ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [گولہ انداز] ਸੰਗ੍ਯਾ- ਤੋਪਚੀ. ਤੋਪ ਦੇ ਗੋਲੇ ਨੂੰ ਫੈਂਕਣ (ਵਰਸਾਉਣ) ਵਾਲਾ. ਗੋਲਮਦਾਜ.


ਕ੍ਰਿ- ਕਥਨ. ਗੋ (ਬਾਣੀ) ਦਾ ਉੱਚਾਰਣ. "ਮੁਖ ਗੋਵਹਿ ਗਿਆਨ." (ਆਸਾ ਮਃ ੫)


ਸੰ. गोवर्द्घन ਸੰਗ੍ਯਾ- ਗਊਆਂ ਦੇ ਵਧਾਉਣ ਵਾਲਾ ਇੱਕ ਪਹਾੜ, ਜੋ ਵ੍ਰਿੰਦਾਵਨ ਤੋਂ ੧੮. ਮੀਲ ਤੇ (ਯੂ. ਪੀ. ਦੇ ਇਲਾਕੇ ਮਥੁਰਾ ਜਿਲੇ) ਵਿੱਚ ਹੈ. ਸ਼੍ਰੀ ਕ੍ਰਿਸਨ ਜੀ ਇਸ ਉੱਪਰ ਗਊਆਂ ਚਰਾਇਆ ਕਰਦੇ ਸਨ. ਜਦ ਇੰਦ੍ਰ ਨੇ ਗੋਪਾਂ ਵੱਲੋਂ ਆਪਣੀ ਪੂਜਾ ਹਟੀ ਦੇਖੀ, ਤਦ ਉਸ ਨੇ ਕ੍ਰੋਧ ਨਾਲ ਮੂਸਲਧਾਰ ਵਰਖਾ ਕਰਕੇ ਵ੍ਰਿਜ ਨੂੰ ਡੋਬਣਾ ਚਾਹਿਆ. ਕ੍ਰਿਸਨ ਜੀ ਨੇ ਗੋਵਰਧਨ ਛਤਰੀ ਦੀ ਤਰਾਂ ਉਠਾਕੇ ਗੋਪ ਅਤੇ ਗਊਆਂ ਦੀ ਰਖ੍ਯਾ ਕੀਤੀ. "ਗੁਰਮਤਿ ਕ੍ਰਿਸਨ ਗੋਵਰਧਨ ਧਾਰੇ." (ਮਾਰੂ ਸੋਲਹੇ ਮਃ ੧) ਗੋਵਰਧਨ ਉੱਤੇ "ਹਰਿਦੇਵ" ਨਾਮਕ ਕ੍ਰਿਸਨ ਜੀ ਦਾ ਪ੍ਰਸਿੱਧ ਮੰਦਿਰ ਹੈ। ੨. ਬੰਬਈ ਹਾਤੇ ਵਿੱਚ ਜ਼ਿਲੇ ਨਾਸਿਕ ਦਾ ਇੱਕ ਪਹਾੜ.


ਵਿ- ਗੋਵਰਧਨ ਪਹਾੜ ਦੇ ਉਠਾਉਣ ਵਾਲਾ। ੨. ਸੰਗ੍ਯਾ- ਕ੍ਰਿਸਨਦੇਵ. ਦੇਖੋ, ਗੋਵਰਧਨ.


ਗੋਪਾਲਕ. ਦੇਖੋ, ਗੋਪਾਲ. "ਬਾਪ ਗੋਵਲੀਆ ਬਲਿ ਜਾਸਉ." (ਬੰਨੋ)


ਦੇਖੋ, ਗੋਬਿੰਦ. "ਗੋਵਿਦ ਨਾਮ ਮਜੀਠਾ." (ਸੂਹੀ ਛੰਤ ਮਃ ੫)


ਦੇਖੋ, ਗੋਬਿੰਦ. "ਗੋਵਿੰਦ ਗੋਵਿੰਦ ਬਖਾਨੀਐ." (ਆਸਾ ਮਃ ੫) ੨. ਕ੍ਰਿਸਨ. "ਆਖਹਿ ਗੋਪੀ ਤੈ ਗੋਵਿੰਦ." (ਜਪੁ) ੩. ਘੇਈ ਗੋਤ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ.


ਦੇਖੋ, ਗੋਬਿੰਦ ਸਿੰਘ ਸਤਿਗੁਰੂ.


ਸੰਬੋਧਨ. ਹੇ ਗੋਵਿੰਦ! ੨. ਗੁਰੂ ਅਮਰਦਾਸ ਸਾਹਿਬ ਦਾ ਇੱਕ ਸੇਵਕ.