ਬਾਜ਼ਾਂ ਨੂੰ ਤੇ ਇੱਲਾਂ ਨੂੰ

ਬਾਜ਼ਾਂ ਨੂੰ ਤੇ ਇੱਲਾਂ ਨੂੰ ਵੀ ਪਿੰਜਰੇ ਵੜਨਾ ਪੈ ਸਕਦਾ ਹੈ। 

ਸੱਯਾਦਾਂ ਨੂੰ ਜਾਲ਼ ਚਿੜੀ ਦੇ ਪੈਰੀਂ ਧਰਨਾ ਪੈ ਸਕਦਾ ਹੈ। 

ਵਗਦੀਆਂ ਪੌਣਾਂ ਨੂੰ ਵੀ ਤਾਂ ਠੱਲ੍ਹ ਪਾਵਣ ਵਾਲ਼ਾ ਕੋਈ ਟੱਕਰੂ,

ਦਰਿਆਵਾਂ ਨੂੰ ਕੰਢਿਆਂ ਦੀ ਗੋਦੀ ਵੀ ਚੜ੍ਹਨਾ ਪੈ ਸਕਦਾ ਹੈ।

ਹੋ ਸਕਦਾ ਹੈ ਮੰਜ਼ਿਲ ਖ਼ੁਦ ਹੀ ਅੱਗਲਵਾਂਢੀ ਕੇ ਟੱਕਰੇ,

ਸਦਾ ਨਿਰੰਤਰ ਵਗਦੇ ਰਾਹਾਂ ਨੂੰ ਵੀ ਖੜ੍ਹਨਾ ਪੈ ਸਕਦਾ ਹੈ।

ਜੇ ਕਿਧਰੇ ਹੰਕਾਰੀ ਅੱਗ ਇਸ ਬਾਗ਼ ਦੇ ਅੰਦਰ ਧਮਕੀ ਤਾਂ,

ਸੀਨੇ ਠੰਢਕ ਪਾਉਂਦੇ ਫੁੱਲਾਂ ਨੂੰ ਵੀ ਸੜਨਾ ਪੈ ਸਕਦਾ ਹੈ।

ਜਿਸ ਖੂਹ ਨੇ ਹਰ ਹਿਰਦੇ ਨੂੰ ਠਾਰਨ ਦਾ ਫ਼ਰਜ਼ ਨਿਭਾਇਆ ਹੁਣ ਤੱਕ ,

ਉਸ ਨੂੰ ਠੂਠਾ ਹੋਰਾਂ ਦੇ ਕਦਮਾਂ ਵਿੱਚ ਧਰਨਾ ਪੈ ਸਕਦਾ ਹੈ।

📝 ਸੋਧ ਲਈ ਭੇਜੋ