ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕਰਤਾਰ ਦੀ ਭਾ (ਜੋਤ). ੨. ਆਤਮਿਕ ਪ੍ਰਕਾਸ਼. "ਹਰਿ ਉਰ ਧਾਰਿਓ ਗੁਰਿ ਹਰਿਭਾ." (ਪ੍ਰਭਾ ਮਃ ੪)


ਹਰਿਭਜਨ. ਦੇਖੋ, ਭੰਞੁ.


ਕਰਤਾਰ ਦਾ ਰਾਹ। ੨. ਸਿੱਖਪੰਥ. "ਮੋ ਕਉ ਹਰਿਮਾਰਗਿ ਪਾਇਆ." (ਮਾਝ ਮਃ ੫); ਕਰਤਾਰ ਦੇ ਰਾਹ ਵਿੱਚ. "ਓਹੁ ਹਰਿ ਮਾਰਗਿ ਆਪਿ ਚਲਦਾ, ਹੋਰਨਾ ਨੋ ਹਰਿਮਾਰਗਿ ਪਾਏ." (ਵਾਰ ਮਾਝ ਮਃ ੪)


ਅੰਤਹਕਰਣ ਦੀ ਵ੍ਰਿੱਤਿ ਦ੍ਵਾਰਾ ਕਰਤਾਰ ਦਾ ਚਿੰਤਨ। ੨. ਅਜਪਾ ਜਾਪ ਰੂਪ ਸਿਮਰਨੀ. "ਹਰਿਮਾਲਾ ਉਰ ਅੰਤਰਿ ਧਾਰੈ." (ਆਸਾ ਮਃ ੫)


ਵਿ- ਕਰਤਾਰ ਨੂੰ ਮਿਲਿਆ ਹੋਇਆ, ਆਮਤਗ੍ਯਾਨੀ. "ਹਮ ਜੀਵਹਿ ਦੇਖਿ ਹਰਿਮਿਲੇ." (ਨਟ ਮਃ ੪)


ਵਾਹਗੁਰੂ ਦਾ ਮਹਲ. ਜਗਤ. "ਹਰਿਮੰਦਰ ਏਹੁ ਜਗਤ ਹੈ." (ਪ੍ਰਭਾ ਅਃ ਮਃ ੩) ੨. ਮਾਨੁਸ ਦੇਹ. "ਹਰਿਮੰਦਰੁ ਏਹੁ ਸਰੀਰ ਹੈ." (ਪ੍ਰਭਾ ਅਃ ਮਃ ੩) ੩. ਸਤਸੰਗ. "ਹਰਿਮੰਦਰ ਸੋਈ ਆਖੀਐ ਜਿਥਹੁ ਹਰਿ ਜਾਤਾ." (ਵਾਰ ਰਾਮ ੧. ਮਃ ੩) ੪. ਗੁਰੂ ਅਰਜਨ ਸਾਹਿਬ ਜੀ ਦਾ ਰਚਿਆ ਅਮ੍ਰਿਤ ਸਰੋਵਰ ਦੇ ਵਿਚਕਾਰ ਕਰਤਾਰ ਦਾ ਮੰਦਿਰ. "ਹਰਿ ਜਪੇ ਹਰਿਮੰਦਰ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ." (ਸੂਹੀ ਛੰਤ ਮਃ ੫) ਦੇਖੋ, ਅਮ੍ਰਿਤਸਰ। ੫. ਕੀਰਤਪੁਰ ਵਿੱਚ ਛੀਵੇਂ ਸਤਿਗੁਰੂ ਜੀ ਦਾ ਨਿਵਾਸ ਅਸਥਾਨ। ੬. ਪਟਨੇ ਦਾ ਉਹ ਮੰਦਿਰ ਜਿੱਥੇ ਸ਼੍ਰੀ ਦਸ਼ਮੇਸ਼ ਜੀ ਨੇ ਜਨਮ ਲਿਆ। ੭. ਠਾਕੁਰਦ੍ਵਾਰਾ. ਦੇਵਾਲਯ. "ਕਾਹੁਁ ਕਹ੍ਯੋ ਹਰਿਮੰਦਰ ਮੇ ਹਰਿ, ਕਾਹੁਁ ਮਸੀਤ ਕੇ ਬੀਚ ਪ੍ਰਮਾਨ੍ਯੋ." (੩੩ ਸਵੈਯੇ)


ਦੇਖੋ, ਹਰਿਜਾਨ ੨- ੩ ਅਤੇ ੪.


ਨਾਮ ਰਸ. "ਪੀਐ ਹਰਿਰਸੁ ਬਹੁੜਿ ਨ ਤ੍ਰਿਸਨਾ ਲਾਗੈ ਆਇ." (ਅਨੰਦੁ) ੨. ਗ੍ਯਾਨਾਨੰਦ. "ਹਰਿਰਸ ਊਪਰਿ ਅਵਰੁ ਕਿਆ ਕਹੀਐ?" (ਸੋਰ ਮਃ ੧)


ਸਿੱਖ ਕੌਮ ਦੇ ਸੱਤਵੇਂ ਪਾਤਸ਼ਾਹ. ਇਨ੍ਹਾਂ ਦਾ ਜਨਮ ੨੦. ਮਾਘ (ਸੁਦੀ ੧੩) ਸੰਮਤ ੧੬੮੬ (੨੬ ਫਰਵਰੀ ਸਨ ੧੬੩੦) ਨੂੰ ਬਾਬਾ ਗੁਰੁਦਿੱਤਾ ਜੀ ਦੇ ਘਰ ਮਾਤਾ ਨਿਹਾਲ ਕੌਰ ਜੀ ਦੇ ਉਦਰ ਤੋਂ ਕੀਰਤਪੁਰ ਹੋਇਆ. ਹਾੜ ਸੁਦੀ ੩. ਸੰਮਤ ੧੬੯੭ ਨੂੰ ਅਨੂਪ ਸ਼ਹਿਰ (ਜਿਲਾ ਬੁਲੰਦ ਸ਼ਹਿਰ ਯੂ. ਪੀ. ) ਨਿਵਾਸੀ ਦਯਾ ਰਾਮ ਦੀਆਂ ਪੁਤ੍ਰੀਆਂ ਨਾਲ ਵਿਆਹ ਹੋਇਆ. ਮਹਲਾ ਕੋਟਕਲ੍ਯਾਣੀ ਜੀ ਦੇ ਉਦਰ ਤੋਂ ਰਾਮਰਾਇ ਜੀ ਅਤੇ ਕ੍ਰਿਸਨ ਕੌਰ ਜੀ ਤੋਂ ਗੁਰੂ ਹਰਿਕ੍ਰਿਸਨ ਜੀ ਜਨਮੇ. ੧੨. ਚੇਤ (ਸੁਦੀ ੧੦) ਸੰਮਤ ੧੭੦੧ (੮ ਮਾਰਚ ਸਨ ੧੬੪੪) ਨੂੰ ਗੁਰੁਗੱਦੀ ਤੇ ਵਿਰਾਜੇ ਅਤੇ ਉੱਤਮ ਰੀਤਿ ਨਾਲ ਗੁਰੂ ਨਾਨਕ ਜੀ ਦੇ ਧਰਮ ਦਾ ਪ੍ਰਚਾਰ ਕੀਤਾ. ਸੰਮਤ ੧੭੦੩ ਵਿੱਚ ਆਪ ਨੇ ਮਾਲਵੇ (ਜੰਗਲ) ਦੀ ਸੰਗਤਿ ਨੂੰ ਸੁਮਤਿ ਦੇਣ ਲਈ ਦੌਰਾ ਕੀਤਾ ਅਤੇ ਮੇਹਰਾਜ ਦੇ ਮੁਕਾਮ ਪੁਰ ਫੂਲ ਵੰਸ਼ ਨੂੰ, ਦਾਦਾ ਗੁਰੂ ਜੀ ਦੇ ਵਰਦਾਨ ਦੀ ਪੁਸ੍ਟੀ ਕਰਨ ਹਿਤ ਆਸ਼ੀਰਵਾਦ ਦੇਕੇ ਨਿਹਾਲ ਕੀਤਾ.¹ ਦੇਖੋ, ਫੂਲ.#ਔਰੰਗਜ਼ੇਬ ਨੇ ਦਾਰਾਸ਼ਿਕੋਹ ਦੀ ਸਹਾਇਤਾ ਕਰਨ ਦਾ ਦੋਸ ਗੁਰੂ ਸਾਹਿਬ ਪੁਰ ਲਾਕੇ ਦਿੱਲੀ ਹਾਜ਼ਰ ਹੋਣ ਦਾ ਹੁਕਮ ਦਿੱਤਾ. ਗੁਰੂ ਸਾਹਿਬ ਨੇ ਆਪਣੇ ਵਡੇ ਪੁਤ੍ਰ ਰਾਮਰਾਇ ਜੀ ਨੂੰ ਦਿੱਲੀ ਭੇਜਿਆ. ਸਾਹਿਬਜ਼ਾਦੇ ਨੇ ਚਤੁਰਾਈ ਨਾਲ ਬਾਦਸ਼ਾਹ ਨਾਲ ਪ੍ਰੇਮ ਉਤਪੰਨ ਕੀਤਾ, ਜਿਸ ਤੋਂ ਔਰੰਗਜ਼ੇਬ ਦਾ ਕੋਪ ਸ਼ਾਂਤ ਹੋ ਗਿਆ.#੭. ਕੱਤਕ (ਵਦੀ ੯) ਸੰਮਤ ੧੭੧੮ (੬ ਅਕਤਬੂਰ ਸਨ ੧੬੬੧) ਨੂੰ ਗੁਰੂ ਹਰਿਕ੍ਰਿਸਨ ਜੀ ਨੂੰ ਗੁਰੁਤਾ ਦੇਕੇ ਕੀਰਤਪੁਰ ਜੋਤੀਜੋਤਿ ਸਮਾਏ. ਸ਼੍ਰੀ ਗੁਰੂ ਹਰਿਰਾਇ ਸਾਹਿਬ ਨੇ ੧੭. ਵਰ੍ਹੇ ੫. ਮਹੀਨੇ ੮. ਦਿਨ ਗੁਰੁਤਾ ਕੀਤੀ ਅਤੇ ਸਾਰੀ ਅਵਸਥਾ ੩੧ ਵਰ੍ਹੇ ੮. ਮਹੀਨੇ ੧੭. ਦਿਨ ਭੋਗੀ. "ਸਿਮਰੌ ਸ੍ਰੀ ਹਰਿਰਾਇ." (ਚੰਡੀ ੩)