ਬਾਦਸ਼ਾਹ ਨੇ ਕਿਹਾ

ਬਾਦਸ਼ਾਹ ਨੇ ਕਿਹਾ 

ਅਜ ਅਸੀਂ ਸਿਰ ਵੇਖਾਂਗੇ

ਉਸਦਾ

ਜੋ ਚਲਾ ਆਇਆ ਸੀ ਮੁਗ਼ਲਾਂ ਦੀ ਦਿੱਲੀ ਵਿਚ 

ਸਿਰ ਤੇ ਕਲਗੀ ਸਜਾ ਕੇ 

ਸਾਡੇ ਦਰਬਾਰ ਵਿਚ

ਸਾਡੇ ਹੀ ਸਾਹਮਣੇ ਅਰਜ਼ੀਗੁਜ਼ਾਰ 

ਤੇ ਸਿਰ ਤੇ ਕਲਗੀ !

ਗੁਸਤਾਖ਼ੀ ਦੀ ਵੀ ਕੋਈ ਹਦ ਹੁੰਦੀ ਏ 

ਅਸਾਂ ਹੁਕਮ ਦਿੱਤਾ 

ਕਿ ਉਹ ਕਲਗੀਦਾਰ ਸਿਰ 

ਕਲਗ਼ੀ ਸਮੇਤ ਕਲਮ ਕੀਤਾ ਜਾਏ 

ਅਜ ਅਸੀਂ ਵੇਖਾਂਗੇ

ਕਿ ਸ਼ਹਿਰ-ਦੀਵਾਰ ਤੇ ਟੰਗਿਆ 

ਉਹ ਕਲਗੀਦਾਰ ਸਿਰ 

ਕਿਸ ਤਰ੍ਹਾਂ ਦਾ ਲਗਦਾ ਹੈ

ਬਾਦਸ਼ਾਹ ਨੇ ਕਿਹਾ

ਅਜ ਅਸੀਂ ਸਿਰ ਵੇਖਾਂਗੇ

ਉਸਦਾ

ਜਿਸਨੇ ਸਾਡੇ ਦਰਬਾਰ ਵਿਚ

ਸਾਡੇ ਹੀ ਸਾਹਮਣੇ

ਅਰਜ਼ੀ ਦੀ ਥਾਂ ਆਇਤ ਪੇਸ਼ ਕੀਤੀ ਸੀ

ਅਖੇ : ਇਹ ਧੁਰ ਕੀ ਬਾਣੀ ਏ 

ਕਹਿੰਦਾ ਸੀ :

ਮਾਨ ਛਡ

ਕਿਉਂਕਿ ਇਹ ਅਪਮਾਨ ਦਾ ਹੀ ਦੂਸਰਾ ਨਾਂ ਏ 

ਉਸਤਤਿ ਨਾ ਸੁਣ

ਇਹ ਤੇਰੀ ਨਿੰਦਿਆ ਏ 

ਸਾਡੇ ਦਰਬਾਰ ਵਿਚ 

ਸਾਨੂੰ ਹੀ ਨਸੀਹਤਾਂ 

ਤੇ ਦਾਵਾ ਰਸਾਲਤ ਦਾ 

ਕੁਫ਼ਰ ਦੀ ਵੀ ਕੋਈ ਹਦ ਹੁੰਦੀ ਏ 

ਅਜ ਅਸੀਂ ਵੇਖਾਂਗੇ

ਸ਼ਹਿਰ ਦੇ ਚੁਰਾਹੇ ਵਿਚ ਰੁਲਦਾ

ਉਹ ਆਇਤਗੁਜ਼ਾਰ ਸਿਰ

ਕਿਸ ਤਰ੍ਹਾਂ ਦਾ ਲਗਦਾ ਹੈ

ਅਸਾਂ ਕਿਹਾ : ਕਲਗੀ ਉਤਾਰ ਦੇ

ਤਾਂ ਕੋਲ ਹੀ ਖੜਾ ਉਸਦਾ ਮੁਰੀਦ ਬੋਲਿਆ

‘ਹਜ਼ੂਰ ਇਹ ਸਿਰਫ਼ ਕਲਗੀ ਨਹੀਂ

ਕਿ ਬਾਦਸ਼ਾਹ ਦਾ ਪੁੱਤਰ 

ਆਪਣੇ ਪਿਉ ਦੇ ਸਿਰ ਤੋਂ ਲਾਹ ਕੇ 

ਆਪਣੇ ਸਿਰ ਟੁੰਗ ਲਵੇ

ਇਹ ਤਾਂ ਮੱਥੇ ਨੂੰ ਚੀਰ ਕੇ ਆਪਮੁਹਾਰ ਜਾਗਿਆ

ਅੱਲਾਹ ਦਾ ਨੂਰ

ਇਸ ਨੂੰ ਪਹਿਨਣ ਲਈ

ਤਾਜ ਨਹੀਂ ਸਿਰ ਚਾਹੀਦਾ ਹੈ

ਸਿਰ ਵਿਚ ਸੁਲਗਦੀ

ਬੇਖ਼ੌਫ਼ ਬੇਵੈਰ ਰੱਬ ਦੀ ਲਾਟ 

ਇਹ ਕਿਵੇਂ ਉਤਰੇਗੀ 

ਇਸਨੂੰ ਕੌਣ ਲਾਹੇਗਾ

ਮੱਥੇ ਵਿਚ ਜਾਗਿਆ ਰੱਬ ਕਦੋਂ ਸੌਂਦਾ ਹੈ

ਤੇ ਜੇ ਰੱਬ ਹੀ ਸੌਂ ਗਿਆ

ਤਾਂ ਅਸਾਂ ਜਾਗ ਕੇ ਕੀ ਲੈਣਾ ਹੈ'

ਏਨਾ ਕਹਿ ਕੇ ਮੁਰੀਦ ਚੁਪ ਹੋ ਗਿਆ 

ਸਿਰ ਤੋਂ ਪੈਰ ਤਕ ਅੱਗ ਦਾ ਪਹਾੜ 

ਦਰਬਾਰ ਵਿਚ ਛਾ ਗਈ 

ਖ਼ੌਫ਼ਨਾਕ ਖ਼ਾਮੋਸ਼ੀ

ਹਰ ਕੋਈ ਸੀ ਬੇਜੁੱਰਅਤ ਬੇਜੀਭਾ 

ਹਰ ਕਿਸੇ ਨੂੰ ਖ਼ਤਰਾ ਸੀ 

ਹੁਣੇ ਜ਼ਲਜ਼ਲੇ ਦੀ ਆਮਦ ਹੈ

ਆਖ਼ਰਕਾਰ ਅਸਾਂ ਹੁਕਮ ਸੁਣਾ ਹੀ ਦਿੱਤਾ 

ਕਿ ਕਲਗ਼ੀ ਵਾਲੇ ਤੋਂ ਪਹਿਲਾਂ 

ਇਸ ਚਰਬ-ਜ਼ੁਬਾਨ ਦੇ ਮੱਥੇ ਤੇ ਆਰਾ ਰਖ ਦੇਵੋ 

ਚੀਰ ਦੇਵੋ ਇਸ ਨੂੰ ਤੇ ਫਿਰ ਵੇਖੋ 

ਅੱਲਾਹ ਦਾ ਨੂਰ ਕਿਵੇਂ ਫੁਟ ਨਿਕਲਦਾ ਹੈ 

ਸੁਣਿਐ ਉਹ ਦੁਫਾੜ ਚੀਰਿਆ

ਵੀ ਅੱਗ ਵਾਂਗ ਲਗਦਾ ਸੀ

ਇਹ ਕਾਫ਼ਰ ਬਹੁਤ ਸ਼ੋਬਦੇਬਾਜ਼ ਨੇ

ਤੇ ਉਹ ਕਲਗੀਬਾਜ਼

ਜਿਸ ਦੇ ਮੱਥੇ 'ਚੋਂ ਫੁਟ ਨਿਕਲੀ ਸੀ ਅੱਗ ਦੀ ਲਾਟ 

ਸਾਡੇ ਜੱਲਾਦ ਨੇ ਘੂਕ ਸੁਆ ਦਿੱਤਾ ਹੈ 

ਅਜ ਅਸੀਂ ਵੇਖਾਂਗੇ

ਕਿ ਮਿੱਟੀ ਵਿਚ ਬੁਝਿਆ 

ਉਹ ਮੱਥੇ ਦਾ ਚਿਰਾਗ 

ਕਿਸ ਤਰ੍ਹਾਂ ਦਾ ਲਗਦਾ ਹੈ

ਬਾਦਸ਼ਾਹ ਦਾ ਫ਼ਰਮਾਨ

ਤੇ ਸ਼ਹਿਰ ਦੇ ਆਰ ਪਾਰ

ਧਰਤੀ ਦੀ ਕੰਗਰੋੜ 'ਚੋਂ ਕੰਬਣੀ ਲਹਿਰ ਗਈ 

ਹਵਾ ਸੀ ਯਖ ਮੁਰਦੇਹਾਣ

ਦਿੱਲੀ ਦਾ ਦਿਲ ਡਿਗੂੰ ਡਿਗੂੰ ਕਰਦਾ ਸੀ 

ਰੂਹਬੰਦ ਬੰਦੇ

ਬੈਠ ਗਏ ਘਰਾਂ ਵਿਚ

ਅੰਦਰੋਂ ਤਾਲੇ ਪੱਕੀ ਤਰ੍ਹਾਂ ਜੜ ਕੇ

ਨ੍ਹੇਰੇ ਵਿਚ ਬੁਝੇ ਲੋਕ ਰੱਬ ਨੂੰ ਸੋਚਦੇ ਵੀ ਡਰਦੇ ਸਨ 

ਅਤੇ ਰੱਬ ਮੱਥੇ ਨੂੰ ਚੀਰ ਕੇ 

ਕਲਗੀਦਾਰ ਹੋ ਜਾਏ 

ਹਰ ਕੋਈ ਸੀ ਸੋਚਦਾ

ਹੁਣ ਭਲਾ ਕਿਸ ਦਾ ਸਿਰ ਕੱਟ ਕੇ 

ਕਲਗੀਦਾਰ ਕੀਤਾ ਜਾਏਗਾ

ਕੌਣ ਅੱਜ ਬੇਦੋਸ਼ਾ ਲਟਕੇਗਾ ਸ਼ਹਿਰ-ਦਰਵਾਜ਼ੇ ਤੇ ?

📝 ਸੋਧ ਲਈ ਭੇਜੋ