ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਬਕ ਦੈਤ ਨੂੰ ਮਾਰਨ ਵਾਲਾ ਸ੍ਰੀ ਕ੍ਰਿਸਨ ਅਤੇ ਬਲਰਾਮ। ੨. ਪਵਨ. ਵਾਯੁ, ਜੋ ਆਪਣੇ ਵੇਗ ਨਾਲ ਬਗੁਲੇ ਨੂੰ ਪਛਾੜ ਦਿੰਦਾ ਹੈ. (ਸਨਾਮਾ)


ਕ੍ਰਿ- ਵਚਨ ਕਹਿਣਾ. ਵਾਕ ਉਚਾਰਨਾ. ਬੋਲਣਾ. "ਚਰਨ ਗਹਉ ਬਕਉ ਸੁਭ ਰਸਨਾ." (ਜੈਤ ਮਃ ੫) ੨. ਬਕ (ਬਗੁਲੇ) ਵਾਂਙ ਨਿਰਰਥਕ ਸ਼ੋਰ ਕਰਨਾ. "ਬਕੈ ਨ ਬੋਲੈ ਖਿਮਾਧਨ ਸੰਗ੍ਰਹੈ." (ਮਾਰੂ ਅਃ ਮਃ ੧)


ਫ਼ਾ. [بکتر] ਸੰਗ੍ਯਾ- ਕਵਚ, ਲੋਹੇ ਦੀਆਂ ਕੜੀਆਂ ਦਾ ਜਾਲ, ਜੋ ਸ਼ਰੀਰ ਦੀ ਰਖ੍ਯਾ ਵਾਸਤੇ ਯੋਧਾ ਪਹਿਰਦੇ ਹਨ.


ਸੰ. ਵਕ੍ਤਾ. ਵਿ- ਬੋਲਣ ਵਾਲਾ. ਕਹਿਣ ਵਾਲਾ. ਕਥਨ ਕਰਤਾ. "ਬਕਤਾ ਸੁਨਤਾ ਸੋਈ." (ਗਊ ਮਃ ੧)


ਸੰ. ਵਕ੍ਤ. ਸੰਗ੍ਯਾ- ਮੁਖ. "ਡਰ੍ਯੋ ਚਾਰਬਕਤ੍ਰੰ." (ਚੰਡੀ ੨) ਚਾਰ ਮੂਹਾਂ ਵਾਲਾ (ਬ੍ਰਹਮਾ) ਡਰਿਆ। ੨. ਦੇਖੋ, ਦੰਤਵਕ੍ਰ.


ਵਕ੍ਤਿ (वक्तृ) ਗਣ. ਵਕ੍ਤਾ ਲੋਗ. ਕਥਨ ਕਰਣ ਵਾਲੇ ਲੋਕ. "ਸੁ ਕੋਟਿ ਚਕ੍ਰ ਬਕਤ੍ਰਣੰ." (ਗ੍ਯਾਨ)


ਵਕ੍‌ਤ੍ਰ- ਅਗ੍ਰਜ. ਮੂੰਹ ਦੇ ਅੱਗੇ ਰਹਿਣ ਵਾਲਾ, ਨੇਤ੍ਰ. (ਸਨਾਮਾ)


ਸੰ. ਵਕਦਾਲ੍‌ਭ੍ਯ. ਪੰਚਾਲ ਦੇਸ਼ ਵਿੱਚ ਰਹਿਣਵਾਲਾ ਇੱਕ ਮੁਨਿ. ਇਸ ਦਾ ਆਸ਼੍ਰਮ ਸਰਸ੍ਵਤੀ ਨਦੀ ਦੇ ਕਿਨਾਰੇ ਰਾਜਾ ਧ੍ਰਿਤਰਾਸ੍ਟ੍ਰ ਦੇ ਰਾਜ ਵਿੱਚ ਸੀ. ਮਹਾਭਾਰਤ ਦੇ ਸ਼ਲ੍ਯ ਪਰਵ ਦੇ ੪੦ਵੇਂ ਅਧ੍ਯਾਯ ਵਿੱਚ ਕਥਾ ਹੈ ਕਿ ਇੱਕ ਵਾਰ ਰਾਜਾ ਵਿਸ਼੍ਵਜਿਤ ਦਾ ਇਸ ਮੁਨਿ ਨੇ ਯਗ੍ਯ ਕਰਾਇਆ. ਜਿਸ ਵਿੱਚ ੨੧. ਬੈਲ ਦਕ੍ਸ਼ਿਣਾ ਵਿੱਚ ਮਿਲੇ. ਬਕਦਾਲਭ ਨੇ ਓਹ ਬੈਲ ਹੋਰ ਰਿਖੀਆਂ ਨੂੰ ਬਖਸ਼ ਦਿੱਤੇ ਅਤੇ ਰਾਜਾ ਧ੍ਰਿਤਰਾਸਟ੍ਰ ਤੋਂ ਆਪਣੇ ਲਈ ਹੋਰ ਬੈਲ ਮੰਗੇ. ਰਾਜੇ ਨੇ ਕ੍ਰੋਧ ਵਿੱਚ ਆਕੇ ਆਖਿਆ ਕਿ ਮੇਰੀਆਂ ਮੋਈਆਂ ਹੋਈਆਂ ਗਾਈਆਂ ਲੈ ਲੈ. ਬਕਦਾਲਭ ਨੇ ਮੋਈਆਂ ਗਾਈਆਂ ਲੈਕੇ ਉਨ੍ਹਾਂ ਦੇ ਮਾਸ ਨਾਲ ਧ੍ਰਿਤਰਾਸਟ੍ਰ ਦਾ ਰਾਜ ਨਾਸ਼ ਕਰਨ ਲਈ ਯਗ੍ਯ ਆਰੰਭਿਆ. ਜਿਉਂ ਜਿਉਂ ਰਿਖੀ ਗਾਈਆਂ ਦਾ ਮਾਸ ਕੱਟਕੇ ਹਵਨ ਕਰੇ, ਤਿਉਂ ਤਿਉਂ ਰਾਜ ਨਸ੍ਟ ਹੁੰਦਾ ਜਾਵੇ. ਅੰਤ ਨੂੰ ਧ੍ਰਿਤਰਾਸ੍ਟ੍ਰ ਨੇ ਮੁਆਫੀ ਮੰਗੀ.#ਵਕਾਦਾਲਭ ਦਾ ਜਿਕਰ ਛਾਂਦੋਗ ਉਪਨਿਸਦ ਦੇ ਪਹਿਲੇ ਪ੍ਰਪਾਠਕ ਦੇ ਦੂਜੇ ਅਤੇ ਬਾਰ੍ਹਵੇਂ ਖੰਡ ਵਿੱਚ ਭੀ ਆਇਆ ਹੈ. ਇਸ ਦਾ ਨਾਮ "ਲਾਵਮੈਤ੍ਰੇਯ" ਭੀ ਹੈ. "ਸਿੰਗੀਰਿਖਿ ਬਕਦਾਲਭ ਭਨੇ." (ਪਾਰਸਾਵ)


ਸੰਗ੍ਯਾ- ਬਕ ਜੇਹਾ ਧਿਆਨ. ਬਗੁਲ- ਸਮਾਧੀ. "ਬੈਠ ਰਹ੍ਯੋ ਬਕਧ੍ਯਾਨ ਲਗਾਯੋ." (ਅਕਾਲ)


ਦੇਖੋ, ਬਕਣਾ. "ਬਿਨੁ ਬਕਨੇ ਬਿਨੁ ਕਹਨ ਕਹਾਵਨ ਅੰਤਰਜਾਮੀ ਜਾਨੈ." (ਸਾਰ ਮਃ ੫)