ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪੰਜਾਬੀ ਵਰਣਮਾਲਾ ਦਾ ਪਚੀਹਵਾਂ ਅੱਖਰ. ਇਸ ਦਾ ਉੱਚਾਰਣ ਅਸਥਾਨ ਦੰਦ ਅਤੇ ਨੱਕ ਹੈ। ੨. ਸੰ. ਸੰਗ੍ਯਾ- ਉਪਮਾਂ. ਮਿਸਾਲ। ੩. ਰਤਨ। ੪. ਬੰਧਨ। ੫. ਨਗਣ ਦਾ ਸੰਖੇਪ ਨਾਮ। ੬. ਵਿ- ਸ੍‍ਤੁਤ. ਤਅਰੀਫ਼ ਕੀਤਾ ਗਿਆ। ੭. ਵ੍ਯ- ਨਿਸੇਧ ਬੋਧਕ. ਨਹੀਂ. ਨਾ. ਫ਼ਾਰਸੀ ਅਤੇ ਪੰਜਾਬੀ ਵਿੱਚ ਭੀ ਇਹ ਇਹੀ ਅਰਥ ਦਿੰਦਾ ਹੈ. "ਨ ਅੰਤਰੁ ਭੀਜੈ ਨ ਸਬਦੁ ਪਛਾਣਹਿ." (ਮਾਰੂ ਸੋਲਹੇ ਮਃ ੩) ੮. ਬਹੁਵਚਨ ਬੋਧਕ. "ਅਘਨ ਕਟਹਿ ਸਭ ਤੇਰੇ." (ਸਵੈਯੇ ਮਃ ੪. ਕੇ) ਤੇਰੇ ਸਭ ਅਘਨ (ਅਘਗਣ) ਕੱਟਹਿ. "ਦੁਖਨ ਨਾਸ." (ਸਵੈਯੇ ਮਃ ੪. ਕੇ) ੯. ਪ੍ਰਤ੍ਯ- ਕਾ. ਕੀ. ਦਾ. ਦੀ. "ਕਬ ਲਾਗੈ ਮਸਤਕ ਚਰਨਨ ਰਜ?" (ਭਾਗੁ ਕ) ਚਰਨਾਂ ਦੀ ਧੂੜ ਕਦੋਂ ਮੱਥੇ ਲੱਗੇ.


ਸੰ. ਨਵ. ਵਿ- ਨੌ. "ਨਉਖੰਡ ਪ੍ਰਿਥਮੀ ਫਿਰੈ." (ਸੁਖਮਨੀ) ੨. ਫ਼ਾ. [نوَ] ਨੌ. ਨਵਾਂ. ਨਵੀਨ. ਨਯਾ. "ਜਾ ਜੋਬਨ ਨਉ ਹੁਲਾ." (ਸ੍ਰੀ ਮਃ ੧) ੩. ਵ੍ਯ- ਨੂੰ. ਕੋ. ਪ੍ਰਤਿ. "ਜਿਸ ਨਉ ਆਪੇ ਲਏ ਮਿਲਾਇ." (ਸ੍ਰੀ ਮਃ ੩) "ਗਣਤੈ ਨਉ ਸੁਖ ਨਾਹਿ." (ਸ੍ਰੀ ਮਃ ੩)


ਸੰਗ੍ਯਾ- ਨਵ (ਨੌਂ) ਤਲਾਉ. ਭਾਵ- ਨੌ ਦ੍ਵਾਰ. "ਨਉ ਸੁਰ ਸੁਭਰ ਦਸਵੈ ਪੂਰੇ." (ਸਿਧਗੋਸਟਿ)


ਪੁਰਾਣੇ ਵਿਦ੍ਵਾਨਾਂ ਨੇ ਹਿੰਦੁਸਤਾਨ ਦੀਆਂ ਵਡੀਆਂ ਛੋਟੀਆਂ ਨਦੀਆਂ ਦੀ ਇਹ ਗਿਣਤੀ, ਜੋ ਗੰਗਾ ਵਿੱਚ ਮਿਲਦੀਆਂ ਹਨ, ਕਲਪਣਾ ਕੀਤੀ ਹੈ. "ਨਉ ਸੈ ਨਦੀ ਨਿੜੰਨਵੈ ਅਠਸਠ ਤੀਰਥ ਗੰਗ ਸਮਾਈ." (ਭਾਗੁ) ਭਾਵ- ਸਾਰੀਆਂ ਨਦੀਆਂ ਅਤੇ ਤੀਰਥ.


ਫ਼ਾ. [نوَشہ] ਨੌਸ਼ਹ. ਸੰਗ੍ਯਾ- ਨਵਾਂ ਬਾਦਸ਼ਾਹ. ਭਾਵ- ਲਾੜਾ. ਦੁਲਹਾ. "ਵਾਰਕੈ ਪਾਨਿਨ ਨਉਸ਼ਹ ਕੰਠ ਲਗਾਵਤ ਭੀ." (ਸਲੋਹ)