ਬੱਚਾ ਡਿੱਗਦਾ ਢਹਿੰਦਾ ਉੱਠਦਾ ਏ

ਬੱਚਾ ਡਿੱਗਦਾ ਢਹਿੰਦਾ ਉੱਠਦਾ ਏ,

ਡਿੱਗੇ ਢਹਿੰਦੇ ਹੀ ਟੁਰਨ ਦਾ ਢੰਗ ਆਵੇ

ਸ਼ੀਸ਼ਾ ਟੁੱਟਦਾ ਭੱਜਦਾ ਜੁੜਦਾ ਏ,

ਏਦੋਂ ਇੱਟ ਆਉਂਦੀ ਓਦੋਂ ਸੰਗ ਆਵੇ

ਓਦੋਂ ਜ਼ਿੰਦਗੀ ਦਾ ਮਜ਼ਾ ਆਂਵਦਾ ਏ,

ਫ਼ਾਕੇ ਮਸਤੀਆਂ ਤੇ ਜਦੋਂ ਰੰਗ ਆਵੇ

ਓਦੋਂ ਜੰਗਲਾਂ ਦੇ ਵੱਲ ਮੂੰਹ ਕਰਨਾਂ,

ਦਿਲ ਬਸਤੀਆਂ ਤੋਂ ਜਦੋਂ ਤੰਗ ਆਵੇ

ਮੇਰਾ ਦਿਲ ਹੁਸੀਨਾਂ ਦੇ ਹੱਥ ਆਇਆ,

ਜਿਵੇਂ ਮੁੰਡਿਆਂ ਹੱਥ ਪਤੰਗ ਆਵੇ

ਸੱਚਾ ਯਾਰ ਮੁਸੀਬਤ 'ਚ ਕੰਮ ਆਵੇ,

ਆਵੇ ਦੀਪ ਤੇ ਜਿਵੇਂ ਪਤੰਗ ਆਵੇ

ਬਾਜ਼ੀ ਤੰਗ ਦਸਤੀ ਵਾਲੀ ਖਿੱਲਰੀ ਏ,

ਜਿਹੜਾ ਯਾਰ ਵੀ ਆਵੇ ਬਦਰੰਗ ਆਵੇ

ਬੰਦਾ ਕਰੇ ਤਾਂ ਕੀ ਨਹੀਂ ਕਰ ਸਕਦਾ,

ਮੰਨਿਆ ਵਕਤ ਵੀ ਤੰਗ ਤੋਂ ਤੰਗ ਆਵੇ

ਰਾਂਝਾ ਤਖ਼ਤ ਹਜ਼ਾਰਿਓਂ ਟੁਰੇ ਤੇ ਸਹੀ,

ਪੈਰਾਂ ਹੇਠ ਸਿਆਲਾਂ ਦਾ ਝੰਗ ਆਵੇ

 

📝 ਸੋਧ ਲਈ ਭੇਜੋ