ਸੰਸਾਰ ਦੇ ਸਭ ਤੋਂ ਬਜ਼ੁਰਗ ਮੈਰਾਥਨ ਦੌੜਾਕ ਫੌਜਾ ਸਿੰਘ ਨੂੰ ਦਸਤਾਰ ਵਾਲਾ ਟੋਰਨਾਡੋ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਫੌਜਾ ਸਿੰਘ ਇੱਕ ਮਹਾਨ ਖਿਡਾਰੀ ਸਨ ਜੋ 2012 ਲੰਡਨ ਓਲੰਪਿਕ ਦੇ ਟੌਰਚਬੀਅਰਰ ਸਨ, ਦੀ 16 ਜੁਲਾਈ ਦੀ ਸ਼ਾਮ ਨੂੰ ਇੱਕ ਹਾਦਸੇ ਵਿੱਚ ਮੌਤ ਹੋ ਗਈ। ਜਦੋਂ ਉਹ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜਮਾਰਗ 'ਤੇ ਬਿਆਸ ਪਿੰਡ ਵਿੱਚ ਆਪਣੇ ਘਰ ਦੇ ਬਾਹਰ ਸੈਰ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਇੱਕ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਅਤੇ ਕੁਝ ਘੰਟਿਆਂ ਬਾਅਦ ਉਨ੍ਹਾਂ ਦੀ ਜਲੰਧਰ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ।
ਫੌਜਾ ਸਿੰਘ ਦੇ ਪੁੱਤਰ, ਹਰਬਿੰਦਰ ਸਿੰਘ ਨੇ ਦੱਸਿਆ ਕਿ ਹਾਦਸਾ ਦੁਪਹਿਰ 3.30 ਵਜੇ ਦੇ ਕਰੀਬ ਹੋਇਆ, ਅਤੇ ਉਹ ਉਨ੍ਹਾਂ ਨੂੰ ਉਸੇ ਰਾਜਮਾਰਗ 'ਤੇ ਇੱਕ ਹਸਪਤਾਲ ਲੈ ਗਏ, ਜਿੱਥੇ ਉਹ ਰਾਤ 8 ਵਜੇ ਦੇ ਕਰੀਬ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਏ। ਉਹ ਸੜਕ ਪਾਰ ਕਰ ਰਹੇ ਸਨ ਜਦੋਂ ਗੱਡੀ ਨੇ ਟੱਕਰ ਮਾਰ ਦਿੱਤੀ। ਪੁਲਿਸ ਨੇ ਮਾਮਲੇ ਤੇ ਐਫਆਈਆਰ ਦਰਜ ਕਰ ਲਈ ਹੈ।
ਜਿਵੇਂ ਹੀ ਇੱਕ ਸੜਕ ਹਾਦਸੇ ਕਾਰਨ ਫੌਜਾ ਸਿੰਘ ਦੀ ਮੌਤ ਦੀ ਖ਼ਬਰ ਫੈਲੀ, ਪੰਜਾਬੀ ਅਤੇ ਖਾਸ ਕਰਕੇ ਸਿੱਖ ਸੋਸ਼ਲ ਮੀਡੀਆ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ। ਇਸ ਸਦਮੇ ਵਿੱਚ ਹੋਰ ਵਾਧਾ ਇਹ ਹੋਇਆ ਕਿ ਇੱਕ ਮਹਾਨ ਬਜ਼ੁਰਗ ਵਿਅਕਤੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ।
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਨ੍ਹਾਂ ਨੂੰ "ਸਦੀ ਦਾ ਮਹਾਨ ਸਿੱਖ ਦੌੜਾਕ", "ਇੱਕ ਜੋਸ਼ੀਲਾ ਸਿੱਖ ਕਿਹਾ ਜਿਸਨੇ ਸਿੱਖੀ ਦੀ ਪਛਾਣ ਅਤੇ ਦਸਤਾਰ ਨੂੰ ਵਿਸ਼ਵਵਿਆਪੀ ਮਾਨਤਾ ਅਤੇ ਸਨਮਾਨ ਦਿੱਤਾ।"
ਉਨ੍ਹਾਂ ਕਿਹਾ, "ਉਹ ਸਮੁੱਚੇ ਸਿੱਖ ਭਾਈਚਾਰੇ, ਖਾਸ ਕਰਕੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਸਨ।"
ਬਿਆਸ ਪਿੰਡ ਵਿੱਚ ਜਨਮੇ ਫੌਜਾ ਸਿੰਘ ਦੇ ਪਾਸਪੋਰਟ 'ਤੇ ਉਨ੍ਹਾਂ ਦੀ ਜਨਮ ਮਿਤੀ 1 ਅਪ੍ਰੈਲ, 1911 ਲਿਖੀ ਹੋਈ ਸੀ। ਉਨ੍ਹਾਂ ਨੂੰ ਮਹਾਰਾਣੀ ਐਲਿਜ਼ਾਬੈਥ II ਵੱਲੋਂ ਉਨ੍ਹਾਂ ਦੇ 100ਵੇਂ ਜਨਮਦਿਨ 'ਤੇ ਵਧਾਈ ਦੇਣ ਵਾਲਾ ਇੱਕ ਨਿੱਜੀ ਪੱਤਰ ਵੀ ਮਿਲਿਆ ਸੀ।
ਉਹ ਪੰਜ ਸਾਲ ਦੀ ਉਮਰ ਤੱਕ ਤੁਰਨ ਦੇ ਯੋਗ ਹੋ ਗਏ ਸਨ ਅਤੇ ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਨੂੰ ਬਹੁਤ ਕਮਜ਼ੋਰ ਮੰਨਿਆ ਜਾਂਦਾ ਸੀ। ਉਹ 1992 ਵਿੱਚ ਇੰਗਲੈਂਡ ਚਲੇ ਗਏ ਅਤੇ ਆਪਣੀ ਪਤਨੀ ਗਿਆਨ ਕੌਰ ਦਾ ਪਿੰਡ ਵਿੱਚ ਦੇਹਾਂਤ ਹੋਣ ਤੋਂ ਬਾਅਦ ਪੂਰਬੀ ਲੰਡਨ ਵਿੱਚ ਆਪਣੇ ਪੁੱਤਰ ਨਾਲ ਰਹਿਣ ਲੱਗ ਪਏ। ਉਹ ਆਪਣੇ ਜਵਾਨੀ ਦੇ ਦਿਨਾਂ ਵਿੱਚ ਇੱਕ ਸ਼ੌਕੀਆ ਦੌੜਾਕ ਸਨ, ਪਰ ਫਿਰ ਉਨ੍ਹਾਂ ਇਸ ਨੂੰ ਛੱਡ ਦਿੱਤਾ। ਅਗਸਤ 1994 ਵਿੱਚ ਆਪਣੇ ਪੰਜਵੇਂ ਪੁੱਤਰ ਕੁਲਦੀਪ ਸਿੰਘ ਦੀ ਮੌਤ ਤੋਂ ਬਾਅਦ, ਜਦੋਂ ਉਹ ਪਹਿਲਾਂ ਹੀ 83 ਸਾਲਾਂ ਦੇ ਸਨ, ਸੋਗ ਨੂੰ ਦੂਰ ਕਰਨ ਲਈ ਉਨ੍ਹਾਂ ਨੇ ਦੌੜਨਾ ਸ਼ੁਰੂ ਕੀਤਾ।
ਇਹ ਸੰਨ 2000 ਵਿੱਚ 89 ਸਾਲ ਦੀ ਉਮਰ ਵਿੱਚ, ਗੰਭੀਰਤਾ ਨਾਲ ਦੌੜ ਵਿੱਚ ਜੁਟ ਗਏ ਅਤੇ ਉਸੇ ਸਾਲ ਲੰਡਨ ਮੈਰਾਥਨ ਪੂਰੀ ਕਰਨ ਤੋਂ ਬਾਅਦ, ਉਹ ਪ੍ਰਸਿੱਧੀ ਵੱਲ ਵਧੇ। ਫਿਰ ਉਨ੍ਹਾਂ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਜਲਦੀ ਹੀ ਉਹ ਬਹੁਤ ਸਾਰੇ ਨੌਜਵਾਨਾਂ ਅਤੇ ਬਜ਼ੁਰਗਾਂ ਲਈ ਪ੍ਰੇਰਣਾ ਬਣ ਗਏ।
16 ਅਕਤੂਬਰ, 2011 ਨੂੰ ਉਹ ਓਨਟਾਰੀਓ ਮਾਸਟਰਜ਼ ਐਸੋਸੀਏਸ਼ਨ ਇਨਵੀਟੇਸ਼ਨਲ ਮੀਟ ਵਿੱਚ ਮੈਰਾਥਨ ਪੂਰੀ ਕਰਨ ਵਾਲੇ ਦੁਨੀਆ ਦੇ ਪਹਿਲੇ ਸ਼ਤਾਬਦੀ ਦੌੜਾਕ ਬਣੇ ਅਤੇ ਇਸਨੇ ਉਨ੍ਹਾਂ ਨੂੰ ਸਭ ਤੋਂ ਵੱਧ ਉਮਰ ਦਾ ਮੈਰਾਥਨ ਦੌੜਾਕ ਬਣਾ ਦਿੱਤਾ। ਫੌਜਾ ਸਿੰਘ ਨੇ ਟੋਰਾਂਟੋ ਵਾਟਰਫਰੰਟ ਮੈਰਾਥਨ 8 ਘੰਟੇ, 11 ਮਿੰਟ ਅਤੇ 6 ਸਕਿੰਟਾਂ ਵਿੱਚ ਪੂਰੀ ਕੀਤੀ। ਇਸ ਕਾਰਨਾਮੇ ਤੋਂ ਪਹਿਲਾਂ, ਉਨ੍ਹਾਂ ਨੇ ਟੋਰਾਂਟੋ ਦੇ ਬਿਰਚਮਾਉਂਟ ਸਟੇਡੀਅਮ ਵਿੱਚ ਇੱਕੋ ਈਵੈਂਟ ਵਿੱਚ ਇੱਕ ਦਿਨ ਵਿੱਚ ਅੱਠ ਵਿਸ਼ਵ ਉਮਰ-ਸਮੂਹ ਦੇ ਰਿਕਾਰਡ ਬਣਾਏ।
ਉਨ੍ਹਾਂ ਦੇ ਕੋਲ ਕਈ ਉਮਰ ਵਰਗਾਂ ਵਿੱਚ ਕਈ ਰਿਕਾਰਡ ਸਨ। ਉਨ੍ਹਾਂ ਨੇ ਟੋਰਾਂਟੋ, ਨਿਊਯਾਰਕ ਅਤੇ ਮੁੰਬਈ ਵਿੱਚ ਮੈਰਾਥਨ ਦੌੜੀ ਅਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਵੱਖ-ਵੱਖ ਦੌੜ ਸਮਾਗਮਾਂ ਦੌਰਾਨ ਦਿਖਾਈ ਦਿੰਦੇ ਸਨ।
ਜਦੋਂ 13 ਨਵੰਬਰ, 2003 ਨੂੰ ਨੈਸ਼ਨਲ ਐਥਨਿਕ ਕੋਲੀਸ਼ਨ ਵੱਲੋਂ ਉਨ੍ਹਾਂ ਨੂੰ ਨਸਲੀ ਸਹਿਣਸ਼ੀਲਤਾ ਦੇ ਪ੍ਰਤੀਕ ਵਜੋਂ ਐਲਿਸ ਆਈਲੈਂਡ ਮੈਡਲ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ, ਤਾਂ ਉਹ ਇਹ ਸਨਮਾਨ ਪ੍ਰਾਪਤ ਕਰਨ ਵਾਲੇ ਪਹਿਲੇ ਗੈਰ-ਅਮਰੀਕੀ ਬਣੇ। ਫੌਜਾ ਸਿੰਘ ਨੂੰ 2011 ਵਿੱਚ ਪ੍ਰਾਈਡ ਆਫ਼ ਇੰਡੀਆ ਦਾ ਖਿਤਾਬ ਵੀ ਦਿੱਤਾ ਗਿਆ।
ਸ਼ਰਧਾਂਜਲੀ:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ, "114 ਸਾਲ ਦੀ ਉਮਰ ਵਿੱਚ ਜਲੰਧਰ ਦੇ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਇੱਕ ਸੜਕ ਹਾਦਸੇ ਵਿੱਚ ਪ੍ਰਸਿੱਧ ਐਥਲੀਟ ਐਸ. ਫੌਜਾ ਸਿੰਘ ਦੇ ਦੁਖਦਾਈ ਦੇਹਾਂਤ ਨਾਲ ਪੰਜਾਬ ਅਤੇ ਦੁਨੀਆ ਨੇ ਇੱਕ ਦੰਤਕਥਾ ਗੁਆ ਦਿੱਤੀ ਹੈ। ਮੈਂ ਉਨ੍ਹਾਂ ਨੂੰ ਵਿਦਾਇਗੀ ਦੇਣ ਲਈ ਦੁਨੀਆ ਭਰ ਵਿੱਚ ਉਨ੍ਹਾਂ ਦੇ ਪ੍ਰਸ਼ੰਸਕਾਂ ਨਾਲ ਸ਼ਾਮਲ ਹਾਂ। ਫੌਜਾ ਸਿੰਘ ਜੀ ਨੇ ਆਪਣੀ ਅਦੁੱਤੀ ਭਾਵਨਾ ਨਾਲ ਲੱਖਾਂ ਲੋਕਾਂ ਨੂੰ ਪ੍ਰੇਰਿਤ ਕੀਤਾ। ਉਹ ਆਪਣੀ ਮੌਤ ਤੋਂ ਬਾਅਦ ਵੀ ਅਜਿਹਾ ਕਰਦੇ ਰਹਿਣਗੇ। ਉਨ੍ਹਾਂ ਦੇ ਜੀਵਨ ਨੇ ਸਾਨੂੰ ਇੱਕ ਮਹੱਤਵਪੂਰਨ ਸਬਕ ਸਿਖਾਇਆ - ਕਿ ਕੁਝ ਵੀ ਅਸੰਭਵ ਨਹੀਂ ਹੈ। ਸਾਨੂੰ ਸਿਰਫ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਯਤਨਸ਼ੀਲ ਰਹਿਣ ਦੀ ਲੋੜ ਹੈ।"
ਹਾਕੀ ਓਲੰਪੀਅਨ ਅਤੇ ਵਿਧਾਇਕ ਪਰਗਟ ਸਿੰਘ ਨੇ ਕਿਹਾ, "ਸਰਦਾਰ ਫੌਜਾ ਸਿੰਘ ਜੀ ਧੀਰਜ ਅਤੇ ਪ੍ਰੇਰਨਾ ਦੇ ਪ੍ਰਤੀਕ ਸਨ। 114 ਸਾਲ ਦੀ ਉਮਰ ਵਿੱਚ, ਉਹ ਨਾ ਸਿਰਫ਼ ਦੁਨੀਆ ਦੇ ਸਭ ਤੋਂ ਬਜ਼ੁਰਗ ਮੈਰਾਥਨ ਦੌੜਾਕ ਸਨ, ਸਗੋਂ ਅਨੁਸ਼ਾਸਨ, ਲਚਕੀਲੇਪਣ ਅਤੇ ਇੱਕ ਸਿਹਤਮੰਦ, ਨਸ਼ਾ ਮੁਕਤ ਪੰਜਾਬ ਦੀ ਉਮੀਦ ਦਾ ਪ੍ਰਤੀਕ ਸਨ। ਉਨ੍ਹਾਂ ਦਾ ਜੀਵਨ ਇਸ ਗੱਲ ਦਾ ਪ੍ਰਮਾਣ ਸੀ ਕਿ ਵਚਨਬੱਧਤਾ ਅਤੇ ਸਾਫ਼-ਸੁਥਰਾ ਜੀਵਨ ਕੀ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੀ ਵਿਰਾਸਤ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਉਨ੍ਹਾਂ ਦੇ ਪਰਿਵਾਰ ਅਤੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਪ੍ਰਤੀ ਮੇਰੀ ਦਿਲੀ ਸੰਵੇਦਨਾ। ਉਨ੍ਹਾਂ ਦੀ ਮਹਾਨ ਆਤਮਾ ਨੂੰ ਸਦੀਵੀ ਸ਼ਾਂਤੀ ਮਿਲੇ।"