ਆਪਣੇ ਉੱਚ ਵਪਾਰਕ ਅਧਿਕਾਰੀਆਂ ਵਿਚਕਾਰ ਹਫ਼ਤਿਆਂ ਦੀ ਤਣਾਅਪੂਰਨ ਗੱਲਬਾਤ ਤੋਂ ਬਾਅਦ, ਯੂਰਪੀਅਨ ਯੂਨੀਅਨ ਅਤੇ ਅਮਰੀਕਾ ਨੇ ਅੰਤ ਵਿੱਚ ਇੱਕ ਡੀਲ ਨੂੰ ਮਨਜੂਰ ਕੀਤਾ ਹੈ ਅਤੇ ਇਹ ਗੱਲਬਾਤ ਚੀਨ ਨਾਲ ਅਮਰੀਕਾ ਦੇ ਟੈਰਿਫ ਸਮਝੌਤੇ ਦੇ ਨਵੀਨਤਮ ਦੌਰ ਦੀ ਸ਼ੁਰੂਆਤ ਸਮੇਂ ਆਇਆ ਹੈ।
ਅੰਤ ਵਿੱਚ ਐਤਵਾਰ ਦੇ ਸਮਝੌਤੇ 'ਤੇ ਪਹੁੰਚਣ ਲਈ ਵਾਸ਼ਿੰਗਟਨ ਅਤੇ ਬ੍ਰਸੇਲਜ਼ ਦੇ ਨੇਤਾਵਾਂ ਨੂੰ ਆਹਮੋ-ਸਾਹਮਣੇ ਬੈਠਣਾ ਪਿਆ। ਇਹ ਉਹ ਚੀਜ਼ ਹੈ ਜੋ ਅਸੀਂ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਕੀਤੇ ਗਏ ਹੋਰ ਸੌਦਿਆਂ ਨਾਲ ਵੀ ਵੇਖੀ ਹੈ - ਉਨ੍ਹਾਂ ਦੀ ਨਿੱਜੀ ਸ਼ਮੂਲੀਅਤ ਨੇ ਇਸ ਡੀਲ ਨੂੰ ਭਰਵਾਂ ਹੁੰਗਾਰਾ ਦਿੱਤਾ।
ਇਹ ਸੌਦਾ ਦੋਵਾਂ ਪਾਸਿਆਂ ਲਈ ਮਾਇਨੇ ਰੱਖਦਾ ਹੈ ਕਿਉਂਕਿ ਬਹੁਤ ਸਾਰੇ ਕਾਰੋਬਾਰ ਅਤੇ ਨੌਕਰੀਆਂ ਉਸ 'ਤੇ ਨਿਰਭਰ ਕਰਦੀਆਂ ਹਨ ਜਿਸਨੂੰ ਯੂਰਪੀਅਨ ਯੂਨੀਅਨ "ਦੁਨੀਆ ਦਾ ਸਭ ਤੋਂ ਵੱਡਾ ਦੁਵੱਲਾ ਵਪਾਰ ਅਤੇ ਨਿਵੇਸ਼ ਸਬੰਧ" ਕਹਿੰਦਾ ਹੈ।
ਟਰੰਪ ਪ੍ਰਸ਼ਾਸਨ ਇਸਨੂੰ ਇੱਕ ਵੱਡੀ ਜਿੱਤ ਵਜੋਂ ਮਨਾ ਰਿਹਾ ਹੈ ਅਤੇ ਕਈ ਪੱਖਾਂ ਤੋਂ ਇਹ ਸੱਚ ਵੀ ਹੈ। ਪਰ ਇਹ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਲਈ ਪੂਰੀ ਹਾਰ ਵੀ ਨਹੀਂ ਹੈ।
ਉਪ-ਰਾਸ਼ਟਰਪਤੀ ਜੇਡੀ ਵੈਂਸ ਨੇ ਸੋਸ਼ਲ ਮੀਡੀਆ ਸਾਈਟ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ, "ਪੂਰਾ ਯੂਰਪੀਅਨ ਪ੍ਰੈੱਸ ਇਸ ਵੇਲੇ ਰਾਸ਼ਟਰਪਤੀ ਦੀ ਪ੍ਰਸ਼ੰਸਾ ਦੇ ਗੁਣ ਗਾ ਰਿਹਾ ਹੈ, ਉਹ ਅਮਰੀਕੀਆਂ ਵੱਲੋਂ ਕੀਤੇ ਗਏ ਸਮਝੌਤੇ 'ਤੇ ਹੈਰਾਨ ਹਨ।"
ਉਸਨੇ ਅੱਗੇ ਕਿਹਾ, "ਕੱਲ੍ਹ ਅਮਰੀਕੀ ਮੀਡੀਆ ਬੇਸ਼ੱਕ ਡੋਨਾਲਡ ਟਰੰਪ ਵੱਲੋਂ ਰੱਖੀਆਂ ਮੰਗਾਂ ਵਿੱਚੋਂ 99.9 ਪ੍ਰਤੀਸ਼ਤ ਦੇ ਪੂਰੇ ਹੋਣ ਵਰਗੀਆਂ ਸੁਰਖੀਆਂ ਚਲਾਏਗਾ।"
ਯੂਰਪੀਅਨ ਯੂਨੀਅਨ ਲਈ ਦਿਲਾਸਾ ਇਹ ਹੈ ਕਿ ਇਸਨੂੰ ਹੁਣ 15% ਅਮਰੀਕੀ ਟੈਰਿਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਨਾ ਕਿ 30% ਜਿਸਦੀ ਧਮਕੀ ਦਿੱਤੀ ਗਈ ਸੀ।
ਪਰ ਇਹ ਅਜੇ ਵੀ ਇੱਕ ਵੱਡੀ ਗਿਰਾਵਟ ਹੈ ਕਿਉਂਕਿ ਇਹ ਦਰ ਅਪ੍ਰੈਲ ਵਿੱਚ ਟਰੰਪ ਦੇ ਅਖੌਤੀ ਮੁਕਤੀ ਦਿਵਸ ਤੋਂ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਹੈ ਅਤੇ ਯੂਕੇ ਦੀ 10% ਦਰ ਜਿੰਨੀ ਚੰਗੀ ਨਹੀਂ ਹੈ।
ਬ੍ਰਸੇਲਜ਼ ਇਸ ਤੱਥ ਵੱਲ ਇਸ਼ਾਰਾ ਕਰ ਸਕਦਾ ਹੈ ਕਿ ਘੱਟ ਦਰ ਬਹੁਤ ਸਾਰੇ ਪ੍ਰਮੁੱਖ ਯੂਰਪੀਅਨ ਨਿਰਯਾਤਾਂ 'ਤੇ ਲਾਗੂ ਹੁੰਦੀ ਹੈ। ਇਸਦਾ ਇਹ ਵੀ ਮਤਲਬ ਹੈ ਕਿ ਯੂਰਪੀਅਨ ਯੂਨੀਅਨ ਦੇ ਕਾਰ ਨਿਰਮਾਤਾਵਾਂ ਨੂੰ ਅਪ੍ਰੈਲ ਵਿੱਚ ਲਾਗੂ ਕੀਤੇ ਗਏ 25% ਗਲੋਬਲ ਟੈਰਿਫ ਦੀ ਬਜਾਏ 15% ਅਮਰੀਕੀ ਆਯਾਤ ਟੈਕਸ ਦਾ ਸਾਹਮਣਾ ਕਰਨਾ ਪਵੇਗਾ।
ਪਰ ਬਦਲੇ ਵਿੱਚ ਯੂਰਪੀਅਨ ਯੂਨੀਅਨ ਅਮਰੀਕੀ ਨਿਰਯਾਤਾਂ ਨੂੰ "ਆਪਣੇ ਦੇਸ਼ਾਂ ਵਿੱਚ ਜ਼ੀਰੋ ਟੈਰਿਫ 'ਤੇ ਆਉਣ ਦੀ ਸਹੂਲਤ ਦੇ ਰਹੀ ਹੈ", ਟਰੰਪ ਨੇ ਕਿਹਾ।
ਯੂਰਪੀ ਸੰਘ ਦੇ ਸਟੀਲ ਅਤੇ ਐਲੂਮੀਨੀਅਮ ਨੂੰ ਅਮਰੀਕਾ ਵਿੱਚ ਵੇਚਣ 'ਤੇ ਵੀ 50% ਟੈਰਿਫ ਦਾ ਸਾਹਮਣਾ ਕਰਨਾ ਪਵੇਗਾ। ਟਰੰਪ ਲਈ, ਜੋ ਅਜੇ ਵੀ ਪਿਛਲੇ ਹਫ਼ਤੇ ਜਾਪਾਨ ਨਾਲ ਹੋਏ ਟੈਰਿਫ ਸੌਦੇ ਤੋਂ ਕਾਫੀ ਖੁਸ਼ੀ ਮਹਿਸੂਸ ਕਰ ਰਹੇ ਹਨ, ਇਹ ਐਲਾਨ ਇੱਕ ਹੋਰ ਵੱਡੀ ਜਿੱਤ ਹੈ।
ਪਿਛਲੇ ਸਾਲ ਦੇ ਵਪਾਰਕ ਅੰਕੜਿਆਂ ਦੇ ਆਧਾਰ 'ਤੇ ਯੂਰਪੀ ਸੰਘ ਦਾ ਸੌਦਾ, ਅਮਰੀਕੀ ਸਰਕਾਰੀ ਖਜ਼ਾਨੇ ਲਈ ਲਗਭਗ $90 ਬਿਲੀਅਨ (£67 ਬਿਲੀਅਨ) ਦੇ ਟੈਰਿਫ ਮਾਲੀਆ ਦੀ ਉਮੀਦ ਲੈ ਕੇ ਆਉਂਦਾ ਹੈ।
ਸਮਝੌਤੇ ਦੇ ਹਿੱਸੇ ਵਜੋਂ ਯੂਰਪੀ ਸੰਘ ਸੈਂਕੜੇ ਅਰਬਾਂ ਡਾਲਰ ਦੇ ਅਮਰੀਕੀ ਊਰਜਾ ਉਤਪਾਦ ਅਤੇ ਹਥਿਆਰ ਵੀ ਖਰੀਦੇਗਾ। ਟਰੰਪ ਨੇ ਕਿਹਾ ਕਿ ਯੂਰਪੀ ਸੰਘ ਅਮਰੀਕਾ ਵਿੱਚ ਆਪਣੇ ਨਿਵੇਸ਼ ਨੂੰ $600 ਬਿਲੀਅਨ ਤੱਕ ਵਧਾਏਗਾ, ਜਿਸ ਵਿੱਚ ਅਮਰੀਕੀ ਫੌਜੀ ਉਪਕਰਣ ਵੀ ਸ਼ਾਮਲ ਹਨ, ਅਤੇ ਊਰਜਾ 'ਤੇ $750 ਬਿਲੀਅਨ ਖਰਚ ਕਰੇਗਾ।
ਇਸ ਸੌਦੇ ਨੂੰ ਵਾਸ਼ਿੰਗਟਨ ਅਤੇ ਬ੍ਰਸੇਲਜ਼ ਵਿਚਕਾਰ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਪਲ ਵਜੋਂ ਵੇਖਿਆ ਜਾ ਰਿਹਾ ਹੈ। ਇਸ ਸੌਦੇ ਤੱਕ ਪਹੁੰਚਣਾ ਆਸਾਨ ਨਹੀਂ ਰਿਹਾ।
ਦੋਵੇਂ ਧਿਰਾਂ ਸਖ਼ਤ ਸਨ ਪਰ ਦੋਵੇਂ ਨਹੀਂ ਚਾਹੁੰਦੀਆਂ ਸਨ ਕਿ ਗੱਲਬਾਤ 1 ਅਗਸਤ ਦੀ ਸਮਾਂ ਸੀਮਾ ਤੋਂ ਅੱਗੇ ਜਾਵੇ।
ਈ੍ਯੂ ਨੇ ਆਪਣੇ ਆਪ ਨੂੰ ਇੱਕ ਸਖ਼ਤ ਵਾਰਤਾਕਾਰ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਵਿੱਚ ਹਫ਼ਤੇ ਬਿਤਾਏ ਹਨ ਕਿਉਂਕਿ ਉਸਨੇ ਜਵਾਬੀ ਟੈਰਿਫ ਤਿਆਰ ਕੀਤੇ ਸਨ ਅਤੇ ਚੇਤਾਵਨੀ ਦਿੱਤੀ ਸੀ ਕਿ ਇਹ ਉਨ੍ਹਾਂ 'ਤੇ ਅਮਲ ਕਰ ਸਕਦਾ ਹੈ।
ਯੂਰਪ ਦੀ ਆਰਥਿਕ ਵਿਕਾਸ ਸੁਸਤ ਰਹੀ ਹੈ ਅਤੇ ਪਿਛਲੇ ਹਫ਼ਤੇ ਹੀ ਯੂਰਪੀ ਕੇਂਦਰੀ ਬੈਂਕ ਨੇ ਚੇਤਾਵਨੀ ਦਿੱਤੀ ਸੀ ਕਿ "ਵਾਤਾਵਰਣ ਬਹੁਤ ਹੀ ਅਨਿਸ਼ਚਿਤ ਬਣਿਆ ਹੋਇਆ ਹੈ, ਖਾਸ ਕਰਕੇ ਵਪਾਰਕ ਵਿਵਾਦਾਂ ਦੇ ਕਾਰਨ।" ਇਹ ਸੌਦਾ ਉਸ ਅਨਿਸ਼ਚਿਤਤਾ ਨੂੰ ਕੁਝ ਹੱਦ ਤੱਕ ਦੂਰ ਕਰਦਾ ਹੈ।
ਯੂਰਪ ਆਪਣੀ ਸੁਰੱਖਿਆ ਲਈ ਅਮਰੀਕਾ 'ਤੇ ਵੀ ਬਹੁਤ ਜ਼ਿਆਦਾ ਨਿਰਭਰ ਹੈ। ਬ੍ਰਸੇਲਜ਼ ਦੀ ਗੱਲਬਾਤ ਟੀਮ ਦੇ ਦਿਮਾਗ ਵਿੱਚ ਇਹ ਚਿੰਤਾਵਾਂ ਹੋਣਗੀਆਂ ਕਿ ਟਰੰਪ ਸੰਭਾਵੀ ਤੌਰ 'ਤੇ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਬੰਦ ਕਰ ਸਕਦਾ ਹੈ, ਅਮਰੀਕੀ ਫੌਜ ਨੂੰ ਖੇਤਰ ਤੋਂ ਬਾਹਰ ਕੱਢ ਸਕਦਾ ਹੈ ਜਾਂ ਇੱਥੋਂ ਤੱਕ ਕਿ ਨਾਟੋ ਨੂੰ ਵੀ ਛੱਡ ਸਕਦਾ ਹੈ।
ਸਾਬਕਾ ਯੂਰਪੀ ਸੰਘ ਵਪਾਰ ਵਾਰਤਾਕਾਰ ਜੌਨ ਕਲਾਰਕ ਨੇ ਬੀਬੀਸੀ ਨੂੰ ਦੱਸਿਆ, "ਮੈਨੂੰ ਡਰ ਹੈ ਕਿ ਯੂਰਪੀ ਸੰਘ ਇੱਕ ਕਮਜ਼ੋਰ ਸਥਿਤੀ ਵਿੱਚ ਸੀ। ਇਸ ਕੋਲ ਕੋਈ ਵਿਕਲਪ ਨਹੀਂ ਸੀ। ਟਰੰਪ ਪਿੱਛੇ ਨਹੀਂ ਹਟਣ ਵਾਲਾ ਸੀ ਅਤੇ ਇਹ 15% ਲਈ ਸੈਟਲ ਹੋ ਗਿਆ, ਇਸ ਲਈ ਇਹ ਅੰਤਰਰਾਸ਼ਟਰੀ ਵਪਾਰ ਲਈ ਇੱਕ ਬੁਰਾ ਦਿਨ ਹੈ ਪਰ ਇਹ ਹੋਰ ਵੀ ਮਾੜਾ ਹੋ ਸਕਦਾ ਸੀ।"