ਅਧਿਆਇ ਚੌਥਾ
ਠੀਕ ਐ। ਨੋਟਸ ਲੈਣ ਵਾਸਤੇ ਤਿਆਰ ਹੋ ਜਾਓ।
ਦੇਵਗੀਤ ਵਰਗੇ ਬੰਦੇ ਨਾ ਹੋਣ ਤਾਂ ਜਹਾਨ ਦਾ ਕਿੰਨਾ ਨੁਕਸਾਨ ਹੋਵੇ। ਸੁਕਰਾਤ ਬਾਰੇ ਅਸੀਂ ਕੱਖ ਨਾ ਜਾਣਦੇ ਜੇ ਪਲੈਟੋ ਨੇ ਉਸਦੇ ਸੰਵਾਦ ਨਾ ਸੰਭਾਲੇ ਹੁੰਦੇ। ਬੁੱਧ, ਬੋਧੀਧਰਮ ਅਤੇ ਈਸਾ ਦੇ ਨੋਟਸ ਵੀ ਉਨ੍ਹਾਂ ਦੇ ਚੇਲਿਆਂ ਨੇ ਸੰਭਾਲ ਲਏ ਸਨ। ਕਹਿੰਦੇ ਨੇ ਮਹਾਂਵੀਰ ਨੇ ਤਾਂ ਕਦੀ ਇਕ ਸ਼ਬਦ ਨੀਂ ਬੋਲਿਆ। ਮੈਂ ਜਾਣਦਾਂ ਇਹ ਕੁਝ ਕਹਿਣ ਦਾ ਕੀ ਮਤਲਬ ਐ। ਗੱਲ ਇਹ ਨਹੀਂ ਕਿ ਉਸਨੇ ਕਦੀ ਕੁੱਝ ਕਿਹਾ ਨਹੀਂ, ਮਤਲਬ ਇਹ ਕਿ ਸਿਧੀ ਤਰ੍ਹਾਂ ਉਸ ਨੇ ਚੇਤੰਨ ਹੋਕੇ ਕੁਝ ਲਿਖਵਾਇਆ ਨਹੀਂ। ਚੇਲਿਆਂ ਨੇ ਜੋ ਲਿਖਣਾ ਹੁੰਦਾ ਲਿਖ ਲੈਂਦੇ।
ਇਕ ਵੀ ਹਵਾਲਾ ਅਜਿਹਾ ਨਹੀਂ ਮਿਲਦਾ ਕਿ ਗਿਆਨੀ ਪੁਰਖ ਨੇ ਆਪ ਕੁਝ ਲਿਖਿਆ ਹੋਵੇ। ਤੁਸੀਂ ਮੇਰੇ ਬਾਰੇ ਜਾਣਦੇ ਹੋ ਕਿ ਮੈਂ ਗਿਆਨ ਪ੍ਰਾਪਤੀ ਨੂੰ ਆਖਰੀ ਮੰਜ਼ਿਲ ਨਹੀਂ ਮੰਨਦਾ। ਇਸ ਤੋਂ ਉਚੇਰੀ ਇਕ ਹੋਰ ਅਵਸਥਾ ਹੈ ਜਿਥੇ ਨਾ ਗਿਆਨ ਹੈ ਨਾ ਅਗਿਆਨ। ਇਥੇ ਇਕ ਸੰਜੋਗ ਅਜਿਹਾ ਹੁੰਦਾ ਹੈ ਜਿਥੇ ਮੁਰਸ਼ਦ ਅਤੇ ਮੁਰੀਦ ਇਕ ਹੋ ਜਾਂਦੇ ਹਨ। ਮੁਰੀਦ, ਮੁਰਸਦ ਦਾ ਹੱਥ ਬਣ ਕੇ ਲਿਖਣ ਲਗ ਜਾਂਦਾ ਹੈ।
ਲਉ ਲਿਖਣ ਵਾਸਤੇ ਹੋ ਜਾਉ ਤਿਆਰ। ਬੀਤੇ ਦਿਨ ਦੱਸਿਆ ਸੀ ਇਕ ਸ਼ਾਇਰ ਗਾਇਕ, ਗੀਤ ਗੋਵਿੰਦ ਦੇ ਕਰਤਾ ਦਾ ਨਾਮ ਲੈਣਾ ਰਹਿ ਗਿਆ ਸੀ। ਕਿਵੇਂ ਨਾ ਕਿਵੇਂ ਮੈਂ ਉਸ ਨੂੰ ਨਜ਼ਰੰਦਾਜ਼ ਕਰ ਦਿੱਤਾ ਸੀ। ਲਗਦਾ ਇਉਂ ਸੀ ਜਿਵੇਂ ਉਸ ਦਾ ਨਾਮ ਭੁੱਲ ਗਿਆ ਹੋਵਾਂ। ਸਾਰਾ ਦਿਨ ਮੈਂ ਜੈਦੇਵ ਬਾਰੇ ਸੋਚਦਾ ਰਿਹਾ। ਇਹ ਹੈ ਨਾਮ ਉਸ ਸ਼ਾਇਰ ਗਾਇਕ ਗੀਤ ਗੋਵਿੰਦ ਦੇ ਕਰਤਾ ਦਾ।
ਉਸਦਾ ਨਾਮ ਲੈਣ ਤੋਂ ਕਿਉਂ ਇਨਕਾਰੀ ਹੋ ਗਿਆ ਸਾਂ ਮੈਂ? ਉਹਦੇ ਭਲੇ ਲਈ। ਗਿਆਨੀ ਤਾਂ ਕੀ ਹੋਣਾ, ਗਿਆਨ ਦੇ ਨੇੜੇ ਤੇੜੇ ਵੀ ਨਹੀਂ ਗਿਆ ਉਹ। ਮੀਰਦਾਦ ਦੀ ਕਿਤਾਬ ਦੇ ਕਰਤਾ ਮਿਖਾਈਲ ਨਈਮੀ ਦਾ ਮੈਂ ਜ਼ਿਕਰ ਕੀਤਾ, ਖਲੀਲ ਜਿਬਰਾਨ, ਨੀਤਸ਼ੇ, ਦੋਸਤੋਵਸਕੀ, ਵਾਲਟ ਵਿਨਮੈਨ, ਕਿੰਨੇ ਨਾਮ ਲਏ। ਇਹ ਲੋਕ ਗਿਆਨੀ ਨਹੀਂ ਸਨ, ਗਿਆਨ ਦੇ ਲਾਗੇ ਚਾਗੇ ਸਨ, ਬਸ ਇਕ ਧਕੇ ਦੀ ਮਾਰ ਹੋਰ। ਇਹ ਮੰਦਰ ਦੇ ਦਰਵਾਜੇ ਲਾਗੇ ਖਲੋਤੇ ਹਨ, ਦਸਤਕ ਦੇਣੋ ਡਰਦੇ ਹਨ। ਦਰਵਾਜੇ ਨੂੰ ਜੰਦਰਾ ਨਹੀਂ ਵੱਜਾ। ਧੱਕਾ ਦਿਉ, ਖੁਲ੍ਹ ਜਾਏਗਾ। ਖੁੱਲ੍ਹੇ ਇਹ ਤਾਂ, ਜਰਾ ਧੱਕੋ। ਜਿੰਨਾ ਕੁ ਧੱਕਾ ਦਰਵਾਜੇ ਨੂੰ ਉਨਾ ਕੁ ਇਨ੍ਹਾਂ ਨੂੰ, ਜਿਨ੍ਹਾਂ ਦੇ ਨਾਮ ਲਏ ਹਨ।