ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪਾਰਖਦ.


ਸੰ. ਪਾਰ੍‍ਸ਼੍ਵਨਾਥ. ਇਕ੍ਸ਼੍‌ਵਾਕੁਵੰਸ਼ੀ ਰਾਜਾ ਅਸ਼੍ਵਸੇਨ ਵਾਰਾਣਸੀਪਤਿ ਦਾ, ਵਾਮਾ ਰਾਣੀ ਦੇ ਉਦਰੋਂ ਪੈਦਾ ਹੋਇਆ ਪੁਤ੍ਰ. ਵਾਮਾਦੇਵੀ ਨੇ ਗਰਭ ਸਮੇਂ ਇੱਕ ਵਾਰ ਆਪਣੇ ਪਾਰ੍‍ਸ਼੍ਵ (ਕੋਲ) ਸਰਪ ਦੇਖਿਆ ਅਤੇ ਬਾਲਕ ਦੇ ਸ਼ਰੀਰ ਪੁਰ ਸਰਪ ਦਾ ਚਿੰਨ੍ਹ ਸੀ, ਇਸ ਲਈ ਨਾਮ ਪਾਰ੍‍ਸ਼੍ਵਨਾਥ ਰੱਖਿਆ. ਇਸ ਦਾ ਵਿਆਹ ਕੁਸ਼ਸ੍‍ਥਾਨ ਦੇ ਰਾਜਾ ਪ੍ਰਸੇਨਜਿਤ ਦੀ ਪੁਤ੍ਰੀ ਪ੍ਰਭਾਵਤੀ ਨਾਲ ਹੋਇਆ. ਇਹ ਵਡਾ ਪ੍ਰਤਾਪੀ ਅਤੇ ਉਦਾਰਾਤਮਾ ਹੋਇਆ ਹੈ. ਇੱਕ ਵਾਰ ਜੀਵ ਹਿੰਸਾ ਤੋਂ ਗਿਲਾਨੀ ਹੋਣ ਪੁਰ ਇਹ ਜੈਨ ਧਰਮੀ ਹੋ ਗਿਆ ਅਰ ਤਪ ਦੇ ਬਲ ਨਾਲ ਤੇਈਹਵਾਂ ਤੀਰਥੰਕਰ ਬਣਿਆ. ਦੇਖੋ, ਤੀਰਥੰਕਰ.#ਪਾਰਸਨਾਥ ਦਾ ਜਨਮ ਪੋਹ ਬਦੀ ੧੦. ਅਤੇ ਦੇਹਾਂਤ ਸਾਵਣ ਸੁਦੀ ਅਸ੍ਟਮੀ ਨੂੰ ਹੋਇਆ ਸੀ. ਇਸ ਦਾ ਸਮਾਂ ਵਿਦ੍ਵਾਨਾਂ ਨੇ ਸਨ ਈਸਵੀ ਤੋਂ ੫੯੯ ਵਰ੍ਹੇ ਪਹਿਲਾਂ ਮੰਨਿਆ ਹੈ। ੨. ਬੰਗਾਲ ਦੇ ਹਜ਼ਾਰੀਬਾਗ ਜਿਲੇ ਵਿੱਚ ਇੱਕ ਪਹਾੜੀ ਅਤੇ ਉਸ ਦਾ ਪ੍ਰਸਿੱਧ ਜੈਨ ਮੰਦਿਰ, ਜਿੱਥੇ ਪਾਰਸਨਾਥ ਨੇ, ਸ਼ਰੀਰ ਤਿਆਗਿਆ ਹੈ। ੩. ਦਸ਼ਮਗ੍ਰੰਥ ਵਿੱਚ ਪਾਰਸਨਾਥ ਨੂੰ ਸ਼ਿਵ ਦਾ ਅਵਤਾਰ ਲਿਖਿਆ ਹੈ, ਇਸ ਨੇ ਦੱਤਾਤ੍ਰੇਯ ਦਾ ਮਤ ਦੂਰ ਕਰਕੇ ਆਪਣਾ ਮਤ ਜਗਤ ਵਿੱਚ ਚਲਾਇਆ. "ਪਾਰਸਨਾਥ ਬਡੋ ਰਣ ਪਾਰ੍ਯੋ। ਆਪਨ ਪ੍ਰਚੁਰ ਜਗਤ ਮਤ ਕੀਨਾ, ਦੇਵਦੱਤ ਕੋ ਟਾਰ੍ਯੋ." (ਪਾਰਸਾਵ)


(ਬਾਵਨ) ਗੁਰੂ ਰੂਪ ਪਾਰਸ ਛੁਹਕੇ ਪਰਸਪਰ ਪਾਰਸਭਾਵ ਕਰ ਦੇਂਦਾ ਹੈ. ਅਰਥਾਤ ਪਾਰਸ ਲੋਹੇ ਨੂੰ ਸੋਨਾ ਕਰਦਾ ਹੈ, ਪਰ ਪਾਰਸ ਨਹੀਂ ਬਣਾਉਂਦਾ, ਪਰ ਗੁਰੂ ਆਪਣੇ ਤੁੱਲ ਕਰਦਾ ਹੈ.


ਭਾਈ ਅੱਡਨਸ਼ਾਹ ਕ੍ਰਿਤ, ਇਮਾਮ ਗਜ਼ਾਲੀ ਦੀ "ਕੀਮੀਆ ਸਅ਼ਂਦਤ" ਕਿਤਾਬ ਦਾ ਉਲਥਾ, ਜਿਸ ਵਿੱਚ ਉੱਤਮ ਸਿਖ੍ਯਾ ਹੈ.


ਫ਼ਾ. [پراسا] ਵਿ- ਪਾਪ ਤੋਂ ਬਚਣ ਵਾਲਾ. ਪਰਹੇਜ਼ਗਾਰ. ਪਵਿਤ੍ਰਾਤਮਾ। ੨. ਜਿਤੇਂਦ੍ਰਿਯ.


ਵਿ- ਪਾਰਸ (ਫ਼ਾਰਸ) ਦੇਸ਼ ਦਾ. ਸੰ. ਪਾਰਸੀਕ। ੨. ਸੰਗ੍ਯਾ- ਪਾਰਸ ਦੇਸ਼ ਦੀ ਭਾਸਾ (ਬੋਲੀ- ਫਾਰਸੀ). ੩. ਪਾਰਸ ਦੇਸ਼ ਦਾ ਵਸਨੀਕ। ੪. ਅਸੁਰਮਯ (ਜ਼ਰਦੁਸ਼੍ਤ ਅਥਵਾ ਜ਼ਰਦੁਸ੍ਤ) ਪੈਗ਼ੰਬਰ ਦਾ ਮਤ ਧਾਰਨ ਵਾਲਾ. ਪਾਰਸੀਲੋਕ ਅਗਨਿਪੂਜਕ ਹਨ. ਇਨ੍ਹਾਂ ਦੇ ਮੰਦਿਰਾਂ ਵਿੱਚ ਅਗਨੀ ਬੁਝਣ ਨਹੀਂ ਦਿੱਤੀ ਜਾਂਦੀ. ਅਗਨਿ ਨੂੰ ਪਵਿਤ੍ਰ ਰੱਖਣ ਲਈ ਇਹ ਹੁੱਕਾ ਚੁਰਟ ਆਦਿਕ ਨਹੀਂ ਵਰਤਦੇ ਅਤੇ ਮੁਰਦੇ ਜਲਾਉਂਦੇ ਨਹੀਂ. ਲੋਥ ਨੂੰ ਇੱਕ ਗਹਿਰੇ ਅਹਾਤੇ (ਦਖਮੇ) ਵਿੱਚ ਰੱਖ ਦਿੰਦੇ ਹਨ, ਜਿੱਥੋਂ ਮਾਂਸਾਹਾਰੀ ਪੰਛੀ ਖਾ ਜਾਂਦੇ ਹਨ, ਪਾਰਸੀਆਂ ਦਾ ਧਰਮ ਪੁਸਤਕ ਜ਼ੰਦ ਹੈ, ਜਿਸ ਦਾ ਟੀਕਾ ਸਹਿਤ ਨਾਮ "ਜ਼ੰਦ ਅਵਸਥਾ" ਹੈ. ਭਾਰਤ ਵਿੱਚ ਪਾਰਸੀ ਸਭ ਤੋਂ ਪਹਿਲਾਂ ਸਨ ੭੩੫ ਵਿੱਚ ਖ਼ੁਰਾਸਾਨ ਤੋਂ ਆਕੇ ਸੰਜਾਨ (ਜਿਲਾ ਥਾਨਾ- ਇਲਾਕਾ ਬੰਬਈ) ਵਿੱਚ ਆਬਾਦ ਹੋਏ ਹਨ. ਹੁਣ ਇਹ ਜਾਤਿ ਸਾਰੇ ਭਾਰਤ ਵਿੱਚ ਫੈਲ ਗਈ ਹੈ ਅਤੇ ਵਪਾਰ ਵਿੱਚ ਵਡੀ ਨਿਪੁਣ ਹੈ.


ਸੰ. ਪਰਿਸ੍ਟਤਿ. ਸੰਗ੍ਯਾ- ਉਸਤਤਿ. ਤਅ਼ਰੀਫ਼.


ਫ਼ਾ. [پارہ] ਸੰਗ੍ਯਾ- ਖੰਡ. ਟੁਕੜਾ. ਭਾਗ. ਹਿੱਸਾ.