ਇਕ ਪਾਸੇ ਤਾਂ ਸ਼ੀਲ ਕੌਰ ਦੀ ਪਵਿਤ੍ਰਤਾ ਤੇ ਲਿਵਲੀਨਤਾ, ਉਤੋਂ ਰੱਬ ਜੀ ਦਾ ਪਿਆਰ ਕੌਤਕ ਕਰ ਰਿਹਾ ਸੀ, ਦੂਜੇ ਪਾਸੇ ਨਿਤਾਣੇ ਨਸ਼ਈ ਦਿਲ ਭੈਭੀਤ ਹੋਕੇ ਡਰ ਰਹੇ ਸਨ, ਤੀਜੇ ਬਿਜਲੀ ਨੇ ਸੱਚਮੁਚ ਹੀ ਜਾਨਾਂ ਖੈ ਕੀਤੀਆਂ। ਜਦੋਂ ਸਵੇਰੇ ਕੋਠੜੀਆਂ ਵਿਚੋਂ ਬਾਕੀ ਦੇ ਸਿਪਾਹੀ ਤੇ ਕੈਦੀ ਨਿਕਲੇ ਤਾਂ ਚਾਰ ਆਦਮੀ ਤਾਂ ਬਿਜਲੀ ਨਾਲ ਮਰੇ ਦੇਖੇ ਤੇ ਇਕ ਦੋ ਭੈ ਮਾਰੇ ਨਿਰਬਲ ਜਿਹੇ ਪਏ ਨਜ਼ਰ ਆਏ। ਉਨ੍ਹਾਂ ਦੋਹਾਂ ਸਿਪਾਹੀਆਂ ਨੇ ਜੇ ਬਾਹਰ ਨਹੀਂ ਨਿਕਲੇ ਸੇ; ਉਨ੍ਹਾਂ ਨੇ ਰਾਤ ਦਾ ਹਾਲ ਕਹਿ ਸੁਣਾਇਆ। ਸਿਪਾਹੀਆਂ ਦਾ ਟੋਲਾ ਸੁਣ ਕੇ ਹੱਕਾ ਬੱਕਾ ਰਹਿ ਗਿਆ। ਇਕ ਹਵਾਲਦਾਰ ਨੂੰ ਜਮਾਂਦਾਰ ਦੀ ਥਾਂ ਮੰਨ ਕੇ ਕੰਮ ਆਰੰਭਿਆ। ਮੁਰਦਿਆਂ ਨੂੰ ਦਫ਼ਨ ਕੀਤਾ ਅਰ ਅਗਲੇ ਭਲਕ ਅੱਗੇ ਕੂਚ ਕੀਤੀ। ਸ਼ੀਲ ਕੌਰ ਵਲੋਂ ਉਹਨਾਂ ਨੂੰ ਸਹਿਮ ਬੈਠ ਗਿਆ। ਨਾ ਤਾਂ ਡਰਦੇ ਕੁਝ ਕਹਿ ਸਕਣ ਅਰ ਨਾ ਹੀ ਦਿਲ ਵਿਚ ਬੜੇ ਰੰਜ ਕਰਕੇ ਉਨ੍ਹਾਂ ਪੁਰ ਦਇਆ ਹੀ ਕਰ ਸਕਣ। ਇਸ ਤਰ੍ਹਾਂ ਕੁਝ ਡਰ, ਕੁਝ ਵੈਰ ਨਾਲ ਭਰੇ ਪੀਤੇ ਲਾਹੌਰ ਤੱਕ ਗਏ। ਪਹਿਲੋਂ ਤਾਂ ਸਲਾਹ ਸਾਨੇ ਕਿ ਸਾਰਾ ਹਾਲ ਕਹਾਂਗੇ। ਪਰ ਸੋਚਿਆ ਕਿ ਸਾਰੇ ਲੋਕੀਂ ਕਾਇਰ ਤੇ ਡਰਾਕੁਲ ਕਹਿਣਗੇ, ਇਸ ਲਈ ਕੇਵਲ ਬਿਜਲੀ ਪੈਣ ਦਾ ਪ੍ਰਸੰਗ ਹੀ ਕਿਹਾ ਗਿਆ ਅਰ ਹੋਰ ਕੋਈ ਗੱਲ ਨਾ ਕਹੀ।
ਸ਼ੀਲ ਕੌਰ ਨੇ ਉਸ ਰਾਤ ਦਾ ਸਾਰਾ ਪ੍ਰਸੰਗ ਸਿਪਾਹੀਆਂ ਨੂੰ ਆਪੋ ਵਿਚ ਗੱਲਾਂ ਕਰਦਿਆਂ ਸੁਣਕੇ ਸਮਝ ਲਿਆ ਸੀ। ਉਹ ਆਪਣੇ ਦਿਲ ਵਿਚ ਕਰਤਾਰ ਦਾ ਹਜ਼ਾਰ ਹਜ਼ਾਰ ਸ਼ੁਕਰ ਕਰਦੀ ਸੀ ਕਿ ਮੈਂ ਜਿਹੀ ਨਿਮਾਣੀ ਦਾ ਸਤ ਤੇ ਜਿੰਦ ਦੁਏ ਬਚਾ ਲਏ। ਇਹ ਕੇਵਲ ਦੀਨ ਦਿਆਲ ਦੀ ਮਿਹਰ ਹੈ; ਹੋਰ ਮੇਰਾ ਕੁਛ ਨਹੀਂ।
ਉਧਰ ਮੀਰ ਮੰਨੂੰ ਦੇ ਜ਼ੁਲਮ ਪੰਜਾਬ ਵਿਚ ਹੁਣ ਹਾੜ ਦੀ ਦੁਪਹਿਰ ਦੇ ਸੂਰਜ ਵਾਂਗੂੰ ਸਿਖ਼ਰ ਤੇ ਪਹੁੰਚ ਪਏ ਸਨ, ਕੋਈ ਐਸਾ ਸ਼ਹਿਰ ਪਿੰਡ ਨਹੀਂ