ਘਰਾਂ ਵਿੱਚੋਂ ਵਿਹਲ ਕਿੱਥੇ ? ‘ਭੂੰਡਾ ਭੰਡਾਰੀਆ ਕਿੰਨਾ ਕੁ ਭਾਰ ? ਇਕ ਮੁੱਠੀ ਚੁਕ ਲੈ, ਦੂਜੀ ਤਿਆਰ ।' ਕੋਈ ਨਾ ਕੋਈ ਪੁਆੜਾ ਪਿਆ ਹੀ ਰਹਿੰਦਾ ਹੈ।
ਦਲੀਪ ਕੌਰ ਨੇ ਆਪਣੇ ਵੱਲੋਂ ਬੜੀ ਪਕਿਆਈ ਤੇ ਚੌਕਸੀ ਨਾਲ ਇਹ ਕਾਰੇ ਕੀਤੇ ਸਨ, ਪਰ ਭੁੰਨਿਆਂ ਗੰਢਾ ਤੇ ਮੁਨਿਆ ਜੋਗੀ ਕਦ ਲੁਕਿਆ ਰਹਿ ਸਕਦਾ ਹੈ ?
ਮਾਈ ਲੋਈ ਨੇ ਮਨਾਣ ਲਈ ਬੜੇ ਤਰਲੇ ਲਏ, ਪਰ ਕਬੀਰ ਜੀ ਨਾ ਹੀ ਮੰਨੇ । ਘਰਾਂ ਵਿਚ ਕਹਿੰਦੇ ਨੇ, ਭਾਂਡੇ ਵੀ ਠਹਿਕ ਪੈਂਦੇ ਨੇ । ਕੋਈ ਵਿਰਲਾ ਹੀ ਘਰ ਹੋਵੇਗਾ, ਜਿੱਥੇ ਵਹੁਟੀ ਖਸਮ ਕਦੇ ਵੀ ਆਪਸ ਵਿਚ ਨਰਾਜ਼ ਨਾ ਹੁੰਦੇ ਹੋਣ ।
ਦਿਨ ਢਲਣ ਲੱਗਿਆਂ ਕੋਲੰਬੂ ਦੇ ਬਜ਼ਾਰਾਂ ਤੇ ਲੰਮੇ ਜਹਾਜ਼ੀ ਸਫਰ ਦੀਆਂ ਤਿਆਰੀਆਂ ਦੇ ਧੰਧਿਆਂ ਤੋਂ ਛੁਟਕਾਰਾ ਪਾ ਕੇ ਮੈਂ ਬੰਦਰਗਾਹ ਦੇ ਕਿਨਾਰੇ ਨਿਯਤ ਕੀਤੀ ਥਾਂ ਤੇ ਜਾ ਪੁੱਜਾ। ‘ਭੰਨੀ ਟੁਟੀ ਦਾ ਪਤਣ ਮੇਲਾ।
ਤੇਰੀ ਹਰ ਗੱਲ ਮੰਨਦੀ ਹਾਂ, ਪਰ ਤੂੰ ਫਿਰ ਵੀ ਰੁੱਸਿਆ ਹੀ ਰਹਿੰਦਾ ਏਂ। ਤੇਰੀ ਤਾਂ ਉਹੀ ਗੱਲ ਏ ਅਖੇ ‘ਭੰਨ ਘੜਾਈਆਂ ਢੇਡਲੀਆਂ ਬੂਥੜੀ ਓਹੋ।'
ਹਰ ਸਵੇਰ ਨੂੰ ਇਸ਼ਨਾਨ ਜ਼ਰੂਰ ਕੀਤਾ ਕਰੋ। 'ਭੌਂ ਵਾਹਿਆਂ, ਫਸਲ ਗਾਹਿਆਂ, ਜਾਨ ਨਹਾਇਆਂ ਹੀ ਠੀਕ ਹੁੰਦੀ ਹੈ।
ਰਲਾ ਸਿੰਘ ਜੀ, ਤੁਸਾਡੀ ਰੋਹੀ ਵਾਲੀ ਜ਼ਮੀਨ ਵੇਖ ਚਿੱਤ ਖਿੜ ਗਿਆ। ਸਿਆਣਿਆਂ ਨੇ ਸੱਚ ਕਿਹਾ ਹੈ ਜ਼ਮੀਨ ਰੋਹੀ, ਮੈਂਹ ਲੋਹੀ, ਤਲਵਾਰ ਸਰੋਹੀ, ਰੰਨ ਜੱਟੀ, ਹੋਰ ਸਭ ਖਾਣ ਦੀ ਚੱਟੀ ਏ।
ਜੋ ਜੀ ਕਰਦਾ ਈ, ਵਾਹ ਲਾ ਲੈ। ਤੇਰੇ ਛੋਕਰੇ ਨੇ ਤਾਂ ਉਹੀ ਸਬਜ਼ੀ ਵੇਚਣੀ ਹੈ। ਉਸ ਦਾ ਤਾਂ ਇਹ ਹਾਲ ਹੈ ਅਖੇ ਭੋਂ ਭੋਂ ਭੜਵਿਆ ਉਗੂ ਦੇ ਚੱਕ।
ਕਦੀ ਦਗਾ ਨਹੀਂ ਕੀਤਾ ਕਿਸੇ ਨਾਲ, ਇਸੇ ਲਈ ਹਰ ਦਮ ਸੁਖੀ ਰਹੇ ਹਾਂ । ਠੀਕ ਹੈ, 'ਭੋਲਾ ਭਾ ਨਾ ਪਛੋਤਾ।'
ਚਲਾਕੀਆਂ ਵਿੱਚ ਸੁਖ ਕਿੱਥੇ ? 'ਭੋਲੇ ਕੱਟੇ ਹੀ ਦੁੱਧ ਚੁੰਘਦੇ ਨੇ।'
ਬਸ ਰੱਬ ਦੇ ਦਰ ਤੇ ਢਹਿ ਪਉ ਹਾਰ ਕੇ, ਉਕਤੀ ਯੁਕਤੀ, ਜੋਰ ਜਬਰ, ਨਾਲ ਉਹ ਨਹੀਂ ਮਿਲਦਾ । ‘ਭੋਲਾ ਭਾਉ ਗੋਵਿੰਦ ਮਿਲਾਵੈ ।"
ਸਰਦਾਰ – ਸ਼ਾਹ ! ਤੇਰੇ ਸਾਲੇ ਦਾ ਮੈਨੂੰ ਕੀ ਪਤਾ ਸੀ, ਨਾ ਜਾਣ ਨਾ ਪਛਾਣ, ਸਿਆਣਿਆਂ ਦਾ ਕਹਿਣਾ ਹੈ, ‘ਭੋਰਾਂ ਭੂੰਡਾਂ ਦੋਸਤੀ ਇਕੋ ਜੇਹੀ ਗੂੰਜ, ਵਾਹ ਪਏ ਤਾਂ ਜਾਣੀਏ ਇਹ ਭੌਰਾ ਇਹ ਭੂੰਡ।'