ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਭਾਗਨਾ. "ਦੂਰਹੁ ਹੀ ਤੇ ਭਾਗਿਗਇਓ ਹੈ." (ਦੇਵ ਮਃ ੫) ੨. (ਦੇਖੋ, ਭਜ੍‌ ਧਾ) ਸੰ. ਸੰਗ੍ਯਾ- ਹਿੱਸਾ. ਟੁਕੜਾ. ਖੰਡ. "ਚਤੁਰ ਭਾਗ ਕਰ੍ਯੋ ਤਿਸੈ." (ਰਾਮਾਵ) ੩. ਭਾਗ੍ਯ. ਕਿਸਮਤ. "ਭਲੇ ਭਾਗ ਜਾਗੇ." (ਗੁਪ੍ਰਸੂ) ੪. ਦੇਸ਼. ਮੁਲਕ "ਹੋਇ ਆਨੰਦ ਸਗਲ ਭਾਗ." (ਮਲਾ ਪੜਤਾਲ ਮਃ ੫)


ਸੰ. ਭਾਗਵਤ. ਵਿ- ਭਗਵਾਨ ਸੰਬੰਧੀ.


"ਭਗਤਿ ਭਾਗਉਤੁ ਲਿਖੀਐ ਤਿਹ ਊਪਰੇ." (ਮਲਾ ਰਵਿਦਾਸ) ੨. ਸੰਗ੍ਯਾ- ਵ੍ਯਾਸ ਕ੍ਰਿਤ ਇੱਕ ਪੁਰਾਣ, ਜਿਸ ਦੇ ੧੨. ਸਕੰਧ, ੩੧੨ ਅਧ੍ਯਾਯ ਅਤੇ ੧੮੦੦੦ ਸ਼ਲੋਕ ਹਨ. ਦੇਖੋ, ਪੁਰਾਣ. "ਦਸਮਕਥਾ ਭਾਗਉਤ ਕੀ ਭਾਖਾ ਕਰੀ ਬਨਾਇ." (ਕ੍ਰਿਸਨਾਵ)


ਰਾਜਾ ਗਜਪਤਿਸਿੰਘ ਜੀਂਦਪਤਿ ਦਾ ਦੂਜਾ ਪੁਤ੍ਰ, ਜੋ ਸਨ ੧੭੮੯ ਵਿੱਚ ਇੱਕੀ ਵਰ੍ਹੇ ਦੀ ਉਮਰ ਵਿੱਚ ਜੀਂਦ ਦੀ ਗੱਦੀ ਤੇ ਬੈਠਾ. ਇਸ ਨੇ ਸਨ ੧੮੦੩ ਵਿੱਚ ਬਰਤਾਨੀਆਂ ਸਰਕਾਰ ਨਾਲ ਮਿਤ੍ਰਤਾ ਗੰਢੀ ਅਤੇ ਲਾਰਡ ਲੇਕ Lake ਨੂੰ ਭਾਰੀ ਸਹਾਇਤਾ ਦਿੱਤੀ. ਰਾਜਾ ਭਾਗਸਿੰਘ ਬਹੁਤ ਚਤੁਰ ਅਤੇ ਨੀਤਿਗ੍ਯਾਤਾ ਸੀ. ਇਹ ਬਹੁਤ ਚਿਰ ਅਧਰੰਗ ਨਾਲ ਰੋਗੀ ਰਹਿਕੇ ਸਨ ੧੮੧੯ ਵਿੱਚ ਪਰਲੋਕ ਸਿਧਾਰਿਆ. ਦੇਖੋ, ਜੀਂਦ। ੨. ਦੇਖੋ, ਕਪੂਰਥਲਾ.


ਵਿ- ਭਾਗਧੇਯ. ਭਾਗ੍ਯਵਾਨ. ਖ਼ੁਸ਼ਨਸੀਬ. "ਓਹ ਧਨੁ ਭਾਗਸੁਧਾ, ਜਿਨਿ ਪ੍ਰਭੁ ਲਧਾ." (ਸੂਹੀ ਛੰਤ ਮਃ ੫)


ਦੇਖੋ, ਭਾਗੋਮਾਈ.


ਵਿ- ਇਸ੍ਟ- ਭਾਗ੍ਯ- ਵਾਲਾ. ਖ਼ੁਸ਼ਨਸੀਬ. ਭਾਗ੍ਯਵਾਨ. "ਸੋ ਘਰ ਭਾਗਠ ਦੇਖੁ." (ਸੋਰ ਮਃ ੧) ਭਾਗਠੜੇ ਹਰਿ ਸੰਤ ਤੁਮਾਰੇ." (ਸੂਹੀ ਮਃ ੫) "ਭਾਗਠਿ ਗ੍ਰਿਹਿ ਪੜੈ ਨਿਤ ਪੋਥੀ." (ਰਾਮ ਮਃ ੫) "ਭਾਗਠੁ ਸਾਚਾ ਸੋਇ ਹੈ. ਜਿਸੁ ਹਰਿ ਧਨੁ ਅੰਤਰਿ." (ਆਸਾ ਮਃ ੫)