ਬਾਜਾਂ ਵਾਲਾ ਗੁਰੂ

ਬਾਜਾਂ ਵਾਲਿਆ ਬੜਾ ਹੈਰਾਨ ਹਾਂ ਮੈ,

ਖੇਡਾਂ ਵੇਖ ਕੇ ਤੇਰੇ ਪਿਆਰ ਦੀਆਂ।

ਕਿਧਰੇ ਤੀਰ ਤੇਰੇ ਜੀਵਨ ਦੇਂਦੇ,

ਤੇਗਾਂ ਤੇਰੀਆਂ ਨੇ ਕਿਧਰੇ ਮਾਰ ਦੀਆਂ।

ਤੇਰੇ ਦਿਲ ਦਰਿਆ ਦੀਆਂ ਦਰਦ ਲਹਿਰਾਂ,

ਕਿਧਰੇ ਡੋਬ ਦੀਆਂ ਕਿਧਰੇ ਤਾਰ ਦੀਆਂ।

ਚੰਨ ਪਿਆਰ ਦਾ ਤੇ ਸੂਰਜ ਬੀਰਤਾ ਦਾ,

ਜਾਪੇ ਡਲ੍ਹਕਦੇ ਨੂਰ ਦੀ ਛੱਬ ਮੈਨੂੰ,

ਜਿਹੜੇ ਰੂਪ ਅੰਦਰ ਤੈਨੂੰ ਵੇਖਿਆ ਮੈ,

ਓਸੇ ਰੂਪ ਅੰਦਰ ਦਿਸਿਓਂ ਰੱਬ ਮੈਨੂੰ।

ਮੇਰੇ ਪਾਤਸ਼ਾਹ! ਤੇਰੀਆਂ ਕਰਨੀਆਂ ਨੇ,

ਹੈਰਤ ਵਿੱਚ ਸਾਰੀ ਦੁਨੀਆਂ ਪਾ ਦਿੱਤੀ।

ਦੱਸੀ ਬੀਰਤਾ ਬੇਮਿਸਾਲ ਦੱਸੀ,

ਦੱਸਿਆ ਪਿਆਰ ਤੇ ਹੱਦ ਮੁਕਾ ਦਿੱਤੀ।

ਘੋਰ ਯੁੱਧ ਅੰਦਰ ਲੜਦੇ ਲੜਦਿਆਂ ਤੂੰ,

ਜਿਹੜੇ ਵੈਰੀ ਤੇ ਤੇਗ ਚਲਾ ਦਿੱਤੀ,

ਓਹਦੇ ਮੂੰਹ ਵਿੱਚ ਪਾਣੀ ਵੀ ਚੋ ਦਿਤਾ,

ਓਹਦੇ ਫੱਟਾਂ ਤੇ ਮਰ੍ਹਮ ਵੀ ਲਾ ਦਿੱਤੀ।

ਪਰ ਜੇ ਮੰਗਿਆ ਪਾਣੀ ਜੁਝਾਰ ਕੇ,

ਓਹਦੀ ਆਸ ਦਾ ਲੱਕ ਤਰੋੜ ਦਿੱਤਾ।

ਦੋਜ਼ਖ਼ ਜੇਹੀ ਉਸ ਭੜਕਦੀ ਅੱਗ ਅੰਦਰ,

ਹਾਏ ਪੁੱਤਰ ਤ੍ਰਿਹਾਇਆ ਹੀ ਮੋੜ ਦਿੱਤਾI

ਪੁੱਜੀ ਜਦੋਂ ਖਦਰਣਿਓਂ ਖ਼ਬਰ ਤੈਨੂੰ,

ਮਹਾਂ ਸਿੰਘ ਦੀ ਆਸ ਪੁਜਾਈ ਜਾ ਕੇ,

ਬੁਝਦੀ ਵੇਖ ਓਹਦੀ ਸ਼ਮ੍ਹਾ ਜ਼ਿੰਦਗੀ ਦੀ,

ਡਲ੍ਹਕ ਨੈਣਾਂ ਦੀ ਨੈਣਾਂ ‘ਚ ਪਾਈ ਜਾ ਕੇ।

ਤਲੀਆਂ ਝੱਸ ਕੇ ਹੋਸ਼ ਪਰਤਾਏ ਓਹਦੇ,

ਕਦਮਾਂ ਵਿੱਚ ਜਾ ਧਰੀ ਖੁਦਾਈ ਜਾ ਕੇ,

ਡੱਕੇ ਹੋਏ ਚਮਕੌਰ ਸਰਹੰਦ ਵਾਲੇ

ਓਸ ਥਾਂ ਤੂੰ ਹੰਝੂ ਵਗਾਏ ਜਾ ਕੇ।

ਬਾਜ ਛੱਡਿਆ ਤਖ਼ਤ ਤੇ ਤਾਜ ਛੱਡਿਆ,

ਕਿਧਰੇ ਮਾਤ ਛੱਡੀ ਕਿਧਰੇ ਮਹਿਲ ਛੱਡੇ,

ਫਤਿਹ, ਜ਼ੋਰ, ਅਜੀਤ, ਜੁਝਾਰ ਛੱਡਿਆ,

ਧੁਰ ਦੀ ਸਾਂਝ ਤੇ ਸੁੱਖਾਂ ਦੀਂ ਆਸ ਛੱਡੀ,

ਮੁੱਦਾ ਕੀ ਤੂੰ ਸਾਰਾ ਸੰਸਾਰ ਛੱਡਿਆ

ਸੱਭ ਕੁੱਝ ਛੱਡਿਆ ਏਦਾਂ ਤਿਆਗੀਆ ਤੂੰ,

ਪੈਰੋਂ ਜੋੜਾ ਵੀ ਕਿਧਰੇ ਤਿਆਗ ਛੱਡਿਆ।

ਓਸ ਥਾਂ ਤੋਂ ਪੁੱਟੇ ਨਾ ਪੈਰ ਮੁੜਕੇ,

ਇਕ ਵਾਰ ਜਿਸ ਥਾਂ ਤੇ ਖਲੋਅ ਗਿਓਂ ਤੂੰ,

ਰਤਾ ਡੋਲਿਆ ਨਾ ਸਾਬਤ ਦਿਲ ਤੇਰਾ,

ਬੇਸ਼ਕ ਡੱਕਰੇ ਡੱਕਰੇ ਹੋ ਗਿਓਂ ਤੂੰ

ਤੈਨੂੰ ਪੰਜਾਂ ਪਿਆਰਿਆਂ ਹੁਕਮ ਦਿੱਤਾ

ਜਦੋਂ ਪੰਥ ਪਿਆਰ ਦੇ ਨਾਂ ਥੱਲੇ,

ਸੱਭ ਕੁੱਝ ਛੱਡ ਕੇ ਕਿਲੇ ‘ਚੋਂ ਤੁਰ ਪਿਓਂ ਤੂੰ,

ਚਾਈਂ ਚਾਈਂ ਤਲਵਾਰਾਂ ਦੀ ਛਾਂ ਥੱਲੇ।

ਸ਼ਾਨਾਂ ਮੇਟੀਆਂ, ਮੇਟ ਨਿਸ਼ਾਨ ਦਿੱਤੇ,

ਐਪਰ ਪੰਥ ਦੀ ਸ਼ਾਨ ਚਮਕਾਨ ਖਾਤਰ,

ਜਿਉਂਦੀ ਜਾਨ ਮੁਸ਼ਤਾਕ ਤੂੰ ਰਿਹਾ ਮਰਦਾ,

ਕੌਮੀ ਅਣਖ ਬਦਲੇ ਕੌਮੀ ਆਨ ਖਾਤਰ।

📝 ਸੋਧ ਲਈ ਭੇਜੋ