ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਬੀਬੀ ਨਾਨਕੀ ਜੀ ਦੀ ਦਾਸੀ, ਜੋ ਸਤਿਗੁਰੂ ਨਾਨਕਦੇਵ ਦੀ ਸਿੱਖੀ ਧਾਰਕੇ ਪਰਮ ਗ੍ਯਾਨ ਨੂੰ ਪ੍ਰਾਪਤ ਹੋਈ. ਜਦ ਸਤਿਗੁਰੂ ਸੁਲਤਾਨਪੁਰ ਰਹੇ, ਤਦ ਇਹ ਸ਼੍ਰੱਧਾ ਨਾਲ ਸੇਵਾ ਅਤੇ ਸਤਿਸੰਗ ਕਰਦੀ ਰਹੀ.


ਸੰ. ਸੰਗ੍ਯਾ- ਜੋ ਆਪਣੀ ਤੁਲ੍ਯਤਾ (ਬਰਾਬਰੀ) ਨੂੰ ਫੈਂਕ ਦੇਵੇ, ਸੋ ਤੁਲਸੀ. ਅਰਥਾਤ ਜਿਸ ਦੇ ਤੁਲ੍ਯ ਹੋਰ ਬੂਟਾ ਨਹੀਂ. ਤੁਲਸੀ ਮਰੂਏ ਦੀ ਕ਼ਿਸਮ ਦਾ ਇੱਕ ਚਰਪਰਾ ਪੌਦਾ ਹੈ. ਇਸ ਦੇ ਪੱਤੇ ਕਫ ਨਾਸ਼ਕ ਅਤੇ ਭੁੱਖ ਵਧਾਉਣ ਵਾਲੇ ਹਨ. ਵੈਦ ਤਪ ਆਦਿਕ ਕਈ ਰੋਗਾਂ ਵਿੱਚ ਤੁਲਸੀ ਵਰਤਦੇ ਹਨ. ਜੇ ਤੁਲਸੀ ਦੇ ਪੱਤੇ ਚਾਯ ਵਾਂਙ ਉਬਾਲਕੇ ਦੁੱਧ ਅਤੇ ਮਿੱਠਾ ਮਿਲਾਕੇ ਪੀਤੇ ਜਾਣ ਤਾਂ ਮੇਦੇ ਅਤੇ ਫਿਫੜੇ ਦੇ ਅਨੇਕ ਰੋਗ ਦੂਰ ਹੋਂਦੇ ਹਨ. L. Ocymum Sacrum. ਅੰ. Sweet basil.#ਵੈਸਨਵ ਧਰਮ ਅਨੁਸਾਰ ਇਸ ਨੂੰ ਬਹੁਤ ਹੀ ਪਵਿਤ੍ਰ ਮੰਨਿਆ ਹੈ ਅਰ ਸ਼ਾਲਗ੍ਰਾਮ ਦੀ ਪੂਜਾ ਤਾਂ ਬਿਨਾ ਤੁਲਸੀ ਹੋ ਹੀ ਨਹੀਂ ਸਕਦੀ.#ਬ੍ਰਹਮ੍‍ਵੈਵਰਤ ਪੁਰਾਣ ਵਿੱਚ ਕਥਾ ਹੈ ਕਿ ਗੋਲੋਕ ਵਿੱਚ ਤੁਲਸੀ ਨਾਮ ਦੀ ਇੱਕ ਰਾਧਾ ਦੀ ਸਖੀ ਸੀ. ਇੱਕ ਦਿਨ ਕ੍ਰਿਸਨ ਜੀ ਨਾਲ ਤੁਲਸੀ ਨੂੰ ਕੇਲ ਕਰਦੇ ਦੇਖਕੇ ਰਾਧਾ ਨੇ ਸ੍ਰਾਪ ਦਿੱਤਾ ਕਿ ਤੂੰ ਮਨੁੱਖ ਸ਼ਰੀਰ ਧਾਰਣ ਕਰ. ਇਸ ਪੁਰ ਤੁਲਸੀ ਰਾਜਾ ਧਰਮਧ੍ਵਜ ਦੀ ਕੰਨ੍ਯਾ ਹੋਈ, ਅਤੇ ਸ਼ੰਖਚੂੜ ਰਾਖਸ ਨਾਲ ਵਿਆਹ ਹੋਇਆ. ਸ਼ੰਖਚੂੜ ਨੂੰ ਇਹ ਵਰ ਮਿਲਿਆ ਹੋਇਆ ਸੀ ਕਿ ਜਦ ਤੀਕ ਉਸ ਦੀ ਇਸਤ੍ਰੀ ਦਾ ਸਤਭੰਗ ਨਹੀਂ ਹੋਊ, ਓਦੋਂ ਤੀਕ ਉਸ ਨੂੰ ਕੋਈ ਨਹੀਂ ਜਿੱਤ ਸਕੇਗਾ. ਸ਼ੰਖਚੂੜ ਨੇ ਸਾਰੇ ਦੇਵਤੇ ਜਿੱਤ ਲਏ ਅਰ ਤਿੰਨ ਲੋਕਾਂ ਦਾ ਮਾਲਿਕ ਬਣ ਗਿਆ. ਦੇਵਤਿਆਂ ਨੇ ਵਿਸਨੁ ਦੀ ਸ਼ਰਣ ਲਈ ਅਤੇ ਸਹਾਇਤਾ ਮੰਗੀ. ਵਿਸਨੁ ਨੇ ਸ਼ੰਖਚੂੜ ਦਾ ਭੇਸ ਧਾਰਕੇ ਤੁਲਸੀ ਦਾ ਸਤ ਭੰਗ ਕੀਤਾ. ਤੁਲਸੀ ਨੇ ਵਿਸਨੁ ਨੂੰ ਸ੍ਰਾਪ ਦਿੱਤਾ ਕਿ ਤੂੰ ਪੱਥਰ ਹੋਜਾ. ਵਿਸਨੁ ਨੇ ਆਖਿਆ ਕਿ ਤੂੰ ਭੀ ਇਸ ਸ਼ਰੀਰ ਨੂੰ ਛੱਡਕੇ ਸਦਾ ਲਕ੍ਸ਼੍‍ਮੀ ਵਾਂਙ ਮੇਰੀ ਪ੍ਯਾਰੀ ਰਹੇਂਗੀ. ਤੇਰੇ ਸ਼ਰੀਰ ਤੋਂ ਗੰਡਕਾ ਨਦੀ ਅਤੇ ਕੇਸ਼ਾਂ ਤੋਂ ਤੁਲਸੀ ਦਾ ਬੂਟਾ ਹੋਵੇਗਾ. ਦੋਹਾਂ ਦੇ ਪਰਸਪਰ ਸ੍ਰਾਪ ਦੇ ਕਾਰਣ ਵਿਸਨੁ ਸ਼ਾਲਗ਼ਾਮ ਹੋਏ, ਜੋ ਗੰਡਕਾ ਨਦੀ ਵਿੱਚੋਂ ਮਿਲਦੇ ਹਨ ਅਤੇ ਤੁਲਸੀ ਬੂਟਾ ਬਣੀ. ਦੇਖੋ, ਜਲੰਧਰ ਸ਼ਬਦ.#ਬਹੁਤ ਵੈਸਨ ਤੁਲਸੀ ਅਤੇ ਸ਼ਾਲਗ੍ਰਾਮ ਦਾ ਵਿਆਹ ਧੂਮ ਧਾਮ ਨਾਲ ਕਰਦੇ ਹਨ ਅਰ ਤੁਲਸੀ ਦੀ ਲੱਕੜ ਦੀ ਮਾਲਾ ਅਤੇ ਕੰਠੀ ਪਹਿਰਦੇ ਹਨ. ਤੁਲਸੀ ਦਾ ਖ਼ਾਸ ਕਰਕੇ ਪੂਜਨ ਕੱਤਕ ਬਦੀ ਅਮਾਵਸ (ਮੌਸ) ਨੂੰ ਹੁੰਦਾ ਹੈ ਕਿਉਂਕਿ ਇਹ ਤਿਥਿ ਤੁਲਸੀ ਦੇ ਜਨਮ ਦੀ ਮੰਨੀ ਗਈ ਹੈ. ਤੁਲਸੀ ਦੇ ਸੰਸਕ੍ਰਿਤ ਨਾਮ ਹਨ-#ਵਿਸਨੁਵੱਲਭਾ, ਹਰਿਪ੍ਰਿਯਾ, ਵ੍ਰਿੰਦਾ, ਪਾਵਨੀ, ਵਹੁਪਤ੍ਰੀ, ਸ਼੍ਯਾਮਾ, ਤ੍ਹ੍ਹਿਦਸ਼ ਮੰਜਰੀ, ਮਾਧਵੀ, ਅਮ੍ਰਿਤਾ, ਸੁਰਵੱਲੀ. "ਨਾ ਸੁਚਿ ਸੰਜਮ ਤੁਲਸੀ ਮਾਲਾ." (ਮਾਰੂ ਸੋਲਹੇ ਮਃ ੫) ੨. ਸ਼੍ਰੀ ਗੁਰੂ ਅਰਜਨਦੇਵ ਦਾ ਇੱਕ ਪਰੋਪਕਾਰੀ ਸਿੱਖ। ਦੇਖੋ, ਤੁਲਸੀਦਾਸ.


ਧੀਰ ਜਾਤਿ ਦਾ ਗੁਰੂ ਅਰਜਨਦੇਵ ਦਾ ਸਿੱਖ, ਜੋ ਗੁਰੂ ਹਰਿਗੋਬਿੰਦ ਸਾਹਿਬ ਦੀ ਸੇਵਾ ਵਿੱਚ ਭੀ ਹ਼ਾਜਿਰ ਰਿਹਾ। ੨. ਭਾਰਦ੍ਵਾਜੀ ਬ੍ਰਾਹਮ੍‍ਣ, ਜੋ ਗੁਰੂ ਅਰਜਨ ਸਾਹਿਬ ਦਾ ਸਿੱਖ ਹੋਕੇ ਗੁਰੂ ਨਾਨਕਦੇਵ ਦੇ ਪਵਿਤ੍ਰ ਧਰਮ ਦਾ ਉਪਦੇਸ਼ਕ ਹੋਇਆ.


ਰਾਜਪੁਰ (ਜਿਲਾ ਬਾਂਦਾ) ਦੇ ਵਸਨੀਕ ਬ੍ਰਾਹ੍‌ਮਣ ਆਤਮਾਰਾਮ ਦੇ ਘਰ ਮਾਤਾ ਹੁਲਸੀ ਦੇ ਉਦਰ ਤੋਂ ਤੁਲਸੀਦਾਸ ਜੀ ਦਾ ਜਨਮ ਹੋਇਆ.¹ ਇਹ ਮਹਾਕਵਿ ਸ਼੍ਰੀ ਰਾਮਚੰਦ੍ਰ ਜੀ ਦੇ ਅਨਨ੍ਯ ਭਗਤ ਸਨ. ਇਨ੍ਹਾਂ ਨੇ ਹਿੰਦੀ ਭਾਸਾ ਵਿੱਚ ਰਾਮਾਇਣ ਦੀ ਮਨੋਹਰ ਰਚਨਾ ਕੀਤੀ ਹੈ. ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਤੁਲਸੀ ਜੀ ਨੂੰ ਆਪਣੀ ਇਸਤ੍ਰੀ ਰਤਨਾਵਲੀ ਦੇ ਵਚਨ ਸੁਣਕੇ ਪਰਮੇਸ਼੍ਵਰ ਵੱਲ ਪ੍ਰੇਮ ਜਾਗਿਆ ਸੀ. ਤੁਲਸੀਦਾਸ ਜੀ ਦਾ ਦੇਹਾਂਤ ਸੰਮਤ ੧੬੮੦ ਵਿੱਚ ਕਾਸ਼ੀ ਹੋਇਆ. "ਸੰਬਤ ਸੋਲਹ ਸੌ ਅਸੀ, ਅਸੀ ਗੰਗ ਕੇ ਤੀਰ। ਸ਼੍ਰਾਵਣ ਸ਼ੁਕਲਾ ਸਪ੍ਤਮੀ ਤੁਲਸੀ ਤਜ੍ਯੋ ਸਰੀਰ."


ਤੁਲਸੀਦਾਸ ਕ੍ਰਿਤ ਰਾਮਕਥਾ ਦਾ ਗ੍ਰੰਥ. ਤੁਲਸੀਦਾਸ ਨੇ ਦੋਹਾ, ਕਬਿੱਤ, ਬਰਵਾ ਆਦਿ ਕਈ ਰਾਮਾਯਣ ਲਿਖੇ ਹਨ, ਪਰ ਸਭ ਤੋਂ ਪ੍ਰਸਿੱਧ ਅਤੇ ਉੱਤਮ, ਮਾਨਸ ਰਾਮਾਯਣ, ਜੋ ਚੌਪਈ ਦੋਹਾ ਆਦਿ ਛੰਦਾਂ ਵਿੱਚ ਹੈ, ਉਹ 'ਤੁਲਸੀ ਰਾਮਾਯਣ' ਨਾਮ ਤੋਂ ਸੱਦੀਦਾ ਹੈ. ਤੁਲਸੀਦਾਸ ਨੇ ਇਸ ਦਾ ਨਾਮ "ਰਾਮਚਰਿਤਮਾਨਸ" ਰੱਖਿਆ ਹੈ.


ਸੰਗ੍ਯਾ- ਨਦੀ ਪਾਰ ਹਣ ਲਈ ਰੱਸਿਆਂ ਨਾਲ ਕਾਠ ਦਾ ਬੰਨ੍ਹਿਆ ਤੁਲ੍ਹਾ. "ਨਾ ਬੇੜੀ ਨਾ ਤੁਲਹੜਾ." (ਸ੍ਰੀ ਮਃ ੧) "ਆਗੇ ਕਉ ਕਿਛੁ ਤੁਲਹਾ ਬਾਂਧਉ." (ਸਾਰ ਕਬੀਰ)


ਸੰ. ਸੰਗ੍ਯਾ- ਬਰਾਬਰੀ. ਤੁਲ੍ਯਤਾ। ੨. ਉਪਮਾ। ੩. ਤੋਲ. ਵਜ਼ਨ.