ਬਾਬਾ ਜੀ ਤੁਹਾਡੇ ਲਾਲਾਂ ਨੇ

ਬਾਬਾ ਜੀ ਤੁਹਾਡੇ ਲਾਲਾਂ ਨੇ, ਰਚ ਦਿੱਤੀ 'ਅਮਰ' ਕਹਾਣੀ।

ਸਿੱਖੀ ਸਿਦਕ ਨਿਭਾਇਆ ਐਸਾ, ਤੱਕਦੇ ਰਹਿ ਗਏ ਸਾਰੇ ਪ੍ਰਾਣੀ।

ਵਜ਼ੀਦੇ ਦੇ ਦਰਬਾਰ 'ਚ ਕੇ, ਗੱਜ ਕੇ ਫਤਿਹ ਬੁਲਾਈ।

ਉਮਰ ਨਿਆਣੀ ਭਾਂਵੇ ਸੀ, ਗੱਲ ਵੱਡਿਆਂ ਵਾਂਗ ਸਮਝਾਈ।

ਬਿਨਾਂ ਡਰ ਦੇ ਆਖਣ ਗੱਲਾਂ, ਜਿਉਂ ਵਗੇ ਦਰਿਆਈ ਪਾਣੀ।

ਬਾਬਾ ਜੀ ਤੁਹਾਡੇ ਲਾਲਾਂ ਨੇ .............

ਠੰਢਾ ਬੁਰਜ ਵੀ ਨਿੱਘਾ ਲੱਗੇ, ਜਦ ਦਾਦੀ ਲਵੇ ਕਲਾਵੇ।

ਮੇਰੇ ਬੱਚਿਓ! ਡੋਲ ਨਾ ਜਾਣਾ, ਦੋਹਾਂ ਨੂੰ ਦਾਦੀ ਸਮਝਾਵੇ।

ਯਾਦ ਰੱਖਣਾ ਹੈ ਦਾਦਾ ਜੀ ਦੀ, ਸ਼ਹੀਦੀ ਨਾ ਮਨੋਂ ਭੁਲਾਣੀ।

ਦਾਦਾ ਜੀ ਤੁਹਾਡੇ ਪੋਤਿਆਂ ਨੇ .............

ਪੋਹ ਦੀ ਸਰਦੀ ਹੱਡੀਆਂ ਚੀਰੇ, ਅੰਗ ਅੰਗ ਪਾਏ ਨੀਲੇ।

ਭੁੱਖਣ ਭਾਣਿਆਂ ਦਾ ਦਿਲ ਲਾਏ  ਦਾਦੀ ਕਰੇ ਕੁਝ ਹੀਲੇ।

ਬੁੱਕਲ ਦੇ ਵਿੱਚ ਜਾ ਕੇ ਬਹਿ ਗਏ ਗਾਉਂਦੇ ਨੇ ਗੁਰਬਾਣੀ।

ਮਾਤਾ ਜੀ ਤੁਹਾਡੇ ਲਾਲਾਂ ਨੇ .............

ਲੱਖਾਂ ਲਾਲਚ ਦੇਵੇ ਸੂਬਾ, ਰਤੀ ਭਰ ਵੀ  ਲਾਲ ਨਾ ਡੋਲੇ।

ਹੱਥਾਂ ਉੱਤੇ ਮਾਰਨ ਛਟੀਆਂ, ਮੁੱਖੋਂ ਸੀਅ ਤੱਕ ਵੀ ਨਾ ਬੋਲੇ।

ਦਸ਼ਮੇਸ਼ ਪਿਤਾ ਦੇ ਬੱਚੇ ਹਾਂ, ਸਾਨੂੰ ਐਵੀਂ ਨਾ ਸੂਬਿਆ ਜਾਣੀ।

ਬਾਬਾ ਜੀ ਤੁਹਾਡੇ ਲਾਲਾਂ ਨੇ ............

ਈਨ ਨਾ ਮੰਨੀ ਲਾਲਾਂ ਨੇ, ਸੂਬਾ ਸਰਹਿੰਦ ਨੂੰ ਗੁੱਸਾ ਆਇਆ।

ਚਿਣ ਦੇਵੋ ਦੀਵਾਰਾਂ ਅੰਦਰ, ਕਾਜ਼ੀ ਨੇ ਫਤਵਾ ਸੁਣਾਇਆ।

ਨੀਹਾਂ ਦੇ ਵਿੱਚ ਖੜ੍ਹ ਕੇ ਪੜ੍ਹਦੇ, ਜਪੁਜੀ ਸਾਹਿਬ ਦੀ ਬਾਣੀ।

ਦਾਦੀ ਜੀ ਤੁਹਾਡੇ ਪੋਤਿਆਂ ਨੇ ............

ਨਿੱਕੀਆਂ ਨਿੱਕੀਆਂ ਜਿੰਦਾਂ ਸਨ, ਕਰ ਗਈਆਂ ਵੱਡੇ ਸਾਕੇ।

ਸੀਸ ਝੁਕਾਊ  ਸਾਰੀ ਦੁਨੀਆਂ, ਵਿੱਚ ਸਰਹਿੰਦ  ਦੇ ਜਾ ਕੇ।

ਕੌਮ ਦੀ ਖਾਤਰ ਜਾਨ ਵਾਰ ਗਏ, ਸਾਡੇ ਬੱਚਿਆਂ ਦੇ ਹਾਣੀ।

ਗੁਰੂ ਗੋਬਿੰਦ ਜੀ ਦੇ ਲਾਲਾਂ ਨੇ ............

ਬਾਬਾ ਜੀ ਤੁਹਾਡੇ ਲਾਲਾਂ ਨੇ, ਰਚ ਦਿੱਤੀ 'ਅਮਰ' ਕਹਾਣੀ।

📝 ਸੋਧ ਲਈ ਭੇਜੋ