ਉਮਰਾਂ ਪਿੱਛੇ ਮੈਂ ਉਹਨੂੰ ਮਿਲਿਆ,
ਮੈਂ ਆਖਿਆ ਦੰਦ ਜਿਹੇ ਪੀਹ ਕੇ, ਮੈਂ ਹੁਣ ਕਦੀ ਨਾ ਵਿਛੁੜਸਾਂ,
ਕਦੇ ਨਾ ਛੱਡ ਕੇ ਜਾਸਾਂ ਆਪਣੀ ਜਿੰਦ ਜਾਨ ਨੂੰ,
ਮੈਂ ਇਸ ਵੇਰੀ ਖ਼ੂਬ ਪੱਕਾ ਕੀਤਾ ਸੀ ਆਪਣੇ ਆਪ ਨਾਲ,
ਛੋਡ ਨਾ ਜਾਸਾਂ ਕਦੀ ਹੁਣ ਲਾਲ ਨੂੰ,
ਪਰ ਜਦ ਉਹ ਪਿਆਰਾ ਬੋਲਿਆ,
ਮੈਂ ਉਹਦੇ ਹੋਠਾਂ ਵਿੱਚੋਂ ਢਹਿੰਦੇ ਤੱਕੇ ਅੱਗ ਦੇ ਕਣੂਕੇ,
ਦੇਖੋ ਇਹਦੇ ਅੱਗ ਦੇ ਉਹਦੇ ਗੀਤ ਉੱਡਦੇ,
ਮੇਰਾ ਬਲ ਛੁਟਕਿਆ, ਮਰਜ਼ੀ ਮਰ ਗਈ,
ਮੈਂ ਉੱਡ ਪਿਆ ਨਾਲੇ, ਭੁੱਲ ਉਸ ਪਿਆਰੇ ਨੂੰ,
ਮੁੜ ਉਹਦੇ ਅੱਗੀ ਗੀਤ ਵਿੱਚ,
ਆਹਾ ! ਠੀਕ ਮਿਲੀ ਮੈਂ ਉਸ ਨੂੰ,
ਇਨ੍ਹਾਂ ਸਦਾ ਦੇ ਵਿਛੋੜਿਆਂ ਵਿੱਚ।