ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਪਾਰ ਕਰਨ ਦਾ ਕਰਮ। ੨. ਉੱਧਾਰ. ਨਿਸਤਾਰ। ੩. ਜਹਾਜ਼. "ਨਾ ਤਰਨਾ ਤੁਲਹਾ ਹਮ ਬੂਡਸਿ, ਤਾਰ ਲੇਹਿ ਤਾਰਣ ਰਾਇਆ!" (ਆਸਾ ਪਟੀ ਮਃ ੧) ਨਾ ਤਰਨਾ ਆਉਂਦਾ ਹੈ, ਨਾ ਤੁਲਹਾ ਹੈ, ਹੇ ਜਹਾਜ਼ਰੂਪ ਸ੍ਵਾਮੀ! ਤਾਰਲੈ। ੪. ਸੰ. ਤਾਰ੍‍ਣ. ਵਿ- ਤ੍ਰਿਣ (ਕੱਖਾਂ) ਦਾ ਬਣਿਆ ਹੋਇਆ। ੫. ਸੰਗ੍ਯਾ- ਫੂਸ ਦੀ ਅੱਗ। ੬. ਘਾਸ (ਕੱਖਾਂ) ਦਾ ਮਹ਼ਿਸੂਲ.


ਵਿ- ਪਾਰ ਕਰਨ ਵਾਲਾ.


ਵਿ- ਤਾਰਣ ਲਈ ਜਹਾਜ਼ਰੂਪ. "ਪਾਰਬ੍ਰਹਮੁ ਮੇਰੋ ਤਾਰਣਤਰਣ." (ਬਿਲਾ ਮਃ ੫)


ਕ੍ਰਿ- ਪਾਰ ਕਰਨਾ. ਤੈਰਾਨਾ. ਉੱਧਾਰ ਕਰਨਾ. ਦੂਜੇ ਕਿਨਾਰੇ ਪੁਚਾਉਂਣਾ. "ਚਲੁ ਰੇ! ਬੈਕੁੰਠ ਤੁਝਹਿ ਲੇ ਤਾਰਉ." (ਗਉ ਕਬੀਰ)


ਸੰ. ਤਾਰ- ਤਮ. ਤਾਰ ਤਮ੍ਯ. ਸੰਗ੍ਯਾ- ਕਮੀਬੇਸ਼ੀ. ਘਾਟਾਵਾਧਾ. ਨ੍ਯੂਨਾਧਿਕਤਾ. "ਜੇ ਉਪਮੇਯ ਤਾਰਤਮ ਉਪਮਾਂ." (ਨਾਪ੍ਰ) ਉਪਮਾਨ ਲਈ ਜਿਤਨੇ ਉਪਮੇਯ ਹਨ, ਉਨ੍ਹਾਂ ਦੀ ਮਿਸਾਲ ਠੀਕ ਨਹੀਂ ਜਚਦੀ, ਕ੍ਯੋਂਕਿ ਉਨ੍ਹਾਂ ਵਿੱਚ ਨ੍ਯੂਨਾਧਿਕਤਾ ਹੈ.


ਦੇਖੋ, ਤਾਰਣ। ੨. ਤਾੜਨ. "ਬਿਹੰਗ ਵਿਕਾਰਨ ਕੋ ਕਰਤਾਰਨ." (ਨਾਪ੍ਰ) ਪੰਛੀਰੂਪ ਵਿਕਾਰਾਂ ਦੇ ਉਡਾਉਣ ਲਈ ਹੱਥਾਂ ਦਾ ਪਰਸਪਰ ਤਾੜਨਾ (ਤਾਲੀ ਬਜਾਉਣੀ) ਹੈ। ੩. ਜਹਾਜ "ਦਾਸ ਉਧਾਰਨ ਜ੍ਯੋਂ ਕਰ ਤਾਰਨ." (ਨਾਪ੍ਰ) ੪. ਤਾਰਿਆਂ ਨੂੰ. "ਗਨ ਦੰਭ ਛਪੇ ਸਵਿਤਾ ਕਰ ਤਾਰਨ." (ਨਾਪ੍ਰ)


ਦੇਖੋ, ਤਾਰਣ ਤਰਣ। ੨. ਦੇਖੋ, ਤਾਰਣਾ ਅਤੇ ਤਰਣਾ. "ਤਾਰਨ ਤਰਨੁ ਤਬੈ ਲਗ ਕਹੀਐ, ਜਬ ਲਗ ਤਤੁ ਨ ਜਾਨਿਆ." (ਮਾਰੂ ਕਬੀਰ) ਭਾਵ- ਦ੍ਵੰਦ੍ਵ, ਭਰਮਦਸ਼ਾ ਵਿੱਚ ਹੈ.


ਦੇਖੋ, ਤਾਰਣਾ। ੨. ਤਾੜਨਾ. "ਅਧਿਕ ਤਾਰਨਾ ਤਾਰਨ ਕਰਹੀ." (ਨਾਪ੍ਰ) ਵਡੀ ਤਾੜਨਾ ਨਾਲ ਤਾੜਨ ਕਰਦੇ ਹਨ.