ਬੇਬੇ ਵੀ ਉਸਨੂੰ ਵੇਖ ਕੇ ਹੈਰਾਨ ਰਹਿ ਗਈ। ਬੇਬੇ ਨੇ ਜਾਣ ਲੱਗੀ ਨੂੰ ਸਿਰ ਤੇ ਹੱਥ ਰੱਖ ਪਿਆਰ ਦਿੱਤਾ। ਖੌਰੇ ਫੇਰ ਕਦੇ ਉਹ ਵਾਪਿਸ ਮੇਰੇ ਪਿੰਡ ਨੂੰ ਗੇੜਾ ਲਾਊਗੀ ਕੇ ਨਹੀਂ ਪਰ ਮੈਨੂੰ ਉਹ ਧੀ ਹਮੇਸ਼ਾ ਯਾਦ ਰਹੂਗੀ। ਮੈਨੂੰ ਉਹ ਬਹੁਤ ਕੁਝ ਸਿਖਾ ਗਈ। 

ਸੱਚ ਹੈ ਜੋ ਮਿਲਦਾ ਉਸ ਵਿੱਚ ਹੀ ਵਿਚਰਨਾ ਸਿੱਖਣਾ ਚਾਹੀਦਾ ਹੈ। ਜੋ ਮਿਲਦਾ ਉਸ ਵਿੱਚ ਸ਼ੁਕਰ ਕਰੋ ਰੱਬ ਦਾ ਕਿਉਂਕਿ ਕਈ ਉਸ ਨੂੰ ਵੀ ਤਰਸਦੇ ਆ ।