ਦੁਨੀਆ ਦੀਆਂ ਸਭ ਤੋਂ ਵੱਡੀਆਂ ਕ੍ਰਿਪਟੋਕਰੰਸੀ ਫਰਮਾਂ ਵਿੱਚੋਂ ਇੱਕ, ਕੋਇਨਬੇਸ(Coinbase) ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਹੋਏ ਇੱਕ ਸਾਈਬਰ ਹਮਲੇ ਨਾਲ ਇਸਨੂੰ $400 ਮਿਲੀਅਨ (£301 ਮਿਲੀਅਨ) ਤੱਕ ਦਾ ਨੁਕਸਾਨ ਹੋ ਸਕਦਾ ਹੈ।
ਫਰਮ ਨੇ ਕਿਹਾ ਕਿ ਉਸਨੂੰ ਹੈਕਰਾਂ ਦੁਆਰਾ ਸੰਪਰਕ ਕੀਤਾ ਗਿਆ ਸੀ ਜਿਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਕੋਇਨਬੇਸ ਦੇ ਠੇਕੇਦਾਰਾਂ ਅਤੇ ਕਰਮਚਾਰੀਆਂ ਨੂੰ ਭੁਗਤਾਨ ਕਰਕੇ ਗਾਹਕਾਂ ਦੀ ਨਿੱਜੀ ਜਾਣਕਾਰੀ ਤੱਕ ਪਹੁੰਚ ਪ੍ਰਾਪਤ ਕੀਤੀ ਹੈ।
ਇੱਕ ਬਲੌਗ ਪੋਸਟ ਵਿੱਚ, ਕੋਇਨਬੇਸ ਨੇ ਕਿਹਾ ਕਿ ਅਪਰਾਧੀਆਂ ਨੇ ਇਸਦੇ ਗਾਹਕਾਂ ਦੇ ਸਮੂਹ ਵਿੱਚੋਂ 1% ਤੋਂ ਵੀ ਘੱਟ ਦੇ ਡਾਟਾ ਤੱਕ ਪਹੁੰਚ ਪ੍ਰਾਪਤ ਕੀਤੀ ਸੀ, ਜਿਸ ਰਾਹੀਂ ਉਹ ਲੋਕਾਂ ਨੂੰ ਆਪਣੀ ਕ੍ਰਿਪਟੋ ਕਰੰਸੀ ਸੌਂਪਣ ਲਈ ਧੋਖਾ ਦੇਣ ਲਈ ਵਰਤਦੇ ਸਨ।
ਫਿਰ ਹੈਕਰਾਂ ਨੇ ਕੋਇਨਬੇਸ ਦੇ ਡਾਟਾ ਲੀਕ ਨੂੰ ਗੁਪਤ ਰੱਖਣ ਲਈ ਕੋਇਨਬੇਸ ਤੋਂ $20 ਮਿਲੀਅਨ ਦੀ ਮੰਗ ਕੀਤੀ ਸੀ ਪਰ ਇਨ੍ਹਾਂ ਨੇ ਰਿਸ਼ਵਤ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਦੀ ਬਜਾਏ ਜੇ ਕਿਸੇ ਵਿਅਕਤੀ ਨਾਲ ਧੋਖਾਧੜੀ ਹੁੰਦੀ ਹੈ ਤਾਂ ਕੋਇਨਬੇਸ ਅਜਿਹੇ ਵਿਅਕਤੀਆਂ ਨੂੰ ਭੁਗਤਾਨ ਕਰਨ ਦਾ ਵਾਅਦਾ ਕੀਤਾ।
ਇਸ ਖੁਲਾਸੇ ਤੋਂ ਬਾਅਦ ਫਰਮ ਦੇ ਸ਼ੇਅਰ ਦੀ ਕੀਮਤ ਵਿੱਚ 4.1% ਦੀ ਗਿਰਾਵਟ ਆਈ। ਇਹ ਸਾਈਬਰ ਹਮਲਾ ਕੋਇਨਬੇਸ ਦੇ ਅਮਰੀਕੀ ਕੰਪਨੀ ਦੇ ਬੈਂਚਮਾਰਕ S&P 500 ਸੂਚਕਾਂਕ ਵਿੱਚ ਸ਼ਾਮਲ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਹੋਇਆ ਹੈ।
ਖੋਜ ਫਰਮ ਚੇਨਐਨਾਲਿਸਿਸ ਦੀ ਇੱਕ ਰਿਪੋਰਟ ਦੱਸਦੀ ਹੈ ਕਿ 2024 ਵਿੱਚ ਕ੍ਰਿਪਟੋ ਦੇ ਕਾਰੋਬਾਰਾਂ ਤੋਂ ਚੋਰੀ ਕੀਤੇ ਗਏ ਫੰਡ, ਕੁੱਲ $2.2 ਬਿਲੀਅਨ ਦੇ ਕਰੀਬ ਸਨ।
ਕ੍ਰਿਪਟੋ ਫਰਮ ਜ਼ੂਮੋ ਦੇ ਸੰਸਥਾਪਕ ਨਿੱਕ ਜੋਨਸ ਨੇ ਕਿਹਾ, " ਕ੍ਰਿਪਟੋ ਉਦਯੋਗ ਲਈ ਸੁਰੱਖਿਆ ਇੱਕ ਮੁੱਖ ਚੁਣੌਤੀ ਬਣੀ ਹੋਈ ਹੈ। ਜਿਵੇਂ-ਜਿਵੇਂ ਕ੍ਰਿਪਟੋ ਉਦਯੋਗ ਤੇਜ਼ੀ ਨਾਲ ਵਧ ਰਿਹਾ ਹੈ, ਇਹ ਮਾੜੇ ਲੋਕਾਂ ਦੀ ਨਜ਼ਰ ਖਿੱਚਦਾ ਹੈ।"
ਕੰਪਨੀ ਦਾ ਕਹਿਣਾ ਹੈ ਕਿ ਉਸਨੂੰ 11 ਮਈ ਨੂੰ ਇੱਕ "ਅਣਜਾਣ ਸੰਸਥਾ" ਤੋਂ ਇੱਕ ਈਮੇਲ ਪ੍ਰਾਪਤ ਹੋਈ।
"ਅਸੀਂ ਉਨ੍ਹਾਂ ਗਾਹਕਾਂ ਨੂੰ ਪੈਸੇ ਵਾਪਸ ਕਰਾਂਗੇ ਜਿਨ੍ਹਾਂ ਨੇ ਹਮਲਾਵਰਾਂ ਨੂੰ ਫੰਡ ਭੇਜਣ ਨਾਲ ਧੋਖਾ ਖਾਧਾ ਹੈ," ਇਸਨੇ ਆਪਣੇ ਬਿਆਨ ਵਿੱਚ ਕਿਹਾ।
"ਅਸੀਂ ਕਾਨੂੰਨੀ ਮਾਹਿਰਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਜੋ ਅਜਿਹੇ ਹੈਕਰਾਂ ਨੂੰ ਸਭ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾ ਸਕਣ ਅਤੇ ਅਸੀਂ 20 ਮਿਲੀਅਨ ਡਾਲਰ ਦੀ ਫਿਰੌਤੀ ਦੀ ਮੰਗ ਦਾ ਭੁਗਤਾਨ ਨਹੀਂ ਕਰਾਂਗੇ। ਇਸਦੀ ਬਜਾਏ ਅਸੀਂ ਇਸ ਹਮਲੇ ਲਈ ਜ਼ਿੰਮੇਵਾਰ ਅਪਰਾਧੀਆਂ ਦੀ ਗ੍ਰਿਫਤਾਰੀ ਅਤੇ ਸਜ਼ਾ ਲਈ ਅਗਵਾਈ ਕਰਨ ਵਾਲੀ ਜਾਣਕਾਰੀ ਲਈ 20 ਮਿਲੀਅਨ ਡਾਲਰ ਦਾ ਇਨਾਮ ਫੰਡ ਸਥਾਪਤ ਕਰ ਰਹੇ ਹਾਂ।"
ਯੂਐਸ ਸਿਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਕੋਲ ਦਾਇਰ ਕੀਤੀ ਗਈ ਇੱਕ ਫਾਈਲਿੰਗ ਵਿੱਚ, ਇਸਨੇ $180 ਮਿਲੀਅਨ ਤੋਂ $400 ਮਿਲੀਅਨ ਦੇ ਵਿਚਕਾਰ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਹੈ।
ਹੈਕਰਾਂ ਨਾਲ ਗਾਹਕਾਂ ਦੀ ਜਾਣਕਾਰੀ ਸਾਂਝਾ ਕਰਨ ਵਾਲੇ ਸਟਾਫ ਮੈਂਬਰਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ।
ਕੋਇਨਬੇਸ ਨੇ ਆਪਣੇ ਗਾਹਕਾਂ ਨੂੰ ਭਵਿੱਖ ਵਿੱਚ ਘੁਟਾਲੇਬਾਜ਼ਾਂ ਦੀਆਂ ਹੋਰ ਕੋਸ਼ਿਸ਼ਾਂ ਤੋਂ ਬਚਣ ਲਈ ਕਿਹਾ ਅਤੇ ਉਨ੍ਹਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ। ਕੋਇਨਬੇਸ ਕਦੇ ਵੀ ਤੁਹਾਡੇ ਪਾਸਵਰਡ, 2FA ਕੋਡ, ਜਾਂ ਤੁਹਾਡੇ ਤੋਂ ਕਿਸੇ ਨਵੇਂ ਪਤੇ, ਖਾਤੇ, ਵਾਲਟ ਜਾਂ ਵਾਲਿਟ ਵਿੱਚ ਸੰਪਤੀਆਂ ਟ੍ਰਾਂਸਫਰ ਕਰਨ ਲਈ ਨਹੀਂ ਪੁੱਛੇਗਾ।
ਕੋਇਨਬੇਸ ਨੇ ਗਾਹਕਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਨੂੰ ਕੋਈ ਸ਼ੱਕ ਹੈ ਤਾਂ ਉਨ੍ਹਾਂ ਨੂੰ ਆਪਣੇ ਖਾਤੇ ਲਾੱਕ ਕਰ ਦੇਣੇ ਚਾਹੀਦੇ ਹਨ।
"ਗਾਹਕਾਂ ਨੂੰ ਇਸ ਘਟਨਾ ਕਾਰਨ ਹੋਈ ਚਿੰਤਾ ਅਤੇ ਅਸੁਵਿਧਾ ਲਈ ਸਾਨੂੰ ਅਫ਼ਸੋਸ ਹੈ।"