ਭਾਰਤੀ ਹਥਿਆਰਬੰਦ ਬਲਾਂ ਨੇ ਬੁੱਧਵਾਰ ਸਵੇਰੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ 9 ਅੱਤਵਾਦੀ ਟਿਕਾਣਿਆਂ 'ਤੇ ਮਿਜ਼ਾਈਲ ਹਮਲੇ ਕੀਤੇ ਜਿਨ੍ਹਾਂ ਵਿੱਚ ਕ੍ਰਮਵਾਰ ਮੁਰੀਦਕੇ ਅਤੇ ਬਹਾਵਲਪੁਰ ਸ਼ਾਮਲ ਹਨ, ਜੋ ਕਿ ਅੱਤਵਾਦੀ ਸਮੂਹਾਂ ਲਸ਼ਕਰ-ਏ-ਤਾਇਬਾ ਅਤੇ ਜੈਸ਼-ਏ-ਮੁਹੰਮਦ ਦੇ ਗੜ੍ਹ ਹਨ।
ਇਹ ਹਮਲੇ ਸਵੇਰੇ 1:44 ਵਜੇ ਕੀਤੇ ਗਏ ਸਨ। ਇਹ ਹਮਲੇ 22 ਅਪ੍ਰੈਲ ਨੂੰ ਜੰਮੂ ਅਤੇ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਕੀਤੇ ਗਏ ਹਨ ਜਿਸ ਵਿੱਚ 26 ਲੋਕਾਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਵਿੱਚੋਂ 25 ਭਾਰਤੀ ਅਤੇ ਇੱਕ ਨੇਪਾਲੀ ਨਾਗਰਿਕ ਸੀ।
ਇੱਕ ਅਧਿਕਾਰਤ ਬਿਆਨ ਵਿੱਚ, ਰੱਖਿਆ ਮੰਤਰਾਲੇ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਅਤੇ ਕਸ਼ਮੀਰ ਵਿੱਚ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਪੁਸ਼ਟੀ ਕੀਤੀ ਜਿੱਥੋਂ ਭਾਰਤ ਵਿਰੁੱਧ ਅੱਤਵਾਦੀ ਹਮਲਿਆਂ ਦੀ ਯੋਜਨਾ ਅਤੇ ਨਿਰਦੇਸ਼ਨ ਕੀਤਾ ਗਿਆ ਸੀ।
"ਸਾਡੀਆਂ ਕਾਰਵਾਈਆਂ ਸਾਡੇ ਉਦੇਸ਼ ਅਨੁਸਾਰ ਸਨ ਅਤੇ ਕਿਸੇ ਵੀ ਪਾਕਿਸਤਾਨੀ ਫੌਜ ਦੇ ਟਿਕਾਣੇ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ। ਭਾਰਤ ਨੇ ਆਪਣੇ ਟਾਰਗਿਟਾਂ ਦੀ ਚੋਣ ਅਤੇ ਲੜਾਈ ਦੇ ਢੰਗ ਵਿੱਚ ਕਾਫ਼ੀ ਸੰਜਮ ਦਾ ਪ੍ਰਦਰਸ਼ਨ ਕੀਤਾ ਹੈ।"
ਰੱਖਿਆ ਮੰਤਰਾਲੇ ਨੇ ਕਿਹਾ ਕਿ ਭਾਰਤ ਆਪਣੀ ਵਚਨਬੱਧਤਾ 'ਤੇ ਖਰਾ ਉੱਤਰ ਰਿਹਾ ਹੈ ਕਿ ਇਸ ਹਮਲੇ ਲਈ ਜ਼ਿੰਮੇਵਾਰ ਲੋਕਾਂ ਦੀ ਜਵਾਬਦੇਹੀ ਕੀਤੀ ਜਾਵੇਗੀ।
ਭਾਰਤ ਦਾ ਇਹ ਹਮਲਾ, 244 ਜ਼ਿਲ੍ਹਿਆਂ ਵਿੱਚ ਹਮਲੇ ਦੀ ਸਥਿਤੀ ਵਿੱਚ ਸਿਵਲ ਲੋਕਾਂ ਦੀ ਰੱਖਿਆ ਲਈ ਦੇਸ਼ ਭਰ ਵਿੱਚ ਇੱਕ ਯੋਜਨਾਬੱਧ ਸੁਰੱਖਿਆ ਮੌਕ ਡ੍ਰਿੱਲ ਤੋਂ ਕੁਝ ਘੰਟੇ ਪਹਿਲਾਂ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮਲੇ ਦੇ ਦੋਸ਼ੀਆਂ ਅਤੇ ਇਸਦੀ ਸਾਜ਼ਿਸ਼ ਵਿੱਚ ਹਿੱਸਾ ਲੈਣ ਵਾਲਿਆਂ ਦਾ "ਧਰਤੀ ਦੇ ਸਿਰੇ" ਤੱਕ ਪਿੱਛਾ ਕਰਨ ਦੀ ਸਹੁੰ ਖਾਧੀ ਹੈ ਤਾਂ ਜੋ ਉਨ੍ਹਾਂ ਨੂੰ "ਉਨ੍ਹਾਂ ਦੀ ਕਲਪਨਾ ਤੋਂ ਪਰ੍ਹੇ" ਸਜ਼ਾ ਦਿੱਤੀ ਜਾ ਸਕੇ।
ਆਪ੍ਰੇਸ਼ਨ ਸਿੰਦੂਰ ਵਿੱਚ ਵਰਤੇ ਗਏ ਹਥਿਆਰ
ਭਾਰਤ ਨੇ ਆਪ੍ਰੇਸ਼ਨ ਸਿੰਦੂਰ ਵਿੱਚ ਉੱਚ-ਸ਼ੁੱਧਤਾ(high-precision), ਲੰਬੀ ਦੂਰੀ ਦੇ ਹਮਲੇ ਵਾਲੇ ਹਥਿਆਰਾਂ ਦੇ ਇੱਕ ਸਮੂਹ ਦੀ ਵਰਤੋਂ ਕੀਤੀ। ਇਹਨਾਂ ਵਿੱਚੋਂ ਸਕੈਲਪ(SCALP) ਕਰੂਜ਼ ਮਿਜ਼ਾਈਲ, ਹੈਮਰ ਪ੍ਰਸਿਜਨ (HAMMER precision) ਬੰਬ, ਅਤੇ ਲੋਇਟਰਿੰਗ ਗੋਲਾ ਬਾਰੂਦ ਸ਼ਾਮਲ ਸਨ।
ਇਸ ਹਮਲੇ ਤੋਂ ਬਾਅਦ ਸਾਰੇ ਭਾਰਤੀਆਂ ਨੇ ਭਾਰਤੀ ਫੌਜ ਦੀ ਤਾਰੀਫ ਕੀਤੀ ਹੈ ਅਤੇ ਹਰ ਹਮਲੇ ਦਾ ਮੂੰਹ ਤੋੜ ਜਵਾਬ ਦੇਣ ਦੀ ਪ੍ਰੇਰਣਾ ਦਿੱਤੀ ਹੈ।