ਬੜੇ ਹੀ ਖ਼ੂਬਸੂਰਤ ਹਰ ਨਗਰ ਵਿਚ ਘਰ ਵੀ ਹੁੰਦੇ ਨੇ
ਅਤੀ ਸੁੰਦਰ ਤੇ ਵੇਖਣਯੋਗ ਕੁਝ ਖੰਡਰ ਵੀ ਹੁੰਦੇ ਨੇ
ਅਜਬ ਨੇ ਸ਼ੌਕ ਲੋਕਾਂ ਦੇ ਕਿ ਸ਼ੀਸ਼ੇ ਦੇ ਘਰਾਂ ਅੰਦਰ
ਸਜਾਵਟ ਵਾਸਤੇ ਰੱਖੇ ਉਨ੍ਹਾਂ ਪੱਥਰ ਵੀ ਹੁੰਦੇ ਨੇ
ਘੜੀ ਵੱਲ ਵੇਖਦਾ ਉਹ ਤੇਜ਼ ਤੁਰਦਾ ਸੋਚਦਾ ਅਕਸਰ
ਕਈ ਥਿਰ ਹੋ ਗਏ ਪਲ ਆਦਮੀ ਅੰਦਰ ਵੀ ਹੁੰਦੇ ਨੇ
ਅਸਾਨੂੰ ਵੀ ਪਤਾ ਹੈ ਕਿ ਸਮੁੰਦਰ ’ਚੋਂ ਮਿਲਣ ਮੋਤੀ
ਕਈ ਪ੍ਰਕਾਰ ਦੇ ਪਰ ਮਨ ’ਚ ਬੈਠੇ ਡਰ ਵੀ ਹੁੰਦੇ ਨੇ
ਮੇਰੇ ਨੈਣਾਂ ’ਚ ਉਸਨੇ ਵੇਖਿਆ ਤੇ ਆਖਿਆ ਮੈਨੂੰ
ਸਵਾਲਾਂ ਵਿਚ ਕਈ ਵਾਰੀ ਪਏ ਉੱਤਰ ਵੀ ਹੁੰਦੇ ਨੇ
ਲਿਖੇ ਜਾਂਦੇ ਨੇ ਜੋ ਆਕਾਸ਼ ਤੇ ਹੀ ਰਾਤ ਅੱਧੀ ਨੂੰ
ਹਿਜਰ ਦੀ ਪੀੜ ਦਾ ਅਨੁਵਾਦ ਉਹ ਅੱਖਰ ਵੀ ਹੁੰਦੇ ਨੇ
ਉਡਾਰੀ ਲਾ ਗਈ ਉਹ ਵੀ ਉਤਾਰੀ ਅਰਸ਼ ਤੋਂ ਜਿਹੜੀ
‘ਅਮਰ’ ਸੀ ਭੁੱਲ ਬੈਠਾ ਕਿ ਪਰੀ ਦੇ ਪਰ ਵੀ ਹੁੰਦੇ ਨੇ