ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [گُزرد] ਬੀਤਦਾ ਹੈ. ਬੀਤੇ. ਬੀਤੇਗਾ. ਇਸ ਦਾ ਮੂਲ ਗੁਜਸ਼ਤਨ ਹੈ.


ਦੇਖੋ, ਗੁਜਸ਼ਤਨ.


ਜਿਲਾ ਲੁਦਿਆਨਾ, ਥਾਣਾ ਡੇਹਲੋਂ ਦਾ ਇੱਕ ਨਗਰ, ਜੋ ਰੇਲਵੇ ਸਟੇਸ਼ਨ ਕ਼ਿਲਾ ਰਾਇਪੁਰ ਤੋਂ ਚਾਰ ਮੀਲ ਪੱਛਮ ਹੈ. ਇਸ ਥਾਂ ਛੀਵੇਂ ਸਤਿਗੁਰੂ ਕੁਝ ਸਮਾਂ ਵਿਰਾਜੇ ਹਨ. ਗੁਰਦ੍ਵਾਰਾ ਪਿੰਡ ਤੋਂ ਡੇਢ ਮੀਲ ਅਗਨਿਕੋਣ ਹੈ, ਜਿਸ ਨੂੰ "ਗੁਰੂਸਰ" ਭੀ ਆਖਦੇ ਹਨ. ੩੦ ਵਿੱਘੇ ਜ਼ਮੀਨ ਪਿੰਡ ਵੱਲੋਂ ਹੈ. ਚੇਤਚੌਦਸ ਨੂੰ ਮੇਲਾ ਹੁੰਦਾ ਹੈ.


ਸੰ. गुर्जर ਗੁਰ੍‍ਜਰ. ਸੰਗ੍ਯਾ- ਬੰਬਈ ਹਾਤੇ ਦਾ ਇੱਕ ਪਰਗਨਾ, ਜਿਸ ਵਿੱਚ ਕਛ, ਕਾਠੀਆਵਾੜ, ਪਾਲਨਪੁਰ ਅਤੇ ਦਮਾਨ ਦਾ ਇਲਾਕਾ ਹੈ. ਇਸ ਦੀ ਬੋਲੀ ਗੁਜਰਾਤੀ ਹੈ। ੨. ਗੁਜਰਾਤ ਦੇਸ਼ ਅਤੇ ਗੁਜਰਾਤ ਨਗਰ ਦੀ ਬਣੀ ਹੋਈ ਤਲਵਾਰ, ਜਿਸਦੇ ਦੋ ਭੇਦ ਹਨ- ਵਡੀ ਗੁਜਰਾਤ ਅਤੇ ਛੋਟੀ ਗੁਜਰਾਤ. ਦੇਖੋ, ਛੋਟੀ ਗੁਜਰਾਤ। ੩. ਪੰਜਾਬ ਦਾ ਇੱਕ ਨਗਰ, ਜੋ ਜਿਲੇ ਦਾ ਅਸਥਾਨ ਹੈ. ਇਹ ਵਜ਼ੀਰਾਬਾਦ ਅਤੇ ਲਾਲਾਮੂਸਾ ਦੇ ਮੱਧ ਹੈ. ਗੁਜਰਾਤ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦਾ ਕਾਬੁਲੀ ਦਰਵਾਜ਼ੇ ਗੁਰਦ੍ਵਾਰਾ ਹੈ. ਕਸ਼ਮੀਰ ਤੋਂ ਹਟਦੇ ਹੋਏ ਗੁਰੂ ਸਾਹਿਬ ਇੱਥੇ ਵਿਰਾਜੇ ਹਨ. ਰੇਲਵੇ ਸਟੇਸ਼ਨ ਗੁਜਰਾਤ ਤੋਂ ਇੱਕ ਮੀਲ ਪੂਰਵ ਹੈ.#ਗੁਜਰਾਤ ਵਿੱਚ ਸੁਨਿਆਰਾਂ ਦੀ ਗਲੀ ਭਾਈ ਲਾਲ ਸਿੰਘ ਦੇ ਘਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਹੁਕਮਨਾਮੇ ਦੱਸੇ ਜਾਂਦੇ ਹਨ, ਜਿਨ੍ਹਾਂ ਦੀ ਨਕਲ ਦੇਖਣ ਤੋਂ ਨਿਸਚਾ ਨਹੀਂ ਹੁੰਦਾ ਕਿ ਇਹ ਸਤਿਗੁਰੂ ਦੇ ਲਿਖੇ ਹੋਏ ਹਨ, ਕਿਉਂਕਿ ਸੰਮਤ ੧੭੫੪ ਦੇ ਹੁਕਮਨਾਮੇ ਵਿੱਚ ਖਾਲਸੇ ਦਾ ਜਿਕਰ ਹੈ. ਖਾਲਸਾ ਸੰਮਤ ੧੭੫੬ ਵਿੱਚ ਸਜਿਆ ਹੈ।#ਗੁਜਰਾਤ ਪਾਸ ਸਿੱਖਾਂ ਅਤੇ ਅੰਗ੍ਰੇਜਾਂ ਦਾ ਅੰਤਿਮ ਜੰਗ ੨੧. ਫਰਵਰੀ ਸਨ ੧੮੪੯ ਨੂੰ ਹੋਇਆ ਸੀ.#ਦੇਖੋ, ਗੜੀਆ ੩. ਅਤੇ ਦੌਲਾਸ਼ਾਹ.


ਵਿ- ਗੁਜਰਾਤ ਦਾ। ੨. ਇੱਕ ਬ੍ਰਾਹਮਣ ਜਾਤਿ, ਜੋ ਸਿੰਧ ਦੀ ਗੁਜਰਾਤ ਤੋਂ ਨਿਕਲੀ ਹੈ. ਇਸ ਦੀ ਵ੍ਯਾਸ ਸੰਗ੍ਯਾ ਭੀ ਹੈ. ਗ੍ਰਹਿਣਦਾਨ ਅਤੇ ਹੋਰ ਕਈ ਨਿੰਦਿਤ ਦਾਨ ਇਹ ਲੈਂਦੇ ਹਨ। ੩. ਗੁਜਰਾਤ ਦੇਸ਼ ਦੀ ਬੋਲੀ। ੪. ਗੁਜਰਾਤ ਦੀ ਬਣੀ ਹੋਈ ਤਲਵਾਰ.


ਫ਼ਾ. [گُزران] ਸੰਗ੍ਯਾ- ਨਿਰਵਾਹ. ਗੁਜ਼ਾਰਾ.


ਪਹੁਚਾਵੈ. ਗੁਜ਼ਾਰਿਸ਼ ਕਰੇ. "ਮੋ ਗਰੀਬ ਕੀ ਕੋ ਗੁਜਰਾਵੈ?" (ਭੈਰ ਕਬੀਰ)