ਜੋਤ ਦਾ ਜਨਮਦਿਨ ਸੀ ਤੇ ਉਹ ਬਹੁਤ ਖੁਸ਼ ਸੀ। ਖੁਸ਼ੀ ਖੁਸ਼ੀ ਤਿਆਰ ਹੋ ਕੇ ਕਾਲਜ ਗਈ, ਪਾਰਟੀ ਕੀਤੀ ਤੇ ਘਰ ਆਈ ਤਾਂ ਰਿਸ਼ਤੇਦਾਰਾਂ ਦੇ ਫੋਨ ਆ ਰਹੇ ਸੀ ਕਿ "ਪੁੱਤਰ ਜਨਮਦਿਨ ਦੀਆਂ ਮੁਬਾਰਕਾਂ।"
ਘਰ ਵਿੱਚ ਵੀ ਅੱਜ ਵਧੀਆ ਵਧੀਆ ਪਕਵਾਨ ਬਣ ਰਹੇ ਸੀ ਪਰ ਜੋਤ ਥੋੜੀ ਜੀ ਦੁਖੀ ਸੀ ਕਿਉਂਕਿ ਭਰਾ ਕਨੇਡਾ ਵਿੱਚ ਸੀ। ਇਸ ਵਾਰ ਕੋਈ ਕੇਕ ਲਿਆ ਕੇ ਖੁਸ਼ ਕਰਨ ਵਾਲਾ ਨਹੀਂ ਸੀ। ਸ਼ਾਮ ਨੂੰ ਉਸਦੇ ਪਾਪਾ ਨੇ ਪੁੱਛਿਆ "ਕਿ ਪੁੱਤਰ ਕੁੱਝ ਖਾਣਾ ਤਾਂ ਦੱਸ ਦੇ ਲਿਆ ਦੇਣੇ" ਆ ਪਰ ਜੋਤ ਨੇ ਮਨਾਂ ਕਰ ਦਿੱਤਾ ਕਿਉਂਕਿ ਉਹਨੂੰ ਵੀਰੇ ਦੀ ਬਹੁਤ ਯਾਦ ਆ ਰਹੀ ਸੀ ਕਿ ਜੇ ਵੀਰਾ ਇੱਥੇ ਹੁੰਦਾ ਬਿਨਾਂ ਪੁੱਛੇ ਹੀ ਕਿੰਨਾ ਕੁੱਝ ਲਿਆ ਕੇ ਰੱਖ ਦਿੰਦਾ ਪਰ ਅੱਜ ਤਾਂ ਉਹਨੇ ਮੈਨੂੰ ਫੋਨ ਕਰਕੇ ਵਧਾਈਆਂ ਵੀ ਨੀ ਦਿੱਤੀਆਂ। ਸ਼ਾਮ ਦੇ ਜਦੋਂ ਸੱਤ ਕੁ ਵੱਜੇ ਤਾਂ ਘਰ ਦੇ ਬਾਹਰ ਗੱਡੀ ਦਾ ਹੌਰਨ ਸੁਣਿਆ।
ਉਸਦੇ ਮੰਮੀ ਨੇ ਕਿਹਾ ਕਿ "ਪੁੱਤ ਜਲਦੀ ਜਾ ਤੇਰੇ ਪਾਪਾ ਲੱਗਦਾ ਤੇਰੇ ਲਈ ਕੁੱਝ ਲੈ ਕੇ ਆਏ ਆ"। ਜੋਤ ਭੱਜੀ ਭੱਜੀ ਗਈ ਤੇ ਦੇਖਿਆ ਕੇ ਬਾਹਰ ਉਸਦੇ ਭਰਾ ਦੇ ਦੋ ਦੋਸਤ ਉਸਦੇ ਭਰਾ ਦੇ ਕਹਿਣ ਤੇ ਕੇਕ ਤੇ ਗਿਫਟ ਲੈ ਕੇ ਆਏ ਸੀ। ਜੋਤ ਨੇ ਉਹਨਾਂ ਨੂੰ ਕਿਹਾ ਕੇ ਵੀਰੇ ਅੰਦਰ ਆ ਜਾਓ ਇਕੱਠੇ ਸਾਰੇ ਕੇਕ ਕੱਟਦੇ ਆ। ਉਹ ਅੰਦਰ ਆਏ ਪਰ ਸਮਾਨ ਫੜਾ ਕੇ ਸਭ ਨੂੰ ਮਿਲ ਕੇ ਚਲੇ ਗਏ ਅਤੇ ਨਾਲ ਹੀ ਜੋਤ ਨੂੰ ਉਹਦੇ ਭਰਾ ਦਾ ਫੋਨ ਆ ਗਿਆ ਕਿ ਵਧਾਈਆਂ ਜੋਤ ਤੇ ਕਿਵੇਂ ਲੱਗਿਆ ਤੋਹਫਾ। ਹੁਣ ਜੋਤ ਬਹੁਤ ਖੁਸ਼ ਸੀ ਕਿ ਵੀਰੇ ਨੂੰ ਜਨਮਦਿਨ ਯਾਦ ਆ। ਜੋਤ ਦੇ ਗੱਲ ਕਰਦਿਆਂ ਕਰਦਿਆਂ ਜੋਤ ਦੇ ਪਾਪਾ ਨੇ ਉਸਦੀ ਮੰਮੀ ਨੂੰ ਬੁਲਾ ਕੇ ਖਰੀਆਂ ਖਰੀਆਂ ਸੁਣਾਈਆਂ ਤੇ ਕਿਹਾ "ਕਿ ਜੋਤ ਉਨ੍ਹਾਂ ਮੁੰਡਿਆਂ ਦੇ ਆਉਣ ਤੇ ਬਾਹਰ ਭੱਜੀ ਭੱਜੀ ਗਈ। ਉਸਦੀ ਮਾਂ ਨੇ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਇੱਕ ਨਾ ਸੁਣੀ ਅਤੇ ਗੁੱਸੇ ਹੋ ਕੇ ਬੈਠ ਗਈ।
ਇਸ ਲਈ ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ "ਨਜਰ ਦਾ ਇਲਾਜ ਤਾਂ ਹੋ ਸਕਦਾ ਪਰ ਨਜ਼ਰੀਏ ਦਾ ਨਹੀਂ"। ਇਸ ਕਰਕੇ ਮਾਂ ਬਾਪ ਨੂੰ ਹਮੇਸ਼ਾ ਬੱਚਿਆਂ ਨੂੰ ਗਲਤ ਨਹੀਂ ਸਮਝਣਾ ਚਾਹੀਦਾ ਤੇ ਉਨ੍ਹਾਂ ਦੀ ਖੁਸ਼ੀ ਚ ਖੁਸ਼ ਹੋਣਾ ਚਾਹੀਦਾ।