ਦੇਣ ਲਗਦੀ। ਕਦੇ ਪਿਆਰ ਨਾਲ ਹਿੱਕ ਨਾਲ ਲਾ ਲੈਂਦੀ। ਕਦੇ ਅੱਖਾਂ ਭਰ ਭਰ ਨੀਝ ਨਾਲ ਉਨ੍ਹਾਂ ਦੀ ਜਵਾਨੀ ਨੂੰ ਨਿਹਾਰਦੀ। ਰਕਸ਼ਾ ਨੂੰ ਇੰਜ ਕਰਦਿਆਂ ਵੇਖ ਸਾਨੂੰ ਪਿੰਡ ਵਾਲੇ ਵੱਲੋਂ ਦੱਸੀ ਗੱਲ ਸੋਲ੍ਹਾਂ ਆਨੇ ਸੱਚ ਲੱਗਣ ਲਗਦੀ। ਅਸੀਂ ਪਿੱਠ ਪਿੱਛੇ ਉਸ ਨੂੰ ਲਾਹਨਤਾਂ ਪਾਉਂਦੇ। ਘੱਟੋ-ਘੱਟ ਇਸ ਉਮਰ ਵਿਚ ਤਾਂ ਸ਼ਰਮ ਖਾਣੀ ਚਾਹੀਦੀ ਹੈ। ਹਾਣ ਦੇ ਬੱਚਿਆਂ ਆਲੀ ਹੋ ਕੇ ਵੀ।
ਸ਼ਰਮਾ ਜੀ ਦਾ ਵਿਚਾਰ ਸੀ ਕਿ ਹੋ ਸਕਦੇ ਰਕਸ਼ਾ ਦੀ ਆਪਣੇ ਪਤੀ ਨਾਲ ਅਨਬਣ ਹੋਣ ਕਾਰਨ ਇਹ ਆਪਣੀ ਵਾਸ਼ਨਾ ਪੂਰਤੀ ਇੰਜ ਹੀ ਪੂਰੀ ਕਰਦੀ ਹੋਵੇ। ਸਾਥੋਂ ਸ਼ਿਸ਼ਟਾਚਾਰ-ਵੱਸ ਕੁਝ ਕਹਿ ਨਾ ਹੁੰਦਾ। ਉਸ ਨੂੰ ਅਜਿਹੀਆਂ ਹਰਕਤਾਂ ਕਰਦੇ ਵੇਖ ਕੇ। ਹਾਂ, ਮੁੰਡਿਆਂ ਨੂੰ ਜ਼ਰੂਰ ਆਨੇ-ਬਹਾਨੇ ਝਿੜਕ ਦਿੰਦੇ। ਇਕ ਦੋ ਵਾਰੀ ਤਾਂ ਰਕਸ਼ਾ ਨੇ ਆਪ ਹੀ ਉਨ੍ਹਾਂ ਦੇ ਤਿੰਨ ਮੁੰਡਿਆਂ ਦੀ ਲੰਗਰ ਡਿਊਟੀ ਦੀ ਸਿਫ਼ਾਰਸ਼ ਕੀਤੀ ਤਾਂ ਸ਼ਰਮਾ ਜੀ ਨੇ ਇਹ ਕਹਿ ਕੇ ਸਖ਼ਤੀ ਨਾਲ ਮਨ੍ਹਾ ਕਰ ਦਿੱਤਾ ਸੀ, "ਪ੍ਰੋਜੈਕਟ ਸਾਈਟ ਤੇ ਤੜਕੇ ਮੁੰਡਿਆਂ ਦੀ ਲੋੜ ਹੁੰਦੀ ਹੈ। ਨਾਲੇ ਇਹ ਮੈਂ ਵੇਖਣਾ ਹੈ ਕਿ ਕਿਹੜੇ ਵਲੰਟੀਅਰਜ਼ ਨੂੰ ਕਿੱਥੇ ਰੱਖਣਾ। ਤੂੰ ਆਪਣੇ ਕੰਮ ਨਾਲ ਕੰਮ ਰੱਖਿਆ ਕਰ। ਤੇਰਾ ਕੰਮ ਸਿਰਫ਼ ਲੰਗਰ ਤੱਕ ਹੈ। ਆਪਣੇ-ਆਪ ਨੂੰ ਉਥੋਂ ਤੱਕ ਸੀਮਤ ਰੱਖ।" ਸ਼ਰਮਾ ਜੀ ਨੇ ਆਪਣੇ ਮਨ ਦੀ ਭੜਾਸ ਕੁਝ ਇਸ ਢੰਗ ਨਾਲ ਕੱਢ ਲਈ ਸੀ।
"ਠੀਕ ਐ ਸਾਬ੍ਹ ਜੀ, ਮਿੱਜੋ ਗਲਤੀ ਹੋਈ ਗਈ, ਮੁੜੀ ਕੇ ਨੀ ਗਲਾਂਦੀ। ਇਹ ਮੁੰਡੂ ਲੰਗਰੇ ਦਾ ਕੰਮ ਚੰਗੇ ਢੰਗ ਨਾਲ ਸਾਂਭੀ ਲੈਂਦੇ ਨੇ। ਮੈਂ ਤੇ ਤਾਂ ਗਲਾਇਆ ਹਾਂ, ਤੁਸਾਂ ਜੋ ਨਰਾਜ਼ ਨੀ ਹੋਣਾ, ਊਆ ਈ ਹੋਗ ਜੀਆਂ ਤੁਸਾਂ ਜੋ ਗਲਾਂਗੇ।" ਅਸੀਂ ਮਹਿਸੂਸ ਕੀਤਾ ਸੀ ਕਿ ਰਕਸ਼ਾ ਕੁਝ ਅਤੀ ਵਿਸ਼ਵਾਸ ਨਾਲ ਭਰੀ ਰਹਿੰਦੀ ਸੀ ਤੇ ਇਸ ਕਾਰਨ ਕਈ ਵਾਰ ਆਪਣੇ ਆਪ ਨੂੰ ਲੋੜ ਤੋਂ ਵੱਧ ਜ਼ਾਹਿਰ ਕਰਨ ਲੱਗ ਪੈਂਦੀ ਸੀ।
ਸਕੂਲ ਦੇ ਜਿਨ੍ਹਾਂ ਕਮਰਿਆਂ ਵਿਚ ਵਲੰਟੀਅਰਜ਼ ਠਹਿਰੇ ਹੋਏ ਸਨ ਉਨ੍ਹਾਂ ਦੀਆਂ ਤਾਕੀਆਂ ਪਿੱਛੇ ਖੇਤਾਂ ਵੱਲ ਖੁੱਲ੍ਹਦੀਆਂ ਸਨ। ਉੱਥੇ ਖੇਤ ਮਾਲਕਾਂ ਦਾ ਪਰਿਵਾਰ ਕੰਮ-ਕਾਰ ਲਈ ਆਉਂਦਾ। ਉਨ੍ਹਾਂ ਵਿਚ ਮੁਟਿਆਰ ਕੁੜੀਆਂ ਵੀ ਹੁੰਦੀਆਂ ਸਨ। ਮੁੰਡੇ ਉਨ੍ਹਾਂ ਨੂੰ ਵੇਖ ਕੇ ਚਾਂਭਲ ਜਾਂਦੇ। ਟਿੱਚਰਾਂ ਕਰਨ ਲਗਦੇ ਜਾਂ ਨਾਲ ਲਿਆਂਦੇ ਰੇਡੀਓ ਉੱਚੀ-ਉੱਚੀ ਵਜਾਉਣ ਲਗਦੇ। ਕਦੇ ਆਪ ਹੀ ਗਾਉਣ ਲਗਦੇ। ਸ਼ਰਮਾ ਜੀ ਨੂੰ ਇਸ ਗੱਲ ਦਾ ਪਤਾ ਨਹੀਂ ਸੀ।
ਰਕਸ਼ਾ ਨੇ ਹੀ ਸ਼ਰਮਾ ਜੀ ਨੂੰ ਕਹਿ ਕੇ ਤਾਕੀਆਂ ਬੰਦ ਕਰਵਾ ਦਿੱਤੀਆਂ ਸਨ, "ਮੁੰਡੇ ਮੂਰਖ ਨੇ। ਕੋਈ ਸ਼ਰਾਰਤ ਕਰੀ ਬੈਠਣ। ਖੇਤਾਂ ਆਲੇ ਹਨ ਈ ਬੜੇ ਅੜਬ। ਝਟ ਮਰਨ ਮਾਰਨ ਨੂੰ ਤਿਆਰ ਹੋਈ ਜਾਂਦੇ।" ਇਨ੍ਹਾਂ ਕਮਰਿਆਂ ਦੇ ਨਾਲ-ਨਾਲ ਪੰਜ ਫੁੱਲੀਆਂ ਦੀਆਂ ਸੰਘਣੀਆਂ ਝਾੜੀਆਂ ਸਨ।
"ਸਾਬ੍ਹ ਜੀ, ਇੱਥੇ ਕੀਤਾ ਕੰਡ ਲੁਕਿਆ ਰੇਂਹਦਾ। ਅੰਦਰ ਮੁੰਡੇ ਸੌਂਦੇ ਨੇ , ਕੇ ਪਤਾ ਮਾੜੇ ਵੇਲੇ ਦਾ, ਇਨ੍ਹਾਂ ਦੀ ਸਫ਼ਾਈ ਕਰਾਈ ਦੇਗੇ।" ਰਕਸ਼ਾ ਦੀ ਸਲਾਹ ਤੇ ਉਹ ਝਾੜੀਆਂ ਹਟਾ ਦਿੱਤੀਆਂ ਗਈਆਂ ਸਨ। ਕੁਝ ਮੁੰਡੇ ਖੂਹ ਤੇ