ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪਾਣ। ੨. ਦੇਖੋ, ਪੈਣਾ. "ਨਾ ਹਉ, ਨਾ ਮੈ ਜੂਨੀ ਪਾਣੁ." (ਵਾਰ ਮਲਾ ਮਃ ੧) "ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ." (ਵਾਰ ਸੂਹੀ ਮਃ ੧)


ਸੰਗ੍ਯਾ- ਪਤ੍ਰ. ਪੱਤਾ. "ਜੈਸੇ ਬਨ ਹਰ ਪਾਤ." (ਸਾਰ ਕਬੀਰ) ੨. ਪੰਖ. ਪਕ੍ਸ਼੍‍. "ਭਾਂਭੀਰੀ ਕੇ ਪਾਤ ਪਾਰਦੌ." (ਸੋਰ ਮਃ ੫) ੩. ਪਾਵਤ (ਪਾਉਂਦਾ) ਦਾ ਸੰਖੇਪ. "ਤੈਸ ਕਰਮਫਲ ਪਾਤ." (ਗੁਪ੍ਰਸੂ) ੪. ਸੰ. ਡਿਗਣ ਦੀ ਕ੍ਰਿਯਾ. ਪਤਨ. "ਰਾਜ ਕਾਜ ਰਾਖਬੇ ਕੋ ਕਛੂ ਨਹਿ ਪਾਤ ਹੈ." (ਕ੍ਰਿਸ਼ਨਾਵ) ੫. ਚਰਚਾ ਵਿੱਚ ਪਕ੍ਸ਼੍‍ ਦਾ ਡਿਗਣਾ. ਹਾਰ ਹੋਣੀ. "ਉੱਤਰ ਦੇ, ਨਤੁ ਹ੍ਵੈਹੈ ਪਾਤ." (ਨਾਪ੍ਰ) ੬. ਪ੍ਰਹਾਰ. ਆਘਾਤ. "ਦੇਵੀ ਕਰ੍ਯੋ ਖੱਗ ਪਾਤੰ." (ਚੰਡੀ ੨) ੭. ਵਿ- ਰਕ੍ਸ਼੍‍ਕ. ਤ੍ਰਾਤਾ. "ਕੇਤੇ ਪਾਤ ਨਰਿੰਦ." (ਜਪੁ) ੮. ਫ਼ਾ. [پات] ਤਖ਼ਤ. ਰਾਜਸਿੰਘਾਸਨ.


ਸੰ. ਪਾਤ੍ਰ. ਨਾਟਕ ਦੇ ਨਾਇਕ ਨਾਇਕਾ ਆਦਿ. "ਦਸ ਪਾਤਉ ਪੰਚ ਸੰਗੀਤਾ." "(ਰਾਮ ਮਃ ੫) ਦਸ ਪਾਤ੍ਰ ਦਸ ਇੰਦ੍ਰਿਯ, ਅਤੇ ਪੰਜ ਗਵੈਯੇ ਬਜੈਯੇ ਰੂਪ ਰਸ ਆਦਿ ਪੰਜ ਵਿਸੇ.


ਪਾਤ (ਸਿੰਘਾਸਨ) ਦਾ ਸ੍ਵਾਮੀ. ਪਾਦਸ਼ਾਹ. ਬਾਦਸ਼ਾਹ.


ਪਾਦਸ਼ਾਹੀ. ਬਾਦਸ਼ਾਹੀ। ੨. ਸਿੱਖਮਤ ਅਨੁਸਾਰ ਗੁਰੁਤਾ. ਸਤਿਗੁਰੂ ਦੀ ਅ਼ਮਲਦਾਰੀ। ੩. ਸੱਚੀ ਬਾਦਸ਼ਾਹਤ ਵਾਲੇ ਦਸ਼ ਸਤਿਗੁਰੂ. ਜੈਸੇ- ਖਿਆਲ ਪਾਤਸ਼ਾਹੀ ੧੦. ਅਤੇ ਸ਼੍ਰੀ ਮੁਖਵਾਕ ਪਾਤਸ਼ਾਹੀ ੧੦. ਆਦਿ.


ਸੰਗ੍ਯਾ- ਪਾਤ (ਡੇਗਣ) ਵਾਲਾ ਕਰਮ, ਜਿਸ ਤੋਂ ਪਤਿਤ ਹੋਈਦਾ ਹੈ. ਪਾਪ. ਗੁਨਾਹ। ੨. ਸਿੰਮ੍ਰਿਤੀਆਂ ਅਨੁਸਾਰ ਦਸ਼ ਪਾਪ ਕਰਮ, ਜਿਨ੍ਹਾਂ ਦੇ ਕਰਨ ਤੋਂ ਪਤਿਤ ਹੋਈਦਾ ਹੈ- ਚੋਰੀ, ਵੇਦ ਵਿਧੀ ਬਿਨਾ ਕੀਤੀ ਹਿੰਸਾ ਅਤੇ ਪਰਇਸਤ੍ਰੀਗਮਨ, ਇਹ- ਤਿੰਨ ਕਾਇਕ (ਸ਼ਾਰੀਰਿਕ) ਪਾਤਕ. ਕੌੜਾ ਬੋਲਣਾ, ਝੂਠ, ਚੁਗਲੀ ਅਤੇ ਬੇਮੇਲ ਬਕਬਾਦ, ਇਹ ਚਾਰ ਵਾਣੀ ਦੇ ਪਾਤਕ. ਦੂਜੇ ਦੇ ਧਨ ਮਾਲ ਲੈਣ ਦਾ ਖਿਆਲ, ਕਿਸੇ ਦਾ ਬੁਰਾ ਚਿਤਵਨਾ ਅਤੇ ਝੂਠਾ ਕਲੰਕ ਲਾਉਣ ਦੀ ਗੋਂਦ, ਇਹ ਤਿੰਨ ਮਾਨਸਿਕ ਪਾਪ. ਦੇਖੋ, ਪਾਪ ੪। ੩. ਹਿੰਦੂਮਤ ਦੇ ਧਰਮਸ਼ਾਸਤ੍ਰ ਅਨੁਸਾਰ ਪ੍ਰਾਣੀ ਦੇ ਮਰਨ ਪੁਰ ਹੋਈ ਅਪਵਿਤ੍ਰਤਾ. ਇਹ ਪਾਤਕ ਬ੍ਰਾਹਮਣ ਦੇ ੧੦. ਦਿਨ, ਕ੍ਸ਼੍‍ਤ੍ਰਿਯ ਦੇ ੧੨. ਦਿਨ, ਵੈਸ਼ਯ ਦੇ ੧੫. ਦਿਨ ਅਤੇ ਸ਼ੂਦ੍ਰ ਦੇ ੩੦ ਦਿਨ ਰਹਿਂਦਾ ਹੈ. ਕਈ ਸਿਮ੍ਰਿਤੀਆਂ ਨੇ ੧੨- ੧੩- ੧੭ ਅਤੇ ੩੦ ਦਿਨ ਯਥਾਕ੍ਰਮ ਲਿਖਿਆ ਹੈ। ੪. ਸਿੱਖ ਧਰਮ ਅਨੁਸਾਰ ਤਨਖਾਹ ਯੋਗ੍ਯ ਕਰਮ, ਅਰਥਾਤ- ਮੁੰਡਨ, ਵਿਭਚਾਰ, ਤਮਾਕੂ ਆਦਿ ਨਸ਼ਿਆਂ ਦਾ ਸੇਵਨ ਅਤੇ ਕੁੱਠਾ ਖਾਣਾ.


ਸੰ. पातकिन्. ਵਿ- ਪਾਪ ਕਰਨ ਵਾਲਾ. ਪਾਤਕ ਕਰਮ ਦਾ ਕਰਤਾ.


ਦੇਖੋ, ਪੱਤਣ। ੨. ਦੇਖੋ, ਪਾਤਣੁ.