ਅੱਖੀਓ ! ਤੱਕਣਾ ਸਿਫਤ ਤੁਸਾਡੀ,
ਕੌਣ ਕਹੇ ਤੁਸੀਂ ਤੱਕੋ ਨਾ।
ਜਗਤ ਤਮਾਸ਼ਾ ਜਮ ਜਮ ਤੱਕੋ,
ਤੱਕਦੀਆਂ ਤੱਕਦੀਆਂ ਥੱਕੋ ਨਾ।
ਰੱਬੀ ਨੂਰ ਝਲਕਦਾ (ਏ) ਫੁਟ-ਫੁਟ,
ਫੁੱਲ ਫੁੱਲ ਡਾਲੀ ਡਾਲੀ ਤੇ,
ਹੁਸਨ ਸੁਹੱਪਣ ਓਸ ਮਾਹੀ ਦਾ,
ਰੱਜ ਰੱਜ ਵੇਖੋ ਝੱਕੋ ਨਾ।
ਪਰ, ਇਸ ਤੱਕ ਵਿੱਚ, ਚੇਤਾ ਰੱਖਣਾ !
ਮੈਲੀਆਂ ਮੂਲ ਨ ਹੋਇਓ ਜੇ,
ਜੀਵਨ-ਦਾਤੇ ਦੇ ਅੰਮ੍ਰਿਤ ਨੂੰ,
ਜ਼ਹਿਰ ਬਣਾ ਕੇ ਫੱਕੋ ਨਾ।