ਸਕੂਨ ਦਾ ਦਰਦ

ਸ਼ੇਅਰ ਕਰੋ
a pregnant lady sitting at bed

ਜਤਿੰਦਰ ਦੀ ਮਾਂ ਉਸ ਨੂੰ ਬਹੁਤ ਪਿਆਰ ਕਰਦੀ ਐ ਭਾਵੇਂ ਜਤਿੰਦਰ ਦਾ ਪਿਤਾ ਉਸ ਦੇ ਛੋਟੇ ਹੁੰਦਿਆਂ ਹੀ ਉਹਨਾਂ ਨੂੰ ਛੱਡ ਗਿਆ ਸੀ। ਪਰ ਹੁਣ ਜਤਿੰਦਰ ਨੂੰ ਦੇਖ ਦੇਖ ਕਿ ਹੀ ਉਸ ਦੀ ਮਾਂ ਅਪਣੀ ਜਿੰਦਗੀ ਖੁਸ਼ੀ ਨਾਲ ਕੱਢ ਰਹੀ ਹੈ। ਉਹ ਬੁਹਤ ਖੁਸ਼ ਹੁੰਦੀ ਜਤਿੰਦਰ ਨੂੰ ਵੱਡੇ ਹੁੰਦਿਆਂ ਦੇਖ ਕੇ। ਅੱਜ ਜਤਿੰਦਰ ਦੇ ਸਕੂਲ ਵਿੱਚ ਖਾਸ ਪ੍ਰੋਗਰਾਮ ਹੈ ਜਿਸ ਵਿੱਚ ਮਾਂ ਬਾਰੇ ਦੱਸਿਆ ਜਾਣਾ ਹੈ ਤੇ ਬੱਚਿਆ ਨੂੰ ਮਾਂ ਦੁਆਰਾ ਕੀਤੇ ਜਾਂਦੇ ਬਲਿਦਾਨ ਤੇ ਬੱਚਿਆਂ ਲਈ ਸਹੇ ਜਾਂਦੇ ਦਰਦ ਵਾਰੇ ਵਿਚਾਰ ਅਤੇ ਆਪਣੇ ਅਨੁਭਵ ਪੇਸ਼ ਕਰਨ ਲਈ ਕਈ ਮਾਵਾਂ ਅਤੇ ਬੁੱਧੀਜੀਵੀਆਂ ਵੱਲੋਂ ਸ਼ਮੂਲੀਅਤ ਕੀਤੀ ਜਾਣੀ ਹੈ । 

ਜਤਿੰਦਰ ਨੂੰ ਉਸ ਦੀ ਮਾਂ ਨੇ ਬੜੇ ਪਿਆਰ ਨਾਲ ਤਿਆਰ ਕਰਕੇ ਸਕੂਲ ਭੇਜਿਆ। ਸਕੂਲ ਵਿੱਚ ਮਾਂ ਵਿਸ਼ੇ ਤੇ ਬਹੁਤ ਕੁਝ ਦੱਸਿਆ ਗਿਆ ਕਿ ਕਿਸ ਤਰਾਂ ਇੱਕ ਮਾਂ ਬੱਚੇ ਨੂੰ ਗਰਭ ਵਿੱਚ ਧਾਰਨ ਕਰਨ ਤੋਂ ਲੈ ਕੇ ਜਨਮ ਦੇਣ ਤੱਕ ਕਿੰਨੇ ਦਰਦ ਝੱਲਦੀ ਹੈ ਤੇ ਜਨਮ ਦੇਣ ਸਮੇਂ ਮਾਂ ਕਿੰਨਾ ਦਰਦ ਸਹਿਣ ਕਰਦੀ ਹੈ। ਇਹ ਸਭ ਜਤਿੰਦਰ ਨੂੰ ਹੈਰਾਨ ਕਰ ਰਿਹਾ ਸੀ ਤੇ ਉਸ ਦੇ ਮਨ ਵਿੱਚ ਮਾਂ ਪ੍ਰਤੀ ਪਿਆਰ ਨੂੰ ਵਧਾ ਰਿਹਾ ਸੀ ਅਤੇ ਕੁੱਝ ਸਵਾਲ ਸੀ ਜੋ ਉਹ ਆਪਣੀ ਮਾਂ ਤੋਂ ਪੁੱਛਣ ਲਈ ਬਹੁਤ ਕਾਹਲਾ ਸੀ। ਜਿਵੇਂ ਹੀ ਉਹ ਸਕੂਲ ਤੋਂ ਘਰ ਆਇਆ ਤੇ ਜੋ ਸਕੂਲ ਵਿੱਚ ਸੁਣਿਆ ਬੜੀ ਹੈਰਾਨੀ ਨਾਲ ਮਾਂ ਨੂੰ ਦੱਸਣ ਲੱਗਾ। 

ਜਤਿੰਦਰ - ਮਾਂ ਅੱਜ ਸਕੂਲ ਵਿੱਚ ਸਾਨੂੰ ਮਾਂ ਬਾਰੇ ਬਹੁਤ ਕੁਝ ਦੱਸਿਆ ਗਿਆ। 
ਮਾਂ- ਕੀ ਦੱਸਿਆ ਪੁੱਤਰ ?

ਜਤਿੰਦਰ - ਇਹੀ ਕਿ ਮਾਂ ਆਪਣੀ ਔਲਾਦ ਲਈ ਕੀ ਕੀ ਕੁਝ ਕਰਦੀ ਐ। 
ਮਾਂ (ਪਿਆਰ ਨਾਲ)- ਕੀ ਕਰਦੀ ਆ ਮਾਂ ਔਲਾਦ ਲਈ ? 

ਜਤਿੰਦਰ - ਮਾਂ ਤੁਹਾਨੂੰ ਪਤਾ ਕਿ ਜਦੋਂ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਸ ਨੂੰ ਅਸਹਿ ਦਰਦ ਹੁੰਦਾ ਹੈ। ਕੀ ਤੁਹਾਨੂੰ ਵੀ ਹੋਇਆ ਸੀ ? 
ਮਾਂ - ਹਾਂ ਪੁੱਤਰ। 

ਜਤਿੰਦਰ - ਮਾਂ ਫਿਰ ਤੁਸੀਂ ਮੈਨੂੰ ਜਨਮ ਹੀ ਨਹੀਂ ਦੇਣਾ ਸੀ । 
ਮਾਂ (ਅੱਖਾਂ ਵਿੱਚ ਹੰਝੂਆਂ ਨਾਲ) - ਪੁੱਤਰ ਇਹ ਨਾ ਕਹਿ ਤੇਰੀ ਇਹ ਗੱਲ ਜਿਆਦਾ ਦਰਦ ਦੇ ਰਹੀ ਹੈ ਮੈਨੂੰ। ਇਕ ਔਰਤ ਲਈ ਬੱਚੇ ਨੂੰ ਜਨਮ ਦੇਣਾ ਇੱਕ ਅਨੰਦ ਹੈ। ਜੇਕਰ ਕੋਈ ਔਰਤ ਇਸ ਤੋਂ ਵਾਂਝੀ ਰਹਿ ਜਾਵੇ ਤਾਂ ਉਹ ਸਾਰਾ ਜੀਵਨ ਦੁੱਖ ਵਿੱਚ ਕੱਟ ਦੀ ਐ। 

(ਮਾਂ ਨੂੰ ਰੋਦਾਂ ਦੇਖ) ਜਤਿੰਦਰ - ਮਾਂ ਮੈਂ ਹੁਣ ਕਦੇ ਇਹ ਗੱਲ ਨਹੀਂ ਕਰਾਂਗਾ। 

ਮਾਂ - ਔਲਾਦ ਭਾਵੇਂ ਕਿਹੋ ਜਿਹੀ ਵੀ ਹੋਵੇ ਪਰ ਇੱਕ ਮਾਂ ਲਈ ਉਸ ਨੂੰ ਜਨਮ ਦੇਣ ਦਾ ਦਰਦ ਸਕੂਨ ਦਿੰਦਾ ਹੈ। ਮਾਂ ਨੇ ਜਤਿੰਦਰ ਦਾ ਮੂੰਹ ਦੁਲਾਰਿਆ ਤੇ ਜਤਿੰਦਰ ਦੌੜ ਗਿਆ। ਮਾਂ ਉਸ ਨੂੰ ਦੇਖ ਕਿ ਖੁਸ਼ ਹੋ ਰਹੀ ਸੀ ਤੇ ਸਾਰੇ ਦਰਦ ਭੁੱਲ ਗਈ।

📝 ਸੋਧ ਲਈ ਭੇਜੋ