ਨੀ ਅੜੀਓ ! ਸਾਰਾ ਦਿਨ ਲੱਗੀਆਂ ਰਹੀਆਂ ਫੁੱਟੀ ਚੁਣਨ ਵਿੱਚ, ਪਰ ਸਾਡੇ ਹੱਥ ਪੱਲੇ ਕੁਝ ਵੀ ਨਹੀਂ ਜਾਪਦਾ, 'ਝੁੰਗੇ ਦੀ ਚੋਣ, ਤੇਲ ਤੇ ਲੂਣ ਵਾਲਾ ਲੇਖਾ ਹੀ ਹੋਣਾ ਸੀ । ਕਪਾਹ ਦੀ ਫੁੱਟੀ ਦੀ ਆਖਰੀ ਚੋਣ ਜੋ ਸੀ।
ਪੰਚ -ਸ਼ਾਹ ! ਸੱਚ ਕਹਿਨ ਵਿੱਚ ਕੋਈ ਝਿਜਕ ਨਹੀਂ ਹੁੰਦੀ, ਡਰ ਤਾਂ ਝੂਠ ਕਹਿਣ ਵਿੱਚ ਹੀ ਹੁੰਦਾ ਹੈ। 'ਝੂਠ ਚਾਹੇ ਭੇਸ, ਸੱਚ ਕਹੇ ਮੈਂ ਨੰਗਾ ਭਲਾ।
ਦਸਖ਼ਤ ਤੁਹਾਡੀਆਂ ਰਸੀਦਾਂ ਨਾਲ ਮਿਲ ਗਏ ਹਨ, ਸੋ ਦੇਖ ਲਓ ਲਾਲਾ ਜੀ ! 'ਝੂਠ ਦੇ ਪੈਰ ਹਹੀਂ ਹੁੰਦੇ, ਸੱਚ ਨਿੱਤਰ ਆਇਆ ਹੈ।
ਇਹ ਠੀਕ ਹੈ, ਕਿ ਦੋਬਾਜਰਾ ਆਦਮੀ ਹਰ ਵੇਲੇ ਚਤੁਰਾਈ ਦੀਆਂ ਗੱਲਾਂ ਹੀ ਸੋਚਦਾ ਰਹਿੰਦਾ ਹੈ। ਗੁਰਵਾਕ ਹੈ ‘ਝੂਠੀ ਦੁਰਮਤਿ ਕੀ ਚਤਰਾਈ' ਪਰ ਉਸ ਦੇ ਹੱਥ ਪਲੇ ਫਿਰ ਵੀ ਕੁਝ ਨਹੀਂ ਪੈਂਦਾ।
ਇੱਕ-ਕਿਹਰ ਸਿੰਘ ! ਜਦ ਤੂੰ ਪਿਆਰਾ ਸਿੰਘ ਨੂੰ ਮੇਰੀ ਬਾਬਤ ਚੁਗਲੀ ਕਰਨ ਲਈ ਪੁੱਛਿਆ, ਤਾਂ ਉਸ ਨੇ ਕੀ ਆਖਿਆ ? ਦੂਜਾ-ਆਖਣਾ ਕੀ ਸੀ ? ਝੂਠੇ ਦਾ ਯਈਂ ਯਈਂ। ਬੱਸ ਇਧਰ ਉਧਰ ਦੀਆਂ ਮਾਰਨ ਲਗ ਪਿਆ ।
ਠੀਕ ਹੈ ਝੂਠ ਤੇ ਪਾਪ ਫਲਦੇ ਬੜੇ ਹਨ ਪਰ 'ਝੂਠੇ ਦਾ ਮੂੰਹ ਕਾਲਾ' ਹੁੰਦਾ ਹੈ ਇਹ ਪਖੰਡੀ ਕਦੇ ਨਾ ਕਦੇ ਜ਼ਰੂਰ ਫਸੇਗਾ ।
ਅੱਜ ਕੱਲ ਜ਼ਮੀਨਾਂ ਸਸਤੀਆਂ ਨੇ, ਪਰ ਪੱਲੇ ਹੋਣ ਦੀਆਂ ਗੱਲਾਂ ਨੇ, ਟਕੇ ਸਹਿਆ ਮਹਿੰਗਾ, ਰੁਪੀਏ ਸਹਿਆ ਸਸਤਾ।' ਜਦ ਪੈਸੇ ਕੋਲ ਹੋਏ ਤਾਂ ਮਹਿੰਗੀਆਂ ਵੀ ਲੈ ਲਵਾਂਗੇ।
ਇਸ ਦਾ ਕਾਰਨ ਬੱਸ ਇਹ ਹੈ ਕਿ ਉਸ ਅੱਲ੍ਹੜ ਕੁੜੀ ਪਾਸੋਂ ਆਪਣਾ ਕੋਈ ਭੇਦ ਖੁੱਲ ਜਾਣ ਦਾ ਉਸ ਨੂੰ ਡਰ ਸੀ । ਚਲੋ ਇਹ ਚੰਗਾ ਹੋਇਆ ਕਿ 'ਟੱਕੇ ਦੀ ਹਾਂਡੀ ਗਈ ਤੋਂ ਕੁੱਤੇ ਦੀ ਜਾਤ ਪਛਾਤੀ ਗਈ। ਨਹੀਂ ਤਾਂ ਖਬਰੇ ਕਿਹੜੇ ਕੰਡਿਆਂ ਵਿੱਚ ਘਸੀਟਦਾ ਫਿਰਨਾ ਸੀ ਮੈਂ ।
ਚੌਧਰੀ-ਗੰਨੇ ਖ਼ਾਨ ਦਾ ਕੀ ਦੋਸ਼ ? ਉਹ ਹੈ ਹੀ ਇਹੋ ਜਿਹਾ । ਉਸ ਤੋਂ ਆਸ ਰੱਖਣੀ ਤੁਹਾਡੀ ਭੁੱਲ ਹੈ। ਉਸ ਉੱਤੇ ਤਾਂ ਇਹ ਕਹਾਵਤ ਢੁਕਦੀ ਹੈ ਅਖੇ 'ਟਟੂਆ ਗਿਆ ਪਤਾਂ ਨੂੰ, ਨਾ ਪਤ ਆਏ ਨਾ ਟਟੂਆ ।
ਰਾਜ ਦੇਈ - ਮਾਸੀ ਜੀ, ਤੁਸੀਂ ਹੀ ਦੱਸੋ, ਜੇ ਪੈਸੇ ਹੀ ਖਰਚਣੇ ਹਨ, ਤਾਂ ਕਿਸੇ ਆਪਣੇ ਦੀ ਮਿੰਨਤ ਕਰਨ ਦੀ ਕੀ ਲੋੜ ? 'ਟੱਟੂ ਭਾੜੇ ਕਰਨਾ ਹੈ ਤਾਂ ਕੁੜਮਾਂ ਦਾ ਹੀ ਕਰਨਾ ਹੈ ?"
ਸ਼ਾਹ—ਓਏ, ਵੱਡਿਆ ਨਵਾਬਾ ! ਤੇਰੇ ਹੱਥ ਪਲੇ ਕੀ ਹੈ ਜੁ ਪਿੰਡ ਦਾ ਪੰਚ ਬਣੀ ਫਿਰਦਾ ਏਂ ? ਤੇਰਾ ਤਾਂ ਇਹ ਹਾਲ ਹੈ ਅਖੇ 'ਟੱਪਾ ਜ਼ਿਮੀ ਦਾ ਇੱਕ, ਤੇ ਨਾਂ ਜ਼ਿਮੀਂਦਾਰ।
ਚਾਚੀ-ਬੱਚੀ ! ਤੂੰ ਹੀ ਕਿਸੇ ਵੱਲੋਂ ਆਪਣੇ ਮਾਲਕ ਨੂੰ ਸੁਮੱਤੇ ਲਾ, ਕਿ ਉਹ ਕੋਈ ਕੰਮ ਕਾਜ ਕਰੇ। ਸਾਨੂੰ ਤੁਸਾਡਾ ਇਹ ਹਾਲ ਵੇਖ ਕੇ ਸ਼ਰਮ ਪਈ ਆਉਂਦੀ ਹੈ ਅਖੇ ‘ਟੱਬਰ ਭੁੱਖਾ ਮਰੇ ਤੇ ਬੰਨਾ ਸੈਲਾਂ ਕਰੇ' ਲੋਕੀ ਮਿਹਣੇ ਮਾਰਦੇ ਹਨ।