ਸਨ।
ਜਦ ਮੁੰਡਾ ਡੋਲੀ ਲੈ ਕੇ ਘਰ ਪਹੁੰਚਦਾ ਸੀ ਤਾਂ ਮੁੰਡੇ ਦੀ ਭੈਣ ਆਪਣੀ ਭਰਜਾਈ ਨੂੰ ਡੋਲੀ ਵਿਚੋਂ ਉਤਰਨ ਨੂੰ ਕਹਿੰਦੀ ਸੀ। ਭਰਜਾਈ ਨੇ ਲੰਮਾ ਸਾਰਾ ਘੁੰਡ ਕੱਢਿਆ ਹੁੰਦਾ ਸੀ। ਉਸ ਸਮੇਂ ਗੀਤ ਗਾਏ ਜਾਂਦੇ ਸਨ-
ਦੋ ਕਬੂਤਰ ਰੰਗਲੇ, ਚੁੱਗਦੇ ਨਦੀਓਂ ਪਾਰ।
ਉੱਤਰ ਨੀ ਭਾਬੋ ਡੋਲੀਓਂ, ਦੇਖ ਸਹੁਰੇ ਦਾ ਬਾਰ।
ਨੈਣ ਦਰਵਾਜ਼ੇ ਦੇ ਦੋਵੇਂ ਕੌਲਿਆਂ 'ਤੇ ਤੇਲ ਚੋਂਦੀ ਸੀ। ਭੈਣਾਂ ਫੇਰ ਦਰਵਾਜ਼ੇ ਵਿਚ ਖੜ੍ਹ ਕੇ ਭਾਈ ਤੇ ਭਰਜਾਈ ਦਾ ਬਾਰ ਰੋਕਦੀਆਂ ਸਨ। ਭਰਾ ਤੋਂ ਸ਼ਗਨ ਲੈ ਕੇ ਡੋਲੀ ਨੂੰ ਦਰਵਾਜ਼ਿਉਂ ਅੰਦਰ ਆਉਣ ਦਿੱਤਾ ਜਾਂਦਾ ਸੀ। ਫੇਰ ਮੁੰਡੇ ਅਤੇ ਵਹੁਟੀ ਨੂੰ ਚੌਕੀ ਤੇ ਚੜ੍ਹਾਇਆ ਜਾਂਦਾ ਸੀ। ਮੁੰਡੇ ਦੀ ਮਾਂ ਦੋਵਾਂ ਉਪਰ ਦੀ ਪਾਣੀ ਵਾਰ ਕੇ ਪੀਂਦੀ ਸੀ। ਉਸ ਸਮੇਂ ਗੀਤ ਗਾਉਂਦੇ ਸਨ-
ਪਾਣੀ ਵਾਰ ਬੰਨੇ ਦੀਏ ਮਾਏ, ਬੰਨਾ ਬੰਨੀ ਬਾਰ ਖੜੇ।
ਸੁੱਖਾਂ ਸੁੱਖਦੀ ਨੂੰ ਇਹ ਦਿਨ ਆਏ, ਬੰਨਾ ਬੰਨੀ ਬਾਰ ਖੜੇ।
ਚੌਕੀ ਤੋਂ ਉਤਾਰ ਕੇ ਵਹੁਟੀ ਨੂੰ ਪੀੜ੍ਹੀ ਤੇ ਬਿਠਾਇਆ ਜਾਂਦਾ ਸੀ। ਇਸ ਤਰ੍ਹਾਂ ਵਿਆਹ ਸੰਪੂਰਨ ਹੋ ਜਾਂਦਾ ਸੀ। ਮੇਲਣਾਂ ਗੀਤ ਗਾ ਕੇ ਵਿਆਹ ਦੇ ਕਾਰਜ ਪੂਰੇ ਹੋਣ ਤੇ ਮੋਹਰ ਲਾ ਦਿੰਦੀਆਂ ਸਨ-
ਖੜੋਤੀ ਕੁੜੀਏ, ਚੱਕ ਲਿਆ ਬਜਾਰ ਵਿਚੋਂ ਉਰੇ।
ਭਾਗਾ ਵਾਲਿਆਂ ਦੇ, ਅੱਜ ਹੋ ਗਏ ਕਾਰਜ ਪੂਰੇ।
ਮੁੰਡੇ ਦੀ ਮਾਂ ਵਹੁਟੀ ਦਾ ਘੁੰਡ ਚੱਕ ਕੇ ਮੂੰਹ ਮਿੱਠਾ ਕਰਾਉਂਦੀ ਸੀ, ਦੁੱਧ ਪਿਆਉਂਦੀ ਸੀ, ਰੁਪੈ ਦੇ ਕੇ ਸ਼ਗਨ ਦਿੰਦੀ ਸੀ। ਫੇਰ ਮੇਲਣਾਂ, ਪਰਿਵਾਰ ਦੇ ਹੋਰ ਮੈਂਬਰ, ਆਂਢਣਾਂ-ਗੁਆਂਢਣਾਂ ਵਹੁਟੀ ਦਾ ਘੁੰਡ ਚੱਕ ਕੇ ਮੂੰਹ ਵੇਖਦੀਆਂ ਸਨ, ਸ਼ਗਨ ਦਿੰਦੀਆਂ ਸਨ। ਛੋਟੇ ਦਿਉਰ ਦੀ ਭਰਜਾਈ ਦੀ ਗੋਦ ਵਿਚ ਬੈਠਣ ਦੀ ਰਸਮ ਹੁੰਦੀ ਸੀ। ਅਗਲੇ ਦਿਨ ਜਾਂ ਉਸ ਤੋਂ ਅਗਲੇ ਦਿਨ ਰਿਸ਼ਤੇਦਾਰਾਂ ਅਤੇ ਸ਼ਰੀਕੇ ਵਾਲਿਆਂ ਨੂੰ ਵਹੁਟੀ ਵਲੋਂ ਲਿਆਂਦਾ ਦਾਜ ਵਿਖਾਇਆ ਜਾਂਦਾ ਸੀ। ਦਾਜ ਵਿਖਾਉਣ ਲਈ ਨੈਣ ਰਾਹੀਂ ਸਾਰੇ ਸ਼ਰੀਕੇ ਵਾਲਿਆਂ ਨੂੰ ਬੁਲਾਵਾ ਭੇਜਿਆ ਜਾਂਦਾ ਸੀ। ਨਣਦ ਓਨਾ ਚਿਰ ਭਰਜਾਈ ਨੂੰ ਦਾਜ ਵਾਲਾ ਸੰਦੂਖ ਖੋਲ੍ਹਣ ਨਹੀਂ ਦਿੰਦੀ ਸੀ, ਜਿੰਨਾ ਚਿਰ ਤੱਕ ਨਣਦ ਨੂੰ ਸੂਟ ਦੇਣ ਦਾ ਵਾਅਦਾ ਨਹੀਂ ਦਿੱਤਾ ਜਾਂਦਾ ਸੀ। ਨਣਦ ਦੇ ਇਸ ਸੂਟ ਨੂੰ ਸੰਦੂਖ ਖੁਲਵਾਈ ਸੂਟ ਦਾ ਨਾਂ ਦਿੱਤਾ ਜਾਂਦਾ ਸੀ । ਸੰਦੂਖ ਖੋਲ੍ਹ ਕੇ ਸਾਰਾ ਦਾਜ ਮੰਜਿਆਂ ਉਪਰ ਰੱਖ ਦਿੰਦੇ ਸਨ। ਜਦ ਸਾਰੇ ਰਿਸ਼ਤੇਦਾਰ ਅਤੇ ਸ਼ਰੀਕੇ ਵਾਲੇ ਦਾਜ ਵੇਖ ਲੈਂਦੇ ਸਨ ਤਾਂ ਫੇਰ ਦਾਜ ਨੂੰ ਸੰਦੂਖ ਵਿਚ ਰੱਖ ਦਿੱਤਾ ਜਾਂਦਾ ਸੀ।