ਉਸਦੇ ਖੁੱਲ੍ਹੇ ਸੌਦੇ ਵੀ ਯਾਦ ਸਨ, "ਆਓ ਕਾਮਰੇਡ। ਕੱਠੇ ਖਾਂਦੇ ਹਾਂ। ਮੈਂ ਵੀ ਤਾਂ ਆਵਾਰਾਗਰਦ ਹੀ ਹਾਂ।" ਇੰਜ ਉਸਨੇ ਸਾਡੀ ਉਦੇਸ਼ਹੀਣ ਭਟਕਣ ਦੇ ਪਰਜੀਵੀ ਸੁਭਾਅ ਪ੍ਰਤੀ ਆਪਣੀ ਘਿਰਣਾ ਵੀ ਪ੍ਰਗਟ ਕਰ ਦਿੱਤੀ ਸੀ।
ਇਹ ਬਹੁਤ ਤਰਸਨਾਕ ਸੀ ਕਿ ਉਹ ਇਸ ਤਰ੍ਹਾਂ ਲੋਕਾਂ ਦਾ ਦਮਨ ਕਰਦੇ ਹਨ। ਸਮੂਹਵਾਦ ਦੇ ਨਾਅਰੇ ਦੇ ਬਾਵਜੂਦ ਕਮਿਊਨਿਸਟ ਬਦਮਾਸ਼ੀ ਸਹਿਜ ਜ਼ਿੰਦਗੀ ਲਈ ਖ਼ਤਰਾ ਹੈ।ਉਨ੍ਹਾਂ ਦੀਆਂ ਆਦਰਾਂ ਕੁਤਰਦਾ ਸਾਮਵਾਦ ਇਕ ਚੰਗੇ ਸਮਾਜ ਦੀ ਸਿਰਜਣਾ ਲਈ ਇਕ ਕੁਦਰਤੀ ਤਾਂਘ ਤੋਂ ਜ਼ਿਆਦਾ ਕੁਝ ਵੀ ਨਹੀਂ ਹੈ। ਦੁਨੀਆਂ ਦੀ ਨਿਰੰਤਰ ਭੁੱਖ ਦੇ ਖਿਲਾਫ਼ ਸੰਘਰਸ਼ ਇਸ ਅਜਨਬੀ ਸਿਧਾਂਤ ਲਈ ਖਿੱਚ ਪੈਦਾ ਕਰਦਾ ਹੈ, ਜਿਸਦੀ ਮੂਲ ਭਾਵਨਾ ਤਕ ਭਾਵੇਂ ਉਹ ਲੋਕ ਨਾ ਪਹੁੰਚ ਸਕਣ, ਪਰ ਉਸ ਸਿਧਾਂਤ ਦੇ ਅਨੁਵਾਦ 'ਭੁੱਖਿਆਂ ਲਈ ਰੋਟੀ' ਨੂੰ ਉਹ ਸਮਝਦੇ ਹਨ ਤੇ ਸਭ ਤੋਂ ਜ਼ਰੂਰੀ ਇਹ ਸਿਧਾਂਤ ਉਨ੍ਹਾਂ ਨੂੰ ਆਸਵੰਦ ਰੱਖਦਾ ਹੈ।
ਇੱਥੋਂ ਦੇ ਮਾਲਕਾਂ ਸੁਨਿਹਰੀ ਵਾਲਾਂ ਵਾਲੇ ਯੋਗ ਤੇ ਘਮੰਡੀ ਪ੍ਰਬੰਧਕਾਂ ਨੇ ਸਾਨੂੰ ਪੁਰਾਣੀ ਸਪੈਨਿਸ਼ ਵਿਚ ਦੱਸਿਆ, "ਇਹ ਕੋਈ ਘੁੰਮਣ ਵਾਲੀ ਥਾਂ ਨਹੀਂ ਹੈ। ਮੈਂ ਤੁਹਾਨੂੰ ਇਕ ਗਾਈਡ ਲੱਭ ਦਿਆਂਗਾ, ਜਿਹੜਾ ਅੱਧਾ ਘੰਟਾ ਤੁਹਾਨੂੰ ਖਾਨਾਂ ਦੇ ਆਲੇ-ਦੁਆਲੇ ਦੇ ਇਲਾਕੇ ਵਿਚ ਘੁਮਾ ਦੇਵੇਗਾ। ਪਰ ਉਸ ਤੋਂ ਬਾਦ ਮਿਹਰਬਾਨੀ ਕਰਿਓ ਤੇ ਸਾਨੂੰ ਇਕੱਲੇ ਛੱਡ ਦਿਓ। ਸਾਡਾ ਬਹੁਤ ਸਾਰਾ ਕੰਮ ਕਰਨ ਵਾਲਾ ਪਿਆ ਹੈ।" ਇੱਥੇ ਹੜਤਾਲ ਹੋਣ ਵਾਲੀ ਸੀ। ਫਿਰ ਵੀ ਯਕੀ ਮਾਲਕਾਂ ਦੇ ਵਫ਼ਾਦਾਰ ਕੁੱਤੇ ਸਾਡੇ ਗਾਈਡ ਨੇ ਦੱਸਿਆ, "ਇਹ ਬੇਵਕੂਫ਼ ਗਧੇ ਹੜਤਾਲ ਹੋਣ 'ਤੇ ਹਜ਼ਾਰਾਂ ਪੀਸੋ ਰੋਜ਼ ਦਾ ਨੁਕਸਾਨ ਤਾਂ ਝੱਲ ਲੈਂਦੇ ਹਨ ਪਰ ਕਿਸੇ ਗਰੀਬ ਮਜ਼ਦੂਰ ਨੂੰ ਕੁਝ ਸੈਟਾਵੋਸ ਜ਼ਿਆਦਾ ਨਹੀਂ ਦੇ ਸਕਦੇ। ਜਦੋਂ ਮੇਰਾ ਜਨਰਲ ਇਬਾਨੇਜ਼* ਸੱਤਾ ਵਿਚ ਆਇਆ, ਇਹ ਸਭ ਖ਼ਤਮ ਲਿਓ।" ਇਕ ਫੋਰਮੈਨ ਕਵੀ ਨੇ ਕਿਹਾ, "ਤਾਂਬੇ ਦਾ ਵਧੀਆ ਦਰਜਾ ਹਰ ਇੰਚ ਦੀ ਖੁਦਾਈ ਲਈ ਜ਼ਿੰਮੇਵਾਰ ਹੈ। ਤੁਹਾਡੇ ਵਾਂਗ ਬਹੁਤ ਸਾਰੇ ਲੋਕ ਮੈਥੋਂ ਤਕਨੀਕੀ ਸਵਾਲ ਪੁੱਛਦੇ ਹਨ, ਪਰ ਸ਼ਾਇਦ ਹੀ ਕੋਈ ਪੁੱਛਦਾ ਹੈ ਕਿ ਇਸ ਕੰਮ ਨੇ ਕਿੰਨੀਆਂ ਜ਼ਿੰਦਗੀਆਂ ਖਾ ਲਈਆਂ ਹਨ। ਡਾਕਟਰੋ ! ਮੈਂ ਤੁਹਾਡਾ ਜਵਾਬ ਨਹੀਂ ਦੇ ਸਕਦਾ। ਪਰ ਪੁੱਛਣ ਲਈ ਤੁਹਾਡਾ ਧੰਨਵਾਦ।”
ਇੱਥੇ ਸ਼ਾਂਤ ਅਯੋਗਤਾ ਤੇ ਨਿਪੁੰਸਕ ਰੋਹ ਹੱਥੋਂ-ਹੱਥ ਪ੍ਰਸਾਰਿਤ ਹੁੰਦਾ ਹੈ ਕਿਉਂਕਿ ਵੱਡੀ ਖ਼ਾਨ ਵਿਚ ਵੀ ਜੀਣ ਦੀਆਂ ਮੁੱਢਲੀਆਂ ਸਹੂਲਤਾਂ ਪੈਦਾ ਨਾ ਹੋਣ ਕਾਰਨ ਨਫ਼ਰਤ ਪਸਰੀ ਹੋਈ ਹੈ। ਦੂਜੇ ਪਾਸੇ ਸਾਡਾ ਅਨੁਮਾਨ ਹੈ ਕਿ ਅਸੀਂ ਦੇਖਾਂਗੇ ਕਿ ਇਕ ਦਿਨ ਕੁਝ ਕਾਮੇ ਖੁਸ਼ੀ ਵਿਚ ਆਪਣੀ ਗੈਂਤੀ ਚੁੱਕਣਗੇ ਤੇ ਸੁਚੇਤ ਆਨੰਦ ਨਾਲ ਆਪਣੇ ਫੇਫੜਿਆਂ ਵਿਚ ਜ਼ਹਿਰ ਭਰ ਲੈਣਗੇ। ਉਹ ਕਹਿੰਦੇ ਹਨ ਕਿ ਸਭ ਕੁਝ ਦਾ ਆਰੰਭ ਇੱਥੋਂ ਹੀ ਹੋਵੇਗਾ। ਭੜਕ ਰਹੀ ਲਾਲ ਚਿੰਗਾਰੀ ਪੂਰੀ ਦੁਨੀਆਂ ਨੂੰ ਰੌਸ਼ਨ ਕਰੇਗੀ। ਉਹ ਇਹੀ ਕਹਿੰਦੇ ਹਨ ਪਰ ਮੈਨੂੰ ਨਹੀਂ ਪਤਾ।
-0-