ਸੁੰਦਰ ਹੱਥ

ਸ਼ੇਅਰ ਕਰੋ
ਸੁੰਦਰ ਹੱਥ

ਇਹ ਕਹਾਣੀ ਲੇਖਕ ਦੇ ਆਪਣੇ ਜੱਦੀ ਪਿੰਡ ਦੇ ਸਕੂਲ ਦੀ ਹੈ, ਜਿਸ ਵਿੱਚ ਕਾਫੀ ਬੱਚੇ ਪੜ੍ਹਾਈ ਕਰਿਆ ਕਰਦੇ ਸਨ। ਉਸ ਸਕੂਲ ਦੇ ਵਿੱਚ ਉਸ ਇਲਾਕੇ ਦੇ ਕਾਫੀ ਪਿੰਡਾਂ ਦੇ ਬੱਚੇ ਮੁੰਡੇ ਅਤੇ ਕੁੜੀਆਂ ਆਪਸੀ ਮੱਤਭੇਦ, ਜਾਤ-ਪਾਤ, ਊਚ-ਨੀਚ, ਗਰੀਬ-ਅਮੀਰ ਇਨ੍ਹਾਂ ਸਭ ਬੰਧਨਾਂ ਨੂੰ ਦੂਰ ਕਰਕੇ ਉਸ ਸਕੂਲ ਦਾ ਨਾਂਅ ਉੱਨਤੀ ਅਤੇ ਬੁਲੰਦੀਆਂ ਵੱਲ ਲਿਜਾਣ ਦੀ ਤੀਬਰ ਇੱਛਾ ਰੱਖਦੇ ਸਨ ਅਤੇ ਉਸ ਸਕੂਲ ਦਾ ਸਟਾਫ ਵੀ ਤਨ-ਮਨ-ਧਨ ਦੇ ਨਾਲ ਸਾਰੇ ਵਿਦਿਆਰਥੀਆਂ ਨੂੰ ਉੱਚ ਦਰਜੇ ਦੀ ਪੜ੍ਹਾਈ ਕਰਵਾਉਣਾ ਆਪਣਾ ਪਹਿਲਾ ਨੈਤਿਕ ਫਰਜ ਸਮਝਦਾ ਸੀ।

ਇੱਕ ਦਿਨ ਉਸ ਸਕੂਲ ਵਿੱਚ ਜਿਲ੍ਹਾ ਸਿੱਖਿਆ ਅਧਿਕਾਰੀ ਦਾ ਆਗਮਨ ਹੋਇਆ ਤਾਂ ਉਸ ਜਿਲ੍ਹਾ ਸਿੱਖਿਆ ਅਧਿਕਾਰੀ ਨੇ ਸਕੂਲ ਦੀਆਂ ਗਤੀਵਿਧੀਆਂ ਤੇ ਬੱਚਿਆਂ ਦਾ ਅਧਿਆਪਕਾਂ ਪ੍ਰਤੀ ਤੇ ਅਧਿਆਪਕਾਂ ਦਾ ਬੱਚਿਆਂ ਪ੍ਰਤੀ ਅਥਾਹ ਪ੍ਰੇਮ-ਭਾਵਨਾ ਅਤੇ ਪੜ੍ਹਨ ਦੀ ਰੁਚੀ ਨੂੰ ਮੁੱਖ ਰੱਖਦਿਆਂ ਇੱਕ ਦਿਨ (ਹਫਤੇ ਕੁ ਬਾਅਦ) ਇੱਕ ਪ੍ਰੋਗਰਾਮ, ਜਿਸ ਦਾ ਨਾਂਅ 'ਸੁੰਦਰ ਹੱਥ ਮੁਕਾਬਲਾ' ਰੱਖਿਆ ਗਿਆ। ਉਹ ਅਧਿਕਾਰੀ ਇਹ ਕਹਿ ਕੇ ਚਲੇ ਗਏ।

ਇਸ ਸੰਦੇਸ਼ ਨੂੰ ਹਰ ਕਲਾਸ ਦੇ ਅਧਿਆਪਕ ਨੇ ਹਰ ਇੱਕ ਵਿਦਿਆਰਥੀ ਤੱਕ ਸਾਂਝਾ ਕੀਤਾ ਅਤੇ ਉਸ ਹੋਣ ਵਾਲੇ ਮੁਕਾਬਲੇ 'ਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਵੀ ਕੀਤਾ। ਇਹ ਮੁਕਾਬਲਾ ਸਿਰਫ ਲੜਕੀਆਂ ਲਈ ਹੀ ਰੱਖਿਆ ਗਿਆ ਸੀ। ਉਸ ਦਿਨ ਤੋਂ ਬਾਅਦ ਹਰ ਇੱਕ ਲੜਕੀ ਨੇ ਆਪੋ-ਆਪਣੇ ਹੱਥਾਂ ਨੂੰ ਸ਼ਿੰਗਾਰਨਾ ਸ਼ੁਰੂ ਕੀਤਾ। ਉਹ ਵੀ ਦਿਨ ਆ ਗਿਆ ਜਿਸ ਦਿਨ ਮੁਕਾਬਲਾ ਹੋਣਾ ਸੀ।

ਜਿਲ੍ਹਾ ਅਧਿਕਾਰੀ ਸਟਾਫ ਸਮੇਤ ਸਕੂਲ ਦੀ ਪਰਿਕਰਮਾਂ ਦੇ ਵਿਚ ਸ਼ਾਮਲ ਹੋ ਗਏ ਸੀ। ਸਾਰਾ ਸਕੂਲ ਸਟਾਫ ਸਮੇਤ ਇੱਕ ਮੰਚ 'ਤੇ ਇਕੱਠਾ ਹੋ ਗਿਆ ਕਿਉਂਕਿ ਸੁੰਦਰ ਹੱਥ ਵਾਲਾ ਮੁਕਾਬਲਾ ਰੱਖਿਆ ਹੋਇਆ ਸੀ। ਸਿੱਖਿਆ ਅਧਿਕਾਰੀ ਵੱਲੋਂ ਮੁਕਾਬਲਾ ਹਰ ਕਲਾਸ ਦੀ ਹਰ ਲੜਕੀ ਦੀ ਹਾਜਰੀ ਨੂੰ ਯਕੀਨੀ ਰੱਖਦਿਆਂ ਕੀਤਾ ਗਿਆ ਤਾਂ ਜੋ ਮੁਕਾਬਲਾ ਚੱਲਦੇ ਵਕਤ ਹਰ ਲੜਕੀ ਆਪੋ- ਆਪਣੇ ਹੱਥਾਂ ਦਾ ਜਿਲ੍ਹਾ ਸਿੱਖਿਆ ਤੋਂ ਨਿਰੀਖਣ ਕਰਵਾ ਕੇ ਆਪੋ-ਆਪਣੀ ਜਗ੍ਹਾ 'ਤੇ ਬੈਠ ਰਹੀਆਂ ਸਨ। ਮੁਕਾਬਲੇ ਦੇ ਅਖੀਰ ਦੇ ਵਿੱਚ ਇੱਕ ਬਹੁਤ ਹੀ ਗਰੀਬ ਘਰ ਦੀ ਲੜਕੀ, ਜੋ ਕਿ ਬਹੁਤ ਸਹਿਮੀ ਤੇ ਡਰੀ- ਡਰੀ ਸੀ, ਉਸ ਨੇ ਹੱਥ ਦਿਖਾਉਣ ਤੋਂ ਮਨ੍ਹਾ ਕਰ ਦਿੱਤਾ ਅਤੇ ਜਦੋਂ ਉਸ ਨੇ ਆਪਣੇ ਹੱਥਾਂ ਨੂੰ ਅੱਗੇ ਕਰਨ ਲਈ ਹਿੰਮਤ ਕੀਤੀ ਤਾਂ ਉਸ ਦੇ ਹੱਥਾਂ 'ਤੇ ਕਾਲਖ ਨਜ਼ਰ ਆ ਰਹੀ ਸੀ।

ਜਦੋਂ ਉਸ ਦੇ ਹੱਥਾਂ ਨੂੰ ਦੇਖਦਿਆਂ ਜਿਲ੍ਹਾ ਅਧਿਕਾਰੀ ਨੇ ਪੁੱਛਿਆ ਕਿ ਬੇਟਾ, ਤੇਰੇ ਹੱਥ ਇੰਨੇ ਬਦਰੰਗ ਕਿਉਂ ਹਨ? ਤਾਂ ਉਸ ਨੇ ਜਵਾਬ ਦਿੱਤਾ ਕਿ ਮੈਂ ਆਪਣੀ ਮਾਤਾ ਜੀ ਦੇ ਨਾਲ ਆਪਣੀ ਪੜ੍ਹਾਈ ਦੇ ਨਾਲ-ਨਾਲ ਘਰ ਦੇ ਹਰ ਕੰਮ ਵਿੱਚ ਉਨ੍ਹਾਂ ਨਾਲ ਹੱਥ ਵਟਾਉਣੀ ਆਂ। ਤਾਂ ਸੈਮੀਨਰ ਦੇ ਪ੍ਰਬੰਧਕ ਜਿਲ੍ਹਾ ਸਿੱਖਿਆ ਅਧਿਕਾਰੀ ਨੇ ਉਸ ਲੜਕੀ ਨੂੰ ਸਟੇਜ 'ਤੇ ਖੜ੍ਹਾ ਕੀਤਾ ਤੇ ਜੋ ਮੌਕੇ ਦਾ ਮਾਣ-ਸਨਮਾਣ ਸੀ ਉਸ ਲੜਕੀ ਨੂੰ ਹੀ ਦਿੱਤਾ ਅਤੇ ਕਿਹਾ ਕਿ ਪੜ੍ਹਾਈ ਦੇ ਨਾਲ- ਨਾਲ ਮਾਪਿਆਂ ਦੇ ਨਾਲ ਕੰਮਾਂ ਵਿੱਚ ਮੱਦਦ ਕਰਵਾਉਣੀ ਵੀ ਵਿਦਿਆਰਥੀਆਂ ਦੀ ਜਿੰਮੇਵਾਰੀ ਬਣਦੀ ਹੈ, ਜਿਵੇਂ ਕਿ ਕਿਸੇ ਲੇਖਕ ਦਾ ਕਥਨ ਹੈ:- ਹੱਥੀਂ ਨਾ ਜੋ ਕਰਦੇ ਕਾਰ, ਹੁੰਦੇ ਉਹ ਦੁਨੀਆਂ 'ਤੇ ਭਾਰ।