ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ ਪਰਾਯਣ. ਤਤਪਰ. ਲੱਗਾ ਹੋਇਆ. ਪ੍ਰਵ੍ਰਿੱਤ. "ਜੈਸੀ ਮੂੜ ਕੁਟੰਬ ਪਰਾਇਣ" (ਭੈਰ ਨਾਮਦੇਵ) ੨. ਸੰਗ੍ਯਾ- ਆਧਾਰ. ਆਸ਼੍ਰਯ. "ਸਾਕਤ ਕੀ ਉਹ ਪਿੰਡ ਪਰਾਇਣ." (ਗੌਂਡ ਕਬੀਰ) ੩. ਦੇਖੋ, ਪਲਾਯਨ। ੪. ਦੇਖੋ, ਪਾਰਾਯਣ.


ਕ੍ਰਿ- ਪੜਨਾ. ਪੈਣਾ. "ਜਿਸੁ ਭੇਟਤ ਪਾਰਿ ਪਰਾਇਣਾ." (ਮਾਰੂ ਸੋਲਹੇ ਮਃ ੫) ੧. ਪਲਾਯਨ ਕਰਨਾ. ਨੱਠਣਾ. "ਬਡੇ ਗੁਨ ਲੋਭ ਤੇ ਜਾਤ ਪਰਾਈ." (ਚੰਡੀ ੧) ੩. ਪਲਾਯਨ ਹੁੰਦੀ. ਨੱਠਦੀ. ਨੱਠਦੇ. "ਲੇਤ ਨਾਮ ਹੀ ਵਿਘਨ ਪਰਾਈ." (ਨਾਪ੍ਰ)


ਦੇਖੋ. ਪਰਾਇਣ.


ਵਿ- ਓਪਰੀ. ਦੂਸਰੇ ਦੀ. "ਪਰਾਈ ਅਮਾਣ ਕਿਉ ਰਖੀਐ?" (ਵਾਰ ਸਾਰ ਮਃ ੩) ੨. ਪਲਾਈ. ਦੇਖੋ, ਪਲਾਯਨ. "ਬਡੇ ਗੁਨ ਲੋਭ ਤੇ ਜਾਤ ਪਰਾਈ." (ਚੰਡੀ ੧)਼


ਵਿ- ਓਪਰੇ. ਦੂਸਰੇ ਦੇ. ਜੋ ਆਪਣੇ ਨਹੀਂ। ੨. ਪਲਾਏ. ਨੱਠੇ. ਦੇਖੋ, ਪਲਾਯਨ. "ਪਯਾਦੇ ਪਰਾਏ." (ਚਰਿਤ੍ਰ ੧੨੫)


ਦੇਖੋ, ਪਰਾਛਤ.


ਦੇਖੋ, ਪਰਾਸ੍ਤ.


ਸੰ. ਵਿ- ਜਿੱਤਿਆ ਹੋਇਆ. ਹਾਰਿਆ ਹੋਇਆ.


ਸੰ. ਪਰਾਸ਼ਰ. ਵਿ- ਦੂਰ ਸੁੱਟਣ ਵਾਲਾ। ੨. ਸੰਗ੍ਯਾ- ਇੰਦ੍ਰ. ਨਿਰੁਕ੍ਤ ਵਿੱਚ ਲਿਖਿਆ ਹੈ ਕਿ ਇੰਦ੍ਰ ਦਾ ਨਾਮ ਇਸ ਲਈ ਪਰਾਸ਼ਰ ਹੈ ਕਿ ਉਹ ਰਾਖਸਾਂ ਨੂੰ ਮਾਰਕੇ ਦੂਰ ਸੁੱਟਦਾ ਹੈ। ੩. ਇੱਕ ਵੈਦਿਕ ਰਿਸੀ. ਜਿਸ ਨੇ ਰਿਗਵੇਦ ਦੇ ਕਈ ਮੰਤ੍ਰ ਰਚੇ ਹਨ. ਇਹ ਕਪਲ ਮੁਨਿ ਦਾ ਚੇਲਾ ਸੀ ਅਤੇ ਇਸ ਨੇ ਪੁਲਸ੍ਤ੍ਯ ਕੋਲੋਂ ਵਿਸਨੁਪੁਰਾਣ ਲੈਕੇ ਮੈਤ੍ਰੇਯ ਨੂੰ ਸਿਖਾਇਆ ਸੀ. ਇਸ ਨੇ ਧਰਮਸ਼ਾਸਤ੍ਰ ਭੀ ਲਿਖਿਆ ਹੈ. ਸਤ੍ਯਵਤੀ ਨਾਲ ਭੋਗ ਕਰਕੇ ਇਸ ਨੇ ਕ੍ਰਿਸਨ ਦ੍ਵੈ- ਪਾਯਨ (ਵ੍ਯਾਸ) ਪੈਦਾ ਕੀਤਾ. ਨਿਰੁਕ੍ਤ ਲਿਖਦਾ ਹੈ ਕਿ ਇਹ ਵਸ਼ਿਸ੍ਟ ਦਾ ਪੁਤ੍ਰ ਸੀ, ਪਰ ਮਹਾਭਾਰਤ ਤੇ ਵਿਸਨੁਪੁਰਾਣ ਵਿੱਚ ਇਸ ਨੂੰ ਅਦ੍ਰਿਸ਼੍ਯੰਤੀ ਦੇ ਉਦਰ ਤੋਂ ਸ਼ਕ੍ਤਿ ਰਿਖੀ ਦਾ ਪੁਤ੍ਰ ਅਤੇ ਵਸਿਸ੍ਟ ਦਾ ਪੋਤਾ ਦੱਸਿਆ ਹੈ. "ਅਤ੍ਰਿ ਪਰਾਸਰ ਨਾਰਦ ਸਾਰਦ ਬ੍ਯਾਸ ਤੇ ਆਦਿ ਜਿਤੇ ਮੁਨਿ ਭਾਏ." (ਦੱਤਾਵ)