ਅਪ੍ਰੈਲ ਮਹੀਨੇ ਤੋਂ ਹੀ ਪੰਜਾਬ ਵਿੱਚ ਗਰਮੀ ਨੇ ਆਪਣਾ ਪ੍ਰਕੋਪ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸੜਕਾਂ ਤੇ ਦੁਪਹਿਰ ਸਮੇਂ ਅੱਤ ਦੀ ਧੁੱਪ ਕਾਰਨ ਆਵਾਜਾਈ ਘਟਣੀ ਸ਼ੁਰੂ ਹੋ ਗਈ ਹੈ। ਬਿਨਾਂ ਕੰਮ ਤੋਂ ਬਾਹਰ ਆਉਣ ਤੋਂ ਲੋਕ ਦੁਪਹਿਰ ਸਮੇਂ ਗੁਰੇਜ਼ ਕਰਨ ਲੱਗ ਪਏ ਹਨ। ਅੰਕੜਿਆਂ ਅਨੁਸਾਰ ਕਈ ਥਾਵਾਂ 'ਤੇ ਤਾਪਮਾਨ 43 ਡਿਗਰੀ ਤੋਂ ਵੀ ਪਾਰ ਜਾ ਚੁੱਕਿਆ ਹੈ। ਕੱਲ੍ਹ ਭਾਵ 8 ਅਪ੍ਰੈਲ ਨੂੰ ਬਠਿੰਡਾ ਅਤੇ ਫਰੀਦਕੋਟ ਵਿੱਚ ਵੱਧ ਤੋਂ ਵੱਧ ਤਾਪਮਾਨ 43.1 ਡਿਗਰੀ ਦਰਜ ਕੀਤਾ ਗਿਆ ਹੈ।
ਇਸ ਤੇ ਮੌਸਮ ਵਿਭਾਗ ਨੇ ਇੱਕ ਨਵੀਂ ਭਵਿੱਖਬਾਣੀ ਜਾਰੀ ਕੀਤੀ ਹੈ। ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਕਈ ਥਾਵਾਂ 'ਤੇ ਗਰਮ ਰਾਤ (Warm Night) ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਵੱਲੋਂ ਅੱਜ ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਵਿੱਚ ਕਈ ਥਾਵਾਂ 'ਤੇ ਵਾਰਮ ਨਾਈਟ ਦੀ ਭਵਿੱਖਬਾਣੀ ਕੀਤੀ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਹੀਟ ਵੇਵ (Heat Wave) ਦਾ ਅਸਰ ਬਾਕੀ ਥਾਵਾਂ ਨਾਲੋਂ ਜ਼ਿਆਦਾ ਵੇਖਣ ਨੂੰ ਮਿਲੇਗਾ।
ਇਸ ਤੋਂ ਇਲਾਵਾ ਮੌਸਮ ਵਿਭਾਗ ਮੁਤਾਬਕ ਅੱਜ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਤਰਨਤਾਰਨ, ਫਿਰੋਜ਼ਪੁਰ, ਮੋਗਾ, ਲੁਧਿਆਣਾ, ਪਟਿਆਲਾ, ਸੰਗਰੂਰ, ਬਰਨਾਲਾ ਅਤੇ ਫ਼ਰੀਦਕੋਟ ਲਈ ਵੀ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ। ਗਰਮੀ ਦੇ ਵਧਣ ਦੇ ਨਾਲ-ਨਾਲ ਕਈ ਥਾਵਾਂ 'ਤੇ ਹਲਕੀ ਬਰਸਾਤ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਕ ਅੱਜ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੇ ਕਈ ਇਲਾਕਿਆਂ ਵਿਚ ਹਲਕੀ ਬਾਰਿਸ਼ ਹੋ ਸਕਦੀ ਹੈ। ਹਾਲਾਂਕਿ ਬਾਕੀ ਜ਼ਿਲ੍ਹਿਆਂ ਵਿਚ ਮੌਸਮ ਸਾਫ਼ ਰਹੇਗਾ ਤੇ ਉੱਥੇ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ। ਇਸੇ ਤਰ੍ਹਾਂ ਕੱਲ੍ਹ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਐੱਸ.ਏ.ਐੱਸ. ਨਗਰ, ਫ਼ਤਹਿਗੜ੍ਹ ਸਾਹਿਬ, ਫ਼ਰੀਦਕੋਟ, ਫਾਜ਼ਿਲਕਾ, ਮੁਕਤਸਰ ਅਤੇ ਬਠਿੰਡਾ ਜ਼ਿਲ੍ਹੇ ਵਿਚ ਬਾਰਿਸ਼ ਹੋ ਸਕਦੀ ਹੈ। 11 ਅਪ੍ਰੈਲ ਨੂੰ ਵੀ ਕਈ ਥਾਵਾਂ 'ਤੇ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।
ਇਸ ਅੱਤ ਦੀ ਗਰਮੀ ਤੋਂ ਲੋਕ ਬਹੁਤ ਪ੍ਰੇਸ਼ਾਨ ਹਨ ਕਿਉਂਕਿ ਜੇਕਰ ਅਪ੍ਰੈਲ ਮਹੀਨੇ ਹੀ ਪਾਰਾ 43 ਡਿਗਰੀ ਪਹੁੰਚ ਗਿਆ ਹੈ ਤਾਂ ਸਭ ਤੋਂ ਗਰਮ ਮਹੀਨਿਆਂ ਵਿੱਚ ਭਾਵ ਜੂਨ ਤੱਕ ਇਸ ਵਿੱਚ ਬਹੁਤ ਵਾਧਾ ਹੋ ਸਕਦਾ ਹੈ। ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਘਰ ਅੰਦਰ ਰਹਿਣ ਦੀ ਅਪੀਲ ਕੀਤੀ ਗਈ ਹੈ।