ਬਾਬਾ ਮਾਫ਼ ਕਰੀਂ

ਕਿਤੇ ਸਾਈਆਂ ਕਿਤੇ ਵਧਾਈਆਂ, ਬਾਬਾ ਮਾਫ਼ ਕਰੀਂ

ਕਿਹੜੇ ਉਮਰੇ ਅੱਖੀਆਂ ਲਾਈਆਂ, ਬਾਬਾ ਮਾਫ਼ ਕਰੀਂ।

ਫਲ ਖਾ ਖਾ ਉਮਰ ਹੰਢਾਈ, ਹਾਲੇ ਨਾ ਰੱਜਿਓਂ

ਅੱਖਾਂ ਲਲਚਾਈਆਂ ਲਲਚਾਈਆਂ ਬਾਬਾ ਮਾਫ਼ ਕਰੀਂ

ਹੁਣ ਤਾਂ ‘ਭੈ ਕੀਆਂ ਦੇ ਸਲਾਈਆਂ’, ਨੈਣੀਂ ਤੱਕਿਆ ਕਰ,

ਸੱਭ ਨੇ ਬੀਬੀਆਂ, ਭੈਣਾਂ, ਮਾਈਆਂ ਬਾਬਾ ਮਾਫ਼ ਕਰੀਂ

ਇੰਦਰੇ ਇਕ ਇਕ ਕਰਕੇ ਸਾਰੇ, ਥੱਕੇ ਹਾਰੇ ਨੇ

ਬਾਛਾਂ ਫਿਰ ਵੀ ਖਿੜ ਖਿੜ ਆਈਆਂ ਬਾਬਾ ਮਾਫ਼ ਕਰੀਂ।

ਰੁੱਤ, ਜੋਬਨ, ਮੌਸਮ ਬਰਫ਼ਾਂ, ਝੀਲਾਂ ਤੇ ਝਰਨੇ,

ਨੀਤਾਂ ਫਿਰ ਭੁੱਖੀਆਂ ਤ੍ਰਿਹਾਈਆਂ, ਬਾਬਾ ਮਾਫ਼ ਕਰੀਂ

ਹਰ ਉਮਰ ਦਾ ਆਪਣਾ ਅਲੱਗ ਨਜ਼ਾਰਾ ਹੁੰਦਾ ਹੈ,

ਤੈਨੂੰ ਰਮਜ਼ਾਂ ਸਮਝ ਨਾ ਆਈਆਂ ਬਾਬਾ ਮਾਫ਼ ਕਰੀਂ

ਟੱਕਰਾਂ ਖਾ ਖਾ ਚਸ਼ਮਾ, ਦਰਿਆ, ਸਾਗਰ ਹੋ ਜਾਵੇ,

ਤੇਰੀ ਮੰਜ਼ਿਲ ਟੋਏ ਖਾਈਆਂ, ਬਾਬਾ ਮਾਫ਼ ਕਰੀਂ

ਉਮਰ ਦਰਾਜੇ ਚੁੱਪ ਚੁਪੀਤੇ ਝੱਟ ਲੰਘਾਈਦਾ,

ਧੰਨ ਤੇਰੀਆਂ ਬੇਪਰਵਾਈਆਂ, ਬਾਬਾ ਮਾਫ਼ ਕਰੀਂ

ਥੂ ਕੌੜੇ ਪਹੁੰਚੋਂ ਬਾਹਰ ਫ਼ਲਾਂ ਨੂੰ ਕਹਿ ਦੇਈਦਾ,

ਤੂੰ ਹਰ ਥਾਂ ਪੀਘਾਂ ਪਾਈਆਂ, ਬਾਬਾ ਮਾਫ਼ ਕਰੀਂ

ਗਲ ਹਰ ਇਕ ਦੇ ਨਾਲ ਕਰਨੀ, ਸੁਣਨੀ ਚੰਗੀ ਨੲ੍ਹੀਂ,

ਕਿਉਂ ਕਰਨੈ ਜਗ ਰੁਸਵਾਈਆਂ, ਬਾਬਾ ਮਾਫ਼ ਕਰੀਂ

ਨੂੰਹ ਪੁੱਤਰ ਧੀ ਜਵਾਈ ਸਭ ਸਿਆਣੇ ਨੇ,

ਕਿਉਂ ਲੜਨੈ ਕੁੰਜ ਕੁੰਜ ਬਾਈਆਂ, ਬਾਬਾ ਮਾਫ਼ ਕਰੀਂ

‘ਉੱਪਲ’ ਸੋਚਾਂ ਦੇ ਪੰਖੀ ’ਤੇ ਪਹਿਰੇ ਲਾਉਂਦੇ ਜੋ,

ਉਹੀਓ ਕਰਦੇ ਰਹਿਨੁਮਾਈਆਂ, ਬਾਬਾ ਮਾਫ਼ ਕਰੀਂ

📝 ਸੋਧ ਲਈ ਭੇਜੋ