ਅਮਰੀਕਾ ਵੱਲੋਂ ਚੀਨ ਲਈ ਚਿੱਪ ਨਿਰਯਾਤ ਨਿਯਮਾਂ ਨੂੰ ਸਖ਼ਤ ਕਰਨ ਨਾਲ ਐਨਵੀਡੀਆ(Nvidia) ਨੂੰ ਹੋਵੇਗਾ 5.5 ਬਿਲੀਅਨ ਡਾਲਰ ਦਾ ਨੁਕਸਾਨ

nvidia ai chips

ਮਾਈਕ੍ਰੋਚਿੱਪ ਨਿਰਮਾਤਾ ਐਨਵੀਡੀਆ(Nvidia) ਨੇ ਕਿਹਾ ਕਿ ਅਮਰੀਕੀ ਸਰਕਾਰ ਵੱਲੋਂ ਚੀਨ ਲਈ ਨਿਰਯਾਤ ਨਿਯਮਾਂ ਨੂੰ ਸਖ਼ਤ ਕਰਨ ਤੋਂ ਬਾਅਦ ਸਾਨੂੰ 5.5 ਬਿਲੀਅਨ ਡਾਲਰ (£4.2 ਬਿਲੀਅਨ) ਦਾ ਨੁਕਸਾਨ ਹੋ ਸਕਦਾ ਹੈ।

ਚਿੱਪ ਨਿਰਮਾਣ ਦਿੱਗਜ ਐਨਵੀਡੀਆ ਜੋ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਖੇਤਰ ਵਿੱਚ ਸਭ ਤੋਂ ਪ੍ਰਸਿੱਧ ਰਹੀ ਹੈ, ਨੂੰ ਆਪਣੀ H20 ਏਆਈ(AI) ਚਿੱਪ ਨੂੰ ਚੀਨ ਨੂੰ ਨਿਰਯਾਤ ਕਰਨ ਲਈ ਲਾਇਸੈਂਸਾਂ ਦੀ ਲੋੜ ਹੋਵੇਗੀ।

ਇਹ ਨਿਯਮ ਅਮਰੀਕਾ ਅਤੇ ਚੀਨ ਵਿਚਕਾਰ ਵਧਦੇ ਵਪਾਰ ਯੁੱਧ ਦੇ ਵਿਚਕਾਰ ਆਏ ਹਨ, ਜਿਸ ਵਿੱਚ ਦੋਵਾਂ ਦੇਸ਼ਾਂ ਨੇ ਵੱਖ-ਵੱਖ ਸਮਾਨਾਂ ਤੇ ਇੱਕ ਦੂਜੇ 'ਤੇ ਭਾਰੀ ਵਪਾਰਕ ਟੈਰਿਫ ਲਾਗੂ ਕੀਤੇ ਹਨ। ਇਸ ਖ਼ਬਰ ਤੋਂ ਬਾਅਦ ਐਨਵੀਡੀਆ ਦੇ ਸ਼ੇਅਰ ਲਗਭਗ 6% ਤੱਕ ਡਿੱਗ ਗਏ।

ਐਨਵੀਡੀਆ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਅਮਰੀਕੀ ਸਰਕਾਰ ਨੇ ਪਿਛਲੇ ਹਫ਼ਤੇ ਇਸਨੂੰ ਦੱਸਿਆ ਸੀ ਕਿ H20 ਚਿੱਪ ਨੂੰ ਹਾਂਗਕਾਂਗ ਸਮੇਤ ਚੀਨ ਦੇ ਹੋਰ ਸ਼ਹਿਰਾਂ ਨੂੰ ਵੇਚਣ ਲਈ ਪਰਮਿਟ ਦੀ ਲੋੜ ਹੈ। ਬੀਬੀਸੀ ਦੁਆਰਾ ਸੰਪਰਕ ਕੀਤੇ ਜਾਣ 'ਤੇ ਐਨਵੀਡੀਆ ਕੰਪਨੀ ਨੇ ਇਸ ਮਾਮਲੇ ਵਿੱਚ ਹੋਰ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਕਾਊਂਟਰਪੁਆਇੰਟ ਰਿਸਰਚ ਕੰਸਲਟੈਂਸੀ ਦੇ ਮਾਰਕ ਆਈਨਸਟਾਈਨ ਨੇ ਕਿਹਾ ਕਿ ਐਨਵੀਡੀਆ ਦੁਆਰਾ ਅਨੁਮਾਨਿਤ $5.5 ਬਿਲੀਅਨ ਦਾ ਨੁਕਸਾਨ ਉਨ੍ਹਾਂ ਦੇ ਅਨੁਮਾਨਾਂ ਦੇ ਅਨੁਸਾਰ ਸੀ। "ਹਾਲਾਂਕਿ ਇਹ ਨਿਸ਼ਚਤ ਤੌਰ 'ਤੇ ਬਹੁਤ ਵੱਡਾ ਘਾਟਾ ਹੈ ਪਰ ਐਨਵੀਡੀਆ ਇਸਨੂੰ ਸਹਿ ਸਕਦਾ ਹੈ।

ਆਈਨਸਟਾਈਨ ਨੇ ਅੱਗੇ ਕਿਹਾ, "ਪਰ ਜਿਵੇਂ ਕਿ ਅਸੀਂ ਪਿਛਲੇ ਕੁਝ ਦਿਨਾਂ ਅਤੇ ਹਫ਼ਤਿਆਂ ਵਿੱਚ ਦੇਖਿਆ ਹੈ, ਇਹ ਵੱਡੇ ਪੱਧਰ 'ਤੇ ਇੱਕ ਗੱਲਬਾਤ ਦੀ ਰਣਨੀਤੀ ਹੋ ਸਕਦੀ ਹੈ। ਮੈਨੂੰ ਨੇੜਲੇ ਭਵਿੱਖ ਵਿੱਚ ਟੈਰਿਫ ਨੀਤੀ ਵਿੱਚ ਕੁਝ ਛੋਟਾਂ ਜਾਂ ਬਦਲਾਅ ਦੇਖ ਕੇ ਹੈਰਾਨੀ ਨਹੀਂ ਹੋਵੇਗੀ, ਕਿਉਂਕਿ ਇਹ ਨਾ ਸਿਰਫ਼ ਐਨਵੀਡੀਆ ਨੂੰ ਪ੍ਰਭਾਵਿਤ ਕਰਦਾ ਹੈ ਬਲਕਿ ਪੂਰੇ ਅਮਰੀਕੀ ਸੈਮੀਕੰਡਕਟਰ ਈਕੋਸਿਸਟਮ ਨੂੰ ਪ੍ਰਭਾਵਿਤ ਕਰਦਾ ਹੈ।"  

ਐਨਵੀਡੀਆ ਦੇ ਏਆਈ ਚਿਪਸ ਅਮਰੀਕੀ ਨਿਰਯਾਤ ਨਿਯੰਤਰਣਾਂ ਦਾ ਮੁੱਖ ਕੇਂਦਰ ਰਹੇ ਹਨ। 1993 ਵਿੱਚ ਸਥਾਪਿਤ, ਇਹ ਅਸਲ ਵਿੱਚ ਕੰਪਿਊਟਰ ਚਿੱਪਸ ਬਣਾਉਣ ਲਈ ਜਾਣਿਆ ਜਾਂਦਾ ਸੀ ਜੋ ਗ੍ਰਾਫਿਕਸ ਕਾਰਡ ਵਿੱਚ ਵਰਤੇ ਜਾਂਦੇ ਹਨ, ਖਾਸ ਕਰਕੇ ਕੰਪਿਊਟਰ ਗੇਮਾਂ ਲਈ।

ਏਆਈ ਕ੍ਰਾਂਤੀ ਤੋਂ ਬਹੁਤ ਪਹਿਲਾਂ, ਇਸਨੇ ਆਪਣੇ ਚਿੱਪਸ ਵਿੱਚ ਕੁਝ ਵਿਸ਼ੇਸ਼ਤਾਵਾਂ ਨੂੰ ਜੋੜਨਾ ਸ਼ੁਰੂ ਕਰ ਦਿੱਤਾ ਸੀ ਜੋ ਕਿ ਮਸ਼ੀਨਾਂ ਦੀ ਸਿਖਲਾਈ ਵਿੱਚ ਮਦਦ ਕਰਦੀਆਂ ਸਨ। ਹੁਣ ਐਨਵੀਡੀਆ ਨੂੰ ਇੱਕ ਮੁੱਖ ਚਿੱਪ ਨਿਰਮਾਤਾ ਕੰਪਨੀ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਏਆਈ-ਸੰਚਾਲਿਤ ਤਕਨਾਲੋਜੀ ਤੇਜ਼ੀ ਨਾਲ ਕਾਰੋਬਾਰੀ ਦੁਨੀਆ ਵਿੱਚ ਫੈਲ ਰਹੀ ਹੈ।

ਜਨਵਰੀ ਵਿੱਚ ਐਨਵੀਡੀਆ ਕੰਪਨੀ ਦੇ ਮੁੱਲ ਨੂੰ ਝਟਕਾ ਲੱਗਾ ਸੀ ਜਦੋਂ ਇਹ ਰਿਪੋਰਟ ਕੀਤੀ ਗਈ ਕਿ ਇੱਕ ਵਿਰੋਧੀ ਚੀਨੀ ਏਆਈ ਐਪ, ਡੀਪਸੀਕ(DeepSeek), ਨੂੰ ਹੋਰ ਚੈਟਬੋਟਾਂ ਦੀ ਲਾਗਤ ਨਾਲੋਂ ਬਹੁਤ ਘੱਟ ਖਰਚੇ ਵਿੱਚ ਬਣਾਇਆ ਗਿਆ ਸੀ।

ਟੈੱਕ ਬੱਜ ਚਾਈਨਾ(Tech Buzz China) ਪੋਡਕਾਸਟ ਦੀ ਸੰਸਥਾਪਕ, ਰੂਈ ਮਾ(Rui Ma) ਨੇ ਕਿਹਾ ਕਿ ਉਹ ਉਮੀਦ ਕਰਦੀ ਹੈ ਕਿ ਜੇਕਰ ਪਾਬੰਦੀਆਂ ਲਾਗੂ ਰਹਿੰਦੀਆਂ ਹਨ ਤਾਂ ਅਮਰੀਕਾ ਅਤੇ ਚੀਨ ਦੀਆਂ ਏਆਈ(AI) ਸੈਮੀਕੰਡਕਟਰ ਸਪਲਾਈ ਚੇਨਾਂ "ਪੂਰੀ ਤਰ੍ਹਾਂ ਵੱਖ" ਹੋ ਜਾਣਗੀਆਂ। ਉਸਨੇ ਅੱਗੇ ਕਿਹਾ, "ਕਿਸੇ ਵੀ ਚੀਨੀ ਗਾਹਕ ਲਈ ਅਮਰੀਕੀ ਚਿੱਪਸ 'ਤੇ ਨਿਰਭਰ ਹੋਣਾ ਕੋਈ ਅਰਥ ਨਹੀਂ ਰੱਖਦਾ" ਕਿਉਂਕਿ ਚੀਨ ਵਿੱਚ ਡੇਟਾ ਸੈਂਟਰਾਂ ਦੀ ਸਪਲਾਈ ਬਹੁਤ ਜ਼ਿਆਦਾ ਹੈ।

Gurpreet | 16/04/25

ਸੰਬੰਧਿਤ ਖ਼ਬਰਾਂ

ਤੁਹਾਨੂੰ ਇਹ ਪਸੰਦ ਹੋ ਸਕਦਾ ਹੈ