ਤਨਖ਼ਾਹ ਵਿਚਾਰੀ ਕੀ ਕਰੇ

ਸ਼ੇਅਰ ਕਰੋ
ਤਨਖ਼ਾਹ ਵਿਚਾਰੀ ਕੀ ਕਰੇ

ਡਿਊਟੀ ਤੋਂ ਘਰ ਆ ਕੇ ਕੁਝ ਦੇਰ ਆਰਾਮ ਕਰਨ ਦੀ ਸੋਚ ਰਿਹਾ ਸੀ ਕਿ ਆਦਤ ਅਨੁਸਾਰ ਅਚਾਨਕ ਮੋਬਾਈਲ ਫੋਨ ਫੜ ਕੇ ਬਹਿ ਗਿਆ। “ਅੱਠ ਤਾਰੀਕ ਹੋ ਗਈ ਹੈ। ਮੈਸੇਜ ਵੇਖਾਂ ਤਨਖ਼ਾਹ ਤਾਂ ਲੱਗਦਾ ਹੈ ਕਿ ਅੱਜ ਵੀ ਨਹੀਂ ਪੈਣੀ ।” ਮੈਂ ਆਪਣੇ ਆਪ ਨਾਲ ਹੀ ਗੱਲਾਂ ਕਰੀ ਜਾ ਰਿਹਾ ਸੀ ਕਿ ਇਕਦਮ ਮੇਰੀਆਂ ਵਾਛਾਂ ਖਿੜ ਗਈਆਂ। ਰੂਹ ਖ਼ੁਸ਼ ਹੋ ਗਈ ਤਨਖ਼ਾਹ ਬੈਂਕ ਖਾਤੇ ਵਿੱਚ ਆਉਣ ਦਾ ਮੈਸੇਜ ਵੇਖ ਕੇ। “ਕੀ ਗੱਲ। ਬੜੇ ਖ਼ੁਸ਼ ਲੱਗ ਰਹੇ ਹੋ ਜੀ?” ਚਾਹ ਦਾ ਕੱਪ ਮੇਜ਼ 'ਤੇ ਰੱਖਦਿਆਂ ਮੇਰੀ ਪਤਨੀ ਗੁਰਪ੍ਰੀਤ ਨੇ ਮੇਰੇ ਵੱਲ ਗਹੁ ਨਾਲ ਤੱਕਦਿਆਂ ਸਵਾਲ ਦਾਗਿਆ । ਮੈਂ ਉਹਨੂੰ ਤਨਖ਼ਾਹ ਆਉਣ ਦੀ ਖ਼ਬਰ ਦਿੱਤੀ ਤਾਂ ਉਸ ਦੀਆਂ ਅੱਖਾਂ ਵਿੱਚ ਚਮਕ ਆ ਗਈ। “ਜੀ! ਮੈਂ ਹੁਣੇ ਆਈ। ਗੈਸ ਘੱਟ ਕਰ ਆਵਾਂ ਦਾਲ ਥੱਲੇ ਨਾ ਲੱਗਜੇ ਕਿਤੇ ।” 

ਉਹ ਦੌੜ ਕੇ ਰਸੋਈ ਵਿੱਚ ਗਈ ਅਤੇ ਕਾਹਲੇ ਕਾਹਲੇ ਕਦਮ ਪੁੱਟਦੀ ਵਾਪਸ ਕਮਰੇ ਵਿੱਚ ਆ ਕੇ ਮੇਰੇ ਨੇੜੇ ਹੋ ਕੇ ਬੈਠ ਗਈ ਤੇ ਆਪਣੀਆਂ ਵੱਡੀਆਂ ਅੱਖਾਂ ਘੁਮਾਉਂਦਿਆਂ ਕਹਿਣ ਲੱਗੀ, “ਮੇਰੀ ਗੱਲ ਜ਼ਰਾ ਕੁ ਠੰਢੇ ਦਿਮਾਗ਼ ਨਾਲ ਸੁਣਿਓ। ਮੈਂ ਕੋਈ ਆਪਣੇ ਵਾਸਤੇ ਨੀ ਕੁਝ ਮੰਗਣ ਲੱਗੀ। ਐਤਕੀਂ ਦੀਵਾਲੀ ਤੋਂ ਪਹਿਲਾਂ-ਪਹਿਲਾਂ ਘਰ ਵਿੱਚ ਰੰਗ- ਰੋਗਨ ਦਾ ਕੰਮ ਕਰਵਾ ਈ ਲਈਏ। ਤਿੰਨ ਚਾਰ ਦੀਵਾਲੀਆਂ ਤਾਂ ਤੁਹਾਡੇ ਲਾਰਿਆਂ ਵਿੱਚ ਹੀ ਲੰਘ ਗਈਆਂ ਨੇ। ਬਸ ਮੇਰੇ ਆਖੇ ਲੱਗ ਕੇ ਇੱਕ ਵਾਰ ਇਹ ਕੌੜਾ ਘੁੱਟ ਭਰ ਹੀ ਲਓ । ਕਦੇ ਆਪਣਾ ਘਰ ਬਾਹਰੋਂ ਚੰਗੀ ਤਰ੍ਹਾਂ ਵੇਖਿਆ ਜੇ?” ਇਸ ਤੋਂ ਪਹਿਲਾਂ ਕਿ ਮੈਂ ਕੋਈ ਜਵਾਬ ਦਿੰਦਾ ਉਹ ਮੇਰਾ ਹੱਥ ਫੜ ਕੇ ਸਮਝਾਉਣ ਵਾਲੇ ਲਹਿਜੇ ਵਿੱਚ ਬੋਲੀ, “ਵੇਖੋ ਜੀ! ਮੈਨੂੰ ਪਤਾ ਹੈ ਕਿ ਇੱਕ ਤਨਖ਼ਾਹ ਨਾਲ ਹੀ ਆਪਾਂ ਸਾਰਾ ਮਹੀਨਾ ਲੰਘਾਉਣਾ ਹੁੰਦਾ ਹੈ ਤੇ ਘਰ ਦੇ ਸਾਰੇ ਕੰਮਕਾਰ ਕਰਨੇ ਹੁੰਦੇ ਹਨ ਪਰ ਕੁਝ ਕੰਮ ਮਜ਼ਬੂਰੀ ਵੱਸ ਤੇ ਲੋਕਾਚਾਰੀ ਲਈ ਕਰਨੇ ਹੀ ਪੈਂਦੇ ਹਨ। 

ਆਹ ਮੁਹੱਲੇ ਦੇ ਸਾਰੇ ਘਰ ਵੇਖੋ ਕਿਵੇਂ ਲਿਸ਼-ਲਿਸ਼ ਕਰਦੇ ਨੇ ਤੇ ਨਾਲੇ ਅਸੀਂ ਕਿਸੇ ਤੋਂ ਘੱਟ ਆਂ। ਆਖ਼ਰ ਤੁਸੀਂ ਸਰਕਾਰੀ ਨੌਕਰੀ ਕਰਦੇ ਹੋ ਜੀ। ਆਹ ਸਾਹਮਣੇ ਵਾਲੇ ਟਿੰਕੂ ਦਾ ਪਾਪਾ ਦੁਕਾਨਦਾਰੀ ਕਰਦਾ ਵਾ ਤੇ ਘਰ ਇਵੇਂ ਲਿਸ਼ਕਾਰੇ ਮਾਰਦਾ ਜਿਵੇਂ ਤਾਜ ਮਹਿਲ ਹੋਵੇ।” ਮੈਂ ਬੜੀ ਮੁਸ਼ਕਿਲ ਨਾਲ ਮੌਕਾ ਪਾ ਕੇ ਉਸ ਦੀ ਗੱਲ ਟੋਕਦਿਆਂ ਕਿਹਾ, “ਕਮਲੀਏ! ਉਹ ਦੁਕਾਨਦਾਰ ਨਹੀਂ ਬਿਜ਼ਨਸਮੈਨ ਹੈ ਬਿਜ਼ਨਸਮੈਨ। ਨੌਕਰੀਆਂ ਵਾਲਿਆਂ ਨੂੰ ਤਾਂ ਗਿਣੀ-ਮਿਥੀ ਤਨਖ਼ਾਹ ਹੀ ਮਿਲਣੀ ਹੁੰਦੀ ਹੈ। ਬਿਜ਼ਨਸਮੈਨ ਤਿਉਹਾਰਾਂ ਅਤੇ ਹੋਰ ਵਿਸ਼ੇਸ਼ ਮੌਕਿਆਂ 'ਤੇ ਮੋਟੀ ਕਮਾਈ ਕਰਦੇ ਹਨ। ਸਮੇਂ ਦੇ ਨਾਲ ਨਾਲ ਬਿਜ਼ਨਸ ਵਧ ਜਾਂਦਾ ਹੈ ਤੇ ਨਾਲ-ਨਾਲ ਮੁਨਾਫ਼ਾ ਵੀ ਵਧਦਾ ਜਾਂਦਾ ਹੈ ਤੇ ਸਾਨੂੰ ਸਾਲ ਵਿੱਚ ਇੱਕ ਵਾਰ ਇਨਕਰੀਮੈਂਟ ਹੀ ਮਿਲਦਾ ਹੈ। ਮਹਿੰਗਾਈ ਭੱਤੇ ਦਾ ਤਾਂ ਕੋਈ ਹੁਣ ਭਰੋਸਾ ਹੀ ਨਹੀਂ ਕਿ ਮਿਲੇਗਾ ਵੀ ਕਿ ਨਹੀਂ ਹਰ ਵਿਸਾਖੀ-ਦੀਵਾਲੀ 'ਤੇ ਮੂੰਹ ਚੁੱਕ-ਚੁੱਕ ਸਰਕਾਰ ਵੱਲ ਐਂ ਵੇਖਦੇ ਆਂ ਜਿਵੇਂ ਲਾਗੀ ਲਾਗ ਉਡੀਕਦਾ ਹੋਵੇ ।” 

ਪਰ ਗੁਰਪ੍ਰੀਤ ਨੇ ਸਿਰ ਨਾਂਹ ਵਿੱਚ ਹਿਲਾਉਂਦਿਆਂ ਕਿਹਾ, “ਜੀ! ਮੈਨੂੰ ਤੁਹਾਡੀਆਂ ਇਨ੍ਹਾਂ ਗੱਲਾਂ ਦੀ ਕੋਈ ਸਮਝ ਨ੍ਹੀਂ । ਬਸ ਤੁਸੀਂ ਮੈਨੂੰ ਇੱਕ ਤਾਂ ਰੰਗ-ਰੋਗਨ ਕਰਵਾ ਦਿਓ ਤੇ ਇੱਕ ਰਸੋਈ ਵਿੱਚ ਚਿਮਨੀ ਲਵਾ ਦਿਓ । ਤੜਕਾ ਲਾਉਂਦਿਆਂ ਸਾਰੇ ਘਰ ਵਿੱਚ ਧੂੰਆਂ ਹੀ ਧੂੰਆਂ ਹੋ ਜਾਂਦਾ ਹੈ ਤੇ ਸੱਚ ਅਗਲੇ ਮਹੀਨੇ ਮੇਰੀ ਮਾਸੀ ਦੀ ਕੁੜੀ ਅਮਰੀਕਾ ਤੋਂ ਪਰਿਵਾਰ ਸਮੇਤ ਆ ਰਹੀ ਹੈ। ਕੁਝ ਨਵੀਆਂ ਬੈੱਡਸ਼ੀਟਾਂ ਤੇ ਦੋ ਕੁ ਨਵੇਂ ਕੰਬਲ ਲੈ ਲਈਏ । ਤੇ ਸਿਆਲ ਆਉਣ ਤੋਂ ਪਹਿਲਾਂ ਮੈਨੂੰ ਇੱਕ-ਦੋ ਗਰਮ ਸੂਟ ਲੈ ਦਿਓ। ਮਹੀਨਾ ਭਰ ਤਾਂ ਸਿਲਵਾਉਣ 'ਤੇ ਹੀ ਲੱਗ ਜਾਂਦਾ ਏ। ਬਸ ਹੋਰ ਮੈਨੂੰ ਕੁਝ ਨੀ ਚਾਹੀਦਾ।” ਮੈਂ ਉਸ ਤੋਂ ਖਹਿੜਾ ਛਡਵਾਉਣ ਲਈ ਅਣਮੰਨੇ ਜਿਹੇ ਮਨ ਨਾਲ ਕਿਹਾ, ਚੱਲ ਵੇਖਦੇ ਆਂ ਕੋਈ ਜੁਗਾੜ ਲਾ ਕੇ ਤੂੰ ਚਿੰਤਾ ਨਾ ਕਰ । ਅੱਜ ਰਾਤ ਨੂੰ ਫਿਰ ਕੀ ਖਵਾ ਰਹੀ ਏਂ ਖਾਣੇ ਵਿੱਚ? 

ਮੈਂ ਉਸ ਦਾ ਧਿਆਨ ਇਨ੍ਹਾਂ ਗੱਲਾਂ ਵੱਲੋਂ ਹਟਾਉਣ ਲਈ ਪਿਆਰ ਭਰੇ ਲਹਿਜੇ ਵਿੱਚ ਪੁੱਛਿਆ ਤਾਂ ਉਹ ਇਕਦਮ ਉੱਠ ਕੇ ਕਹਿਣ ਲੱਗੀ, “ਹਾਏ ਰੱਬਾ! ਤੁਸੀਂ ਤਾਂ ਮੈਨੂੰ ਆਪਣੀਆਂ ਗੱਲਾਂ ਵਿੱਚ ਉਲਝਾ ਕੇ ਦਾਲ ਥੱਲੇ ਲਵਾ ’ਤੀ ਹੋਣੀ ਐ। ਬੱਚਿਆਂ ਨੂੰ ਤਾਂ ਪਹਿਲਾਂ ਈ ਕੋਈ ਚੀਜ਼ ਪਸੰਦ ਨਹੀਂ ਆਉਂਦੀ।” ਉਹ ਬੁੜ-ਬੁੜ ਕਰਦੀ ਰਸੋਈ ਵਿੱਚ ਜਾ ਵੜੀ ਤੇ ਮੈਂ ਉਸ ਦੀਆਂ ਫਰਮਾਇਸ਼ਾਂ ਦੇ ਖਰਚੇ ਦਾ ਹਿਸਾਬ ਲਾਉਣ ਲੱਗ ਪਿਆ ।

“ਪਾਪਾ-ਪਾਪਾ ਤੁਸੀਂ ਆ ਗਏ ਓ?” ਉੱਚੀ-ਉੱਚੀ ਆਵਾਜ਼ਾਂ ਮਾਰਦੇ ਸੱਤਵੀਂ ਵਿੱਚ ਪੜ੍ਹਦੇ ਮੇਰੇ ਪੁੱਤਰ ਹਰਨੂਰ ਨੇ ਕਮਰੇ ਵਿੱਚ ਪੈਰ ਧਰਿਆ । ਮੈਂ ਸਵਾਲੀਆਂ ਨਜ਼ਰਾਂ ਨਾਲ ਵੇਖਿਆ ਤਾਂ ਉਹ ਨਿੱਕੇ ਜਿਹੇ ਬੱਚੇ ਵਾਂਗ ਮੇਰੀ ਗੋਦੀ ਵਿੱਚ ਆ ਬੈਠਾ ਤੇ ਪਿਆਰ ਨਾਲ ਪੁਚਕਾਰਦਿਆਂ ਕਹਿਣ ਲੱਗਾ, “ਪਾਪਾ ਜੀ! ਅਗਲੇ ਹਫ਼ਤੇ ਸਾਡੇ ਸਕੂਲ ਦਾ ਡਲਹੌਜ਼ੀ ਦਾ ਟਰਿੱਪ ਜਾ ਰਿਹਾ ਹੈ। ਮੇਰੇ ਸਾਰੇ ਦੋਸਤ-ਮਿੱਤਰ ਜਾ ਰਹੇ ਨੇ ਤੇ ਮੈਂ ਵੀ ਆਪਣਾ ਨਾਮ ਲਿਖਵਾ ਦਿੱਤਾ ਹੈ। ਮੈਨੂੰ ਜਾਣ ਦਿਓਗੇ ਨਾ? ਮੇਰੇ ਸੋਹਣੇ ਪਾਪਾ ਪਲੀਜ਼।” ਉਸ ਦੇ ਮਾਸੂਮ ਮੂੰਹ ਵੱਲ ਵੇਖ ਕੇ ਮੈਥੋਂ ਨਾਂਹ ਨਹੀਂ ਹੋਈ ਤੇ ਮੈਂ ਮੁਸਕਰਾਉਂਦੇ ਹੋਏ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ। 

ਉਹ ਖ਼ੁਸ਼ੀ ਵਿੱਚ ਛਾਲਾਂ ਮਾਰਨ ਲੱਗ ਪਿਆ ਤੇ ਬੋਲਿਆ, “ਪਾਪਾ ਜੀ! ਮੈਡਮ ਨੇ ਟਰਿਪ ਲਈ ਚਾਰ ਹਜ਼ਾਰ ਰੁਪਏ ਮੰਗਵਾਏ ਹਨ।” ਮੈਂ ਬਾਕੀ ਖਰਚਿਆਂ ਵੱਲ ਧਿਆਨ ਮਾਰਿਆ ਪਰ ਫਿਰ ਵੀ ਮੈਂ ਉਸਨੂੰ ਚਾਰ ਹਜ਼ਾਰ ਰੁਪਏ ਦੇਣ ਲਈ ਹਾਮੀ ਭਰ ਦਿੱਤੀ । ਉਹ ਭੰਗੜੇ ਪਾਉਂਦਾ ਗਲੀ ਵੱਲ ਦੌੜ ਗਿਆ । ਰੌਲਾ ਸੁਣ ਕੇ ਮੇਰੀ ਧੀ ਗੁਰਨੂਰ ਵੀ ਮੇਰੇ ਕੋਲ ਆ ਗਈ ਅਤੇ ਨਾਰਾਜ਼ ਹੁੰਦਿਆਂ ਕਹਿਣ ਲੱਗ ਪਈ, “ਪਾਪਾ! ਤੁਸੀਂ ਹਰਨੂਰ ਨੂੰ ਜ਼ਿਆਦਾ ਪਿਆਰ ਕਰਦੇ ਹੋ ਉਸ ਦੀ ਹਰ ਗੱਲ ਮੰਨ ਲੈਂਦੇ ਹੋ। ਮੈਨੂੰ ਤਾਂ ਟਰਿਪ 'ਤੇ ਭੇਜਿਆ ਨਹੀਂ ਤੇ ਉਸ ਦੀ ਵਾਰੀ ਝੱਟ ਹਾਂ ਕਰ ਦਿੱਤੀ ਐ ਤੁਸੀਂ। ਮੈਂ ਅੱਠਵੀਂ ਜਮਾਤ ਵਿੱਚ ਸੀ, ਜਦੋਂ ਦੀ ਤੁਹਾਡੇ ਤੋਂ ਐਕਟਿਵਾ ਮੰਗ ਰਹੀ ਹਾਂ। ਹੁਣ ਤਾਂ ਮੈਂ ਦਸਵੀਂ ਵਿੱਚ ਹੋ ਗਈ ਹਾਂ। ਹੁਣ ਤਾਂ ਮੈਨੂੰ ਐਕਟਿਵਾ ਲੈ ਦਿਓ। ਮੈਂ ਕੱਲ੍ਹ ਤੋਂ ਸਾਈਕਲ 'ਤੇ ਨਹੀਂ ਜਾਣਾ ਟਿਊਸ਼ਨ ਪੜ੍ਹਨ।” 

ਉਹ ਰੁੱਸ ਕੇ ਕਮਰੇ ਵਿੱਚੋਂ ਨਿਕਲ ਕੇ ਵਿਹੜੇ ਵਿੱਚ ਕੁਰਸੀ 'ਤੇ ਕਿਤਾਬ ਫੜ ਕੇ ਬੈਠ ਗਈ । ਮੈਂ ਆਪਣੇ ਮਨ ਵਿੱਚ ਸੋਚਿਆ ਕਿ ਗੁਰਨੂਰ ਦੀ ਗੱਲ ਵੀ ਆਪਣੀ ਥਾਂ ਬਿਲਕੁਲ ਸਹੀ ਸੀ। ਟਿਊਸ਼ਨ ਜਾਣ ਲਈ ਉਸ ਨੂੰ ਸਕੂਟਰ ਦੀ ਸੱਚਮੁੱਚ ਹੀ ਲੋੜ ਸੀ । ਮੈਂ ਹਰ ਮਹੀਨੇ ਉਸ ਨੂੰ ਅਗਲੀ ਵਾਰੀ ਦਾ ਕਹਿ ਕੇ ਟਾਲਦਾ ਆ ਰਿਹਾ ਸੀ ਕਿਉਂਕਿ ਮੈਂ ਇੱਕ ਹੋਰ ਨਵੀਂ ਕਿਸ਼ਤ ਭਰਨ ਦੀ ਹਾਲਤ ਵਿੱਚ ਨਹੀਂ ਸੀ । ਅਜੇ ਮੈਂ ਇਨ੍ਹਾਂ ਵਿਚਾਰਾਂ ਦੀ ਘੁੰਮਣ ਘੇਰੀ ਵਿੱਚ ਹੀ ਫਸਿਆ ਹੋਇਆ ਸੀ ਕਿ ਦੂਜੇ ਕਮਰੇ ਵਿੱਚੋਂ ਮਾਤਾ ਜੀ ਨੇ ਉੱਚੀ ਸਾਰੀ ਆਵਾਜ਼ ਵਿੱਚ ਕਿਹਾ,"ਵੇ ਪੰਮਿਆਂ! ਪੁੱਤ ਬਾਜ਼ਾਰੋਂ ਆਉਂਦਾ ਮੇਰੀਆਂ ਦਵਾਈਆਂ ਲੈ ਆਵੀਂ, ਬਸ ਖ਼ਤਮ ਹੀ ਹੋ ਚੱਲੀਆਂ ਨੇ । ਤੇ ਨਾਲੇ ਗੈਸ ਦੀਆਂ ਗੋਲੀਆਂ ਦਾ ਪੱਤਾ ਤੇ ਗੋਡਿਆਂ 'ਤੇ ਲਾਉਣ ਵਾਲੀ ਟੂਬ ਵੀ ਲੈ ਆਈਂ। ਗੋਡੇ ਬੜੀ ਪੀੜ ਕਰਦੇ ਨੇ ਮੇਰੇ ਅੱਜਕੱਲ੍ਹ ।” 

ਮੈਂ ਸਕੂਟਰ ਫੜ ਕੇ ਬਾਜ਼ਾਰ ਵੱਲ ਨੂੰ ਚੱਲ ਪਿਆ ਅਤੇ ਸੋਚਦਾ ਹਾਂ ਕਿ ਇਨ੍ਹਾਂ ਖਰਚਿਆਂ ਤੋਂ ਇਲਾਵਾ ਰਾਸ਼ਨ-ਪਾਣੀ ਦਾ ਖਰਚਾ, ਰਿਸ਼ਤੇਦਾਰੀਆਂ 'ਚ ਆਉਣ-ਜਾਣ ਦਾ ਖਰਚਾ, ਕੱਪੜੇ-ਲੀੜੇ ਦਾ ਖਰਚਾ ਅਤੇ ਹੋਰ ਕਈ ਅਣਗੌਲੇ ਖਰਚੇ ਜਿਹੜੇ ਇਕਦਮ ਸੱਪ ਵਾਂਗ ਸਿਰੀ ਕੱਢ ਕੇ ਸਾਹਮਣੇ ਆ ਖਲੋਂਦੇ ਹਨ ਅਤੇ ਫੁੰਕਾਰੇ ਮਾਰ-ਮਾਰ ਕੇ ਘਰ ਦੇ ਬਜਟ ਨੂੰ ਡਾਂਵਾਡੋਲ ਕਰ ਜਾਂਦੇ ਹਨ । ਇਨ੍ਹਾਂ ਸਭ ਖਰਚਿਆਂ ਦਾ ਭਾਰ ਸਿਰਫ਼ ਤੇ ਸਿਰਫ਼ ਇੱਕ ਵਿਚਾਰੀ ਤਨਖ਼ਾਹ ਹੀ ਚੁੱਕ ਰਹੀ ਸੀ। ਤੇ ਕਿਸ ਤਰ੍ਹਾਂ ਚੁੱਕ ਰਹੀ ਸੀ ਉਹ ਮੈਂ ਹੀ ਜਾਣਦਾ ਸੀ ਤੇ ਜਾਂ ਉੱਪਰ ਵਾਲਾ ।