ਬਾਲ ਗਰੀਬਾਂ ਦੇ

ਮੋਢੀਂ ਗੱਟੇ, ਖੁੱਲ੍ਹੇ   ਵਾਲ  ਗਰੀਬਾਂ   ਦੇ,

ਗਲੀ ਗਲੀ ਪਏ ਰੁਲਦੇ, ਲਾਲ ਗਰੀਬਾਂ ਦੇ।

ਜਿਸਨੂੰ ਕੂੜਾ ਜਾਣਕੇ  ਆਪਾਂ  ਸੁੱਟ ਆਏ,

ਉਸ ਚੋਂ ਕੀ ਨੇ ਲੱਭਦੇ ,ਬਾਲ ਗਰੀਬਾਂ ਦੇ।

ਮਾਰੋ -ਦੁਤਕਾਰੋ  ਤਾਂ  ਅੱਗੇ ਤੁਰ ਜਾਵਣ,

ਖੂਨ ਵਿੱਚ ਨਹੀਂ ਰਤਾ, ਉਬਾਲ ਗਰੀਬਾਂ ਦੇ।

ਝੂਠੇ ਭਾਸ਼ਣ ਜਾਂ ਲੰਮੀਆਂ ਤਹਰੀਰਾਂ  ਬਸ,

ਕੋਈ ਨਹੀਂ ਖੜ੍ਹਦਾ ਵੇਖਿਆ, ਨਾਲ ਗਰੀਬਾਂ ਦੇ।

ਚਾਨਣ ਦੇ  ਬਸਤੇ  ਤੋਂ  ਲਗਦੇ ਦੂਰ  ਬੜੀ,

ਤਾਲੀਮੋ  ਸੱਖਣੇ   ਖਿਆਲ  ਗਰੀਬਾਂ  ਦੇ

ਤਪਦੀ ਲੋ ਵਿੱਚ ਤਪਦੇ, ਸਰਦੀ ਵਿੱਚ ਠਰਦੇ

ਏਦਾਂ ਲੰਘਦੇ  ਹਾੜ-ਸਿਆਲ  ਗਰੀਬਾਂ  ਦੇ।

'ਸਿੱਧੂ' ਜਦ ਵੀ ਲੰਘੀਏ ਸ਼ਹਿਰ ਬਜ਼ਾਰਾਂ 'ਚੋਂ

ਅੱਖ ਭਰ ਆਉਂਦੀ ਤੱਕਕੇ ਹਾਲ ਗਰੀਬਾਂ ਦੇ।

📝 ਸੋਧ ਲਈ ਭੇਜੋ