ਬਾਬਾ ਨਾਨਕਾ ਮੁੜ ਆਵੀਂ ਕਸ਼ਮੀਰ
ਭੈਣ ਨਾਨਕੀ ਬੁਲਾਵੇ ਆ ਜਾ ਵੀਰ।
ਤੀਸਰੀ ਉਦਾਸੀ ਗੇੜਾ ਵਾਦੀ ਬਾਬੇ ਲਾਇਆ ਸੀ
’ਮੀਰਾਂ ਕਦਲ ਝੰਡਾ ਗੁਰਾਂ ਸੱਚ ਦਾ ਝੁਲਾਇਆ ਸੀ
ਪਾਏ ਰਾਹੇ ਵਿਦਵਾਨ ਸੂਫ਼ੀ ਪੀਰ।
ਮੁੜ ਆਵੀਂ ਕਸ਼ਮੀਰ.....
ਹਰੀ ਪਰਬਤ ਛੇੜੀ ਕੀਰਤਨ ਧੁਨੀ ਸੀ
ਪੰਡਿਤ ਪ੍ਰਸ਼ੋਤਮ ਬੈਠਾ ਅਭਿਨਾਸ਼ੀ ਮੁਨੀ ਸੀ
ਛਕੀ ਬਾਣੀ ਵਾਲੀ ਸਭ ਮਿੱਠੀ ਖੀਰ।
ਮੁੜ ਆਵੀਂ ਕਸ਼ਮੀਰ.....
ਸ਼ੰਕਰ ਚਾਰੀਆ ਬਾਬੇ ਚਾਲੇ ਪਾਏ ਸਨ
ਫੇਰ ਅਵੰਤੀਪੁਰ ਬਾਬਾ ਜੀ ਸਿਧਾਏ ਸਨ
ਸੂਫ਼ੀ ਕਮਾਲ ਹੋਇਆ ਸੱਚ ਦਾ ਸਫ਼ੀਰ।
ਮੁੜ ਆਵੀਂ ਕਸ਼ਮੀਰ......
ਗੋਪੀ ਦੇਈ ਬੀਬੀ ਗੁਰੂ ਘਰ ਦੀ ਪਿਆਰੀ ਸੀ
ਗੁਰਾਂ ਨੂੰ ਉਡੀਕੇ ਬਿਜ ਬਹੇੜੇ ’ਚ ਲਾਚਾਰੀ ਸੀ
ਯਾਦ ਬਾਬੇ ਦੀ ’ਚ ਰੋਈ ਨੀਰੋ ਨੀਰ।
ਮੁੜ ਆਵੀਂ ਕਸ਼ਮੀਰ.......
ਧਰਤ ਮਟਨ ਦੇ ਬਾਬੇ ਭਾਗ ਜਗਾਏ ਸਨ
ਬ੍ਰਹਮ ਦਾਸ ਜੈਸੇ ਕਈ ਗੁਰਾਂ ਰਾਹੇ ਪਾਏ ਸਨ
ਵਿੰਨੇ ਹਿਰਦੇ ਮਾਰ ਸੱਚ ਵਾਲੇ ਤੀਰ।
ਮੁੜ ਆਵੀਂ ਕਸ਼ਮੀਰ....
ਮਾਰੂ ਤੇ ਮਲਹਾਰ ਵਾਰ ਬਾਬੇ ਐਥੇ ਗਾਈ ਸੀ
ਚਸ਼ਮੇ ਸ਼ੀਤਲ ਧੂਣੀ ਨਾਮ ਵਾਲੀ ਲਾਈ ਸੀ
ਬੰਦੇ ਕਿਰਤੀ ਬਣਾਏ ਸੀ ਅਮੀਰ।
ਮੁੜ ਆਵੀਂ ਕਸ਼ਮੀਰ.....
ਅਮਰਨਾਥ ਤੋਂ ਬਾਬਾ ਜੀ ਕਾਜ਼ੀਗੁੰਡ ਪਧਾਰੇ ਨੇ
ਗੁਰੂ ਸੰਗਤਾਂ ਦੇ ਹੋਏ ਵਾਰੇ ਤੇ ਨਿਆਰੇ ਨੇ
ਘਰ ਆਇਆ ਭੈਣ ਨਾਨਕੀ ਦਾ ਵੀਰ।
ਮੁੜ ਕੇ ਵੀ ਆਵੀਂ ਕਸ਼ਮੀਰ.......
ਅੱਜ ਫੇਰ ਝੂਠਿਆਂ ਦਾ ਹੋਇਆ ਬੋਲ ਬਾਲਾ ਹੈ
ਭਗਵਾ ਸਫ਼ੇਦ ਜਿਹੜਾ, ਅੰਦਰੋਂ ਉਹ ਕਾਲਾ ਹੈ
ਕਪਟੀ ਲੋਕਾਂ ਦੀ ਲੱਗੀ ਫਿਰ ਭੀੜ।
ਮੁੜ ਆਵੀਂ ਕਸ਼ਮੀਰ....