ਬਾਬਾ ਨਾਨਕਾ ਤੇਰਾ ਲਾਲੋ ਉਦਾਸ...

ਚੁੱਲ੍ਹਾ ਤਪਦਾ ਮਸੀਂ ਏਂ ਓਹੋ ਕਿੰਜ ਕਰੇ ਪੁੰਨ

ਦੇਖ ਕਿਰਤੀ ਦੇ ਵਿਹੜੇ ਵਿੱਚ ਪਸਰੀ ਸੁੰਨ

ਤੂੰ ਲੇਖੀਂ ਕੋਈ ਲਿਖ ਦੇ ਬਹਾਰ ਵਾਲੀ ਰੁੱਤ

ਮਲਕ ਭਾਗੋਆਂ ਨੇ ਹਰ ਥਾਂ ਮਚਾਈ ਲੁੱਟ

ਦੁਖ ਕਿਸ ਨੂੰ ਸੁਣਾਏ ਓਹਦਾ ਪ੍ਰੇਸ਼ਾਨ ਚਿਹਰਾ

ਬਾਬਾ ਨਾਨਕਾ ਹੈ ਲਾਲੋ ਉਦਾਸ ਅੱਜ ਤੇਰਾ

 

ਨਾ ਮਿਲੇ ਪੂਰੀ ਮਜੂਰੀ ਨਾ ਹੀ ਮੁੱਕਦੇ ਝਮੇਲੇ

ਚਿੰਤਾ ਮਨ ਨੂੰ ਸਤਾਉਂਦੀ ਸਰਘੀ ਦੇ ਵੇਲੇ

ਵੇਲ ਲੋਭਾਂ ਦੀ ਚਮਨ ’ਚ ਫੈਲੀ ਲੰਮੀ ਚੌੜੀ

ਕਿੰਜ ਖ਼ਾਬਾਂ ਨੂੰ ਲਾਏ ਓਹੋ ਆਸਾਂ ਵਾਲੀ ਪੌੜੀ

ਦੇਖ ਮੁੜ ਜੱਗ ਵਿੱਚ ਫੈਲ ਗਿਆ ਘੋਰ ਹਨੇਰਾ

ਬਾਬਾ ਨਾਨਕਾ ਹੈ ਲਾਲੋ ਉਦਾਸ ਅੱਜ ਤੇਰਾ

 

ਰਾਜ ਜੰਗਲ ਦਾ ਚੱਲੇ ਓਹੋ ਬੰਦ ਰੱਖੇ ਤਾਕੀ

ਲੀੜੇ ਫਟੇ ਪੁਰਾਣਿਆਂ ਨੂੰ ਪਾਉਂਦਾ ਲਾ ਟਾਕੀ

ਹੱਥੀਂ ਪਏ ਛਾਲੇ ਪੈਰੀਂ ਪਾਟੀਆਂ ਬਿਆਈਆਂ

ਜੁੜੇ ਖੱਦਰ ਨਾ ਲਵੇ ਕਿੱਥੋਂ ਰੇਸ਼ਮੀ ਰਜ਼ਾਈਆਂ

ਕਦੋਂ ਜਾਗਣਗੇ ਭਾਗ ਕਦੋਂ ਚੜ੍ਹੇਗਾ ਸਵੇਰਾ

ਬਾਬਾ ਨਾਨਕਾ ਹੈ ਲਾਲੋ ਉਦਾਸ ਅੱਜ ਤੇਰਾ

 

ਓਹੋ ਛੱਤਦਾ ਮਕਾਨ ਓਹਦਾ ਕੱਚਾ ਬਨੇਰਾ

ਹੁਣ ਦੁੱਧ ਮੁੱਲ ਲਏ ਓਹਦਾ ਵਿਕਿਆ ਲਵੇਰਾ

ਤੇਰੇ ਉੱਤਮ ਦੀ ਬਾਬਾ ਤੇਰੇ ਅੱਗੇ ਅਰਜੋਈ

ਦਾਊਂਵਾਲਾ ਚਾਹੁੰਦਾ ਓਹਨੂੰ ਮਿਲ ਜਾਏ ਢੋਈ

ਬਾਂਹ ਫੜ ਸੱਚੇ ਸਾਈਂ ਦੁਖ ਕੱਟਿਆ ਬਥੇਰਾ

ਬਾਬਾ ਨਾਨਕਾ ਹੈ ਲਾਲੋ ਉਦਾਸ ਅੱਜ ਤੇਰਾ

📝 ਸੋਧ ਲਈ ਭੇਜੋ